ਕੌਮਾਂਤਰੀ ਪੇਂਡੂ ਔਰਤ ਦਿਵਸ: ਦੇਸ਼ ਹੀ ਨਹੀਂ ਦੁਨੀਆ ਦੀ ਵੀ ਤਕਦੀਰ ਬਦਲ ਸਕਦੀਆਂ ਨੇ ਪੇਂਡੂ ਔਰਤਾਂ

TeamGlobalPunjab
5 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਔਰਤ ਚਾਹੇ ਪਿੰਡ ਨਾਲ ਸਬੰਧਤ ਹੋਵੇ ਜਾਂ ਸ਼ਹਿਰ ਨਾਲ, ਹੁਣ ਤੱਕ ਉਸਨੇ ਬੜੇ ਕਸ਼ਟ ਸਹੇ ਹਨ ਤੇ ਤਕੜੇ ਸੰਘਰਸ਼ ਕੀਤੇ ਹਨ। ਬੀਤੇ ਸਮੇਂ ਵਿੱਚ ਉਸ ਨਾਲ ਵਿਤਕਰੇ ਵੀ ਹੋਏ ਤੇ ਅਕਹਿ ਜ਼ੁਲਮ ਵੀ ਪਰ ਫਿਰ ਵੀ ਉਹ ਜਰਦੀ ਰਹੀ ਤੇ ਹੱਕਾਂ ਲਈ ਨਿਰੰਤਰ ਲੜਦੀ ਰਹੀ। ਬੇਸ਼ੱਕ ਇੱਕੀਵੀਂ ਸਦੀ ਵਿੱਚ ਵੀ ਔਰਤ ਨਾਲ ਵਿਤਕਰਾ, ਧੱਕਾ ਅਤੇ ਜ਼ੁਲਮ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ ਪਰ ਚੰਗੀ ਗੱਲ ਇਹ ਵੀ ਹੈ ਕਿ ਪੜ੍ਹਾਈ ਲਿਖ਼ਾਈ ਦਾ ਮਿਆਰ ਵਧਣ ਨਾਲ ਔਰਤ ਦੀ ਸੋਚ ਤੇ ਸੰਘਰਸ਼ ਦੀ ਤਾਕਤ ਵਧੀ ਹੈ ਤੇ ਉਸਨੇ ਨਿੱਤ ਨਵੇਂ ਦਿਸਹੱਦਿਆਂ ਨੂੰ ਛੂਹਿਆ ਹੈ। ਸਰਬਉੱਚ ਪਦਵੀਆਂ ਤੇ ਇਨਾਮਾਂ-ਸਨਮਾਨਾਂ ਨੂੰ ਹਾਸਿਲ ਕਰ ਚੁੱਕੀ ਅਜੋਕੀ ਔਰਤ ਪੁਰਸ਼ ਦੇ ਬਰਾਬਰ ਹੀ ਨਹੀਂ ਸਗੋਂ ਉਸ ਤੋਂ ਵੱਧ ਯੋਗਦਾਨ ਪਾ ਕੇ ਪਰਿਵਾਰ,ਦੇਸ਼ ਅਤੇ ਸਮਾਜ ਨੂੰ ਅੱਗੇ ਵਧਾਉਣ ਦਾ ਵੱਡਆਕਾਰੀ ਕਾਰਜ ਰਹੀ ਹੈ।

ਅੱਜ ਕੌਮਾਂਤਰੀ ਪੇਂਡੂ ਔਰਤ ਦਿਵਸ ਹੈ ਤੇ ਸੰਯੁਕਤ ਰਾਸ਼ਟਰ ਦੇ ਉਦਮ ਨਾਲ ਇਹ ਦਿਵਸ ਪਹਿਲੀ ਵਾਰ ਸਾਲ 2008 ਵਿੱਚ ਮਨਾਇਆ ਗਿਆ ਸੀ। ਇਹ ਇੱਕ ਦਿਲਚਸਪ ਤੱਥ ਹੈ ਕਿ ਦੁਨੀਆ ਦੀ ਕੁੱਲ ਆਬਾਦੀ ਦਾ ਇੱਕ ਚੌਥਾਈ ਹਿੱਸਾ ਉਨ੍ਹਾ ਪੇਂਡੂ ਔਰਤਾਂ ਦਾ ਹੈ ਜੋ ਖੇਤ ਜਾਂ ਖੇਤੀ ਖੇਤਰ ਨਾਲ ਜਾਂ ਤਾਂ ਸਿੱਧੇ ਤੌਰ ‘ਤੇ ਜੁੜੀਆਂ ਹਨ ਜਾਂ ਫਿਰ ਖੇਤੀ ਆਧਾਰਿਤ ਸਨਅਤਾਂ ਵਿੱਚ ਕੰਮ ਕਰਕੇ ਰੋਜ਼ੀ ਰੋਟੀ ਕਮਾਉਂਦੀਆਂ ਹਨ। ਸਮੁੱਚੀ ਦੁਨੀਆ ਦੀ ਖੇਤੀਬਾੜੀ ਵਾਲੀ ਜ਼ਮੀਨ ਦਾ 20 ਫ਼ੀਸਦੀ ਤੋਂ ਘੱਟ ਹਿੱਸਾ ਔਰਤਾਂ ਦੇ ਨਾਂ ਹੈ ਅਤੇ ਪੇਂਡੂ ਇਲਾਕਿਆਂ ਵਿੱਚ ਖੇਤੀ ਖੇਤਰ ਦੀਆਂ ਦਿਹਾੜੀਦਾਰ ਔਰਤਾਂ ਦਾ ਮਿਹਨਤਾਨਾ ਪੁਰਸ਼ਾਂ ਦੇ ਮੁਕਾਬਲੇ 40 ਫ਼ੀਸਦੀ ਘੱਟ ਹੈ। ਵਿੱਤੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਬੰਧੂਆ ਮਜ਼ਦੂਰੀ ਅਤੇ ਪੁਰਸ਼-ਔਰਤ ਦੀਆਂ ਮਿਹਨਤਾਨਾ ਦਰਾਂ ਵਿਚਲੇ ਅੰਤਰ ਨੂੰ ਸੰਨ 2025 ਤੱਕ 25 ਫ਼ੀਸਦੀ ਵੀ ਘੱਟ ਕਰ ਲਿਆ ਜਾਵੇ ਤਾਂ ਦੁਨੀਆ ਦਾ ਜੀ.ਡੀ.ਪੀ.ਚਾਰ ਫ਼ੀਸਦੀ ਦੇ ਕਰੀਬ ਵਧ ਸਕਦਾ ਹੈ। ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ ਜੇਕਰ ਪੇਂਡੂ ਖੇਤਰ ਦੀਆਂ ਕਿਸਾਨੀ ਨਾਲ ਸਬੰਧਿਤ ਔਰਤਾਂ ਦੀ ਪਹੁੰਚ ਵਾਹੀਯੋਗ ਜ਼ਮੀਨ,ਸੰਦਾਂ,ਸਿੱਖਿਆ ਅਤੇ ਮਾਰਕੀਟਿੰਗ ਤੱਕ ਹੋ ਜਾਵੇ ਤਾਂ ਦੁਨੀਆ ਭਰ ਦੇ ਕੁੱਲ ਅੰਨ ਉਤਪਾਦਨ ਵਿੱਚ ਇੰਨਾ ਕੁ ਵਾਧਾ ਜ਼ਰੂਰ ਹੋ ਸਕਦਾ ਹੈ ਜਿਸ ਨਾਲ ਵਿਸ਼ਵ ਭਰ ਦੇ ਭੁੱਖਮਰੀ ਦੇ ਸ਼ਿਕਾਰ ਲੋਕਾਂ ਵਿੱਚੋਂ 100 ਤੋਂ 150 ਮਿਲੀਅਨ ਲੋਕਾਂ ਦੀ ਸੰਖਿਆ ਘੱਟ ਕੀਤੀ ਜਾ ਸਕਦੀ ਹੈ।

ਭਾਰਤ ਵਿੱਚ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਵੀ 15 ਅਕਤੂਬਰ ਦਾ ਦਿਨ ‘ਕੌਮੀ ਮਹਿਲਾ ਕਿਸਾਨ ਦਿਵਸ’ ਵਜੋਂ ਮਨਾਇਆ ਜਾਂਦਾ ਹੈ ਤੇ ਇਸ ਦਿਨ ਖੇਤੀ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ ਤੇ ਸਲਾਹਿਆ ਤੇ ਸਨਮਾਨਿਆ ਜਾਦਾ ਹੈ। ਇਸ ਦੇ ਬਾਵਜੂਦ ਭਾਰਤ ਦੇ ਅਧਿਕਤਰ ਖੇਤੀ ਜਾਂ ਵਿੱਤੀ ਮਾਹਿਰ ਇਹ ਮੰਨਦੇ ਹਨ ਕਿ ਭਾਰਤ ਵਿੱਚ ‘ ਖੇਤੀਬਾੜੀ ਖਿੱਤੇ ਅੰਦਰ ਮਹਿਲਾਵਾਂ ਪੱਖੀ ਵਿਚਾਰਧਾਰਾ ‘ ਦੀ ਬੜੀ ਵੱਡੀ ਘਾਟ ਹੈ ਤੇ ਇਸ ਖਿੱਤੇ ਵਿੱਚ ਔਰਤ ਦੇ ਯੋਗਦਾਨ ਨੂੰ ਬੜਾ ਹੀ ਘੱਟ ਪਛਾਣਿਆ ਤੇ ਸਲਾਹਿਆ ਜਾਂਦਾ ਹੈ ਜਦੋਂ ਕਿ ਸਿਵਾਇ ਹੱਲ ਵਾਹੁਣ ਦੇ ਬਾਕੀ ਦੇ ਸਾਰੇ ਖੇਤੀ ਕਾਰਜਾਂ ਜਿਵੇਂ ਬੀਜ ਚੋਣ ,ਬੀਜ ਸੰਭਾਲ,ਬਿਜਾਈ,ਨਦੀਨ ਪੁੱਟਣਾ,ਕਟਾਈ ਅਤੇ ਪਰਾਲੀ ਜਾਂ ਤੂੜੀ ਦੀ ਸਾਂਭ-ਸੰਭਾਲ ਵਿੱਚ ਔਰਤਾਂ ਦਾ ਬਰਾਬਰ ਦਾ ਯੋਗਦਾਨ ਹੁੰਦਾ ਹੈ। ਤ੍ਰਾਸਦੀ ਤਾਂ ਇਹ ਹੈ ਕਿ ਮਹਿਲਾ ਵਰਗ ਨੂੰ ਖੇਤੀ ਸਬੰਧਿਤ ਅਤੇ ਘਰੇਲੂ ਕੰਮਾਂ ਭਾਵ ਦੋਵਾਂ ਖੇਤਰਾਂ ਵਿੱਚ ਖ਼ੂਨ-ਪਸੀਨਾ ਇੱਕ ਕਰਨਾ ਪੈਂਦਾ ਹੈ ਤੇ ਬਹੁਤੀ ਵਾਰ ਪਰਿਵਾਰ ਦੀ ਔਰਤ ਦਾ ਇਹ ਮਹੱਤਵਪੂਰਨ ਯੋਗਦਾਨ ਅਣਗੌਲਿਆ ਹੀ ਚਲਾ ਜਾਂਦਾ ਹੈ।

- Advertisement -

ਫ਼ੂਡ ਐਂਡ ਐਗਰੀਕਲਚਰ ਆਰਗਨਾਈਜ਼ੇਸ਼ਨ ਭਾਵ ਐਫ਼.ਏ.ਓ. ਵੱਲੋਂ ਕਰਵਾਏ ਗਏ ਇੱਕ ਸਰਵੇ ਅਨੁਸਾਰ ਜੇਕਰ ਭਾਰਤ ਜਿਹੇ ਹੋਰ ਵਿਕਾਸਸ਼ੀਲ ਮੁਲਕਾਂ ਵਿੱਚ ਜੇਕਰ ਖੇਤੀ ਖੇਤਰ ਨਾਲ ਜੁੜੀਆਂ ਔਰਤਾਂ ਦੀ ਪੁਰਸ਼ਾਂ ਵਾਂਗ ਸਾਰੇ ਸਰੋਤਾਂ ਤੱਕ ਬਰਾਬਰ ਦੀ ਪੰਹੁਚ ਹੁੰਦੀ ਤਾਂ ਇਨ੍ਹਾ ਮੁਲਕਾਂ ਦੀ ਖੇਤੀ ਉਪਜ ਵਿੱਚ 20 ਤੋਂ 30 ਫ਼ੀਸਦੀ ਵਾਧਾ ਹੋ ਜਾਂਦਾ ਜੋ ਕਿ ਇਨ੍ਹਾ ਮੁਲਕਾਂ ਅੰਦਰ ਪਸਰੀ ਭੁੱਖਮਰੀ ਨੂੰ ਖ਼ਤਮ ਕਰਨ ਦੇ ਕੰਮ ਆਉਂਦਾ। ਦੁਨੀਆ ਦੀ ਗੱਲ ਛੱਡ ਕੇ ਜੇਕਰ ਕੇਵਲ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਪੇਂਡੂ ਖੇਤਰ ਦੀਆਂ 85 ਫ਼ੀਸਦੀ ਔਰਤਾਂ ਕਿਸਾਨੀ ਨਾਲ ਜੁੜੀਆਂ ਹਨ ਪਰ ਜ਼ਮੀਨ ਦੀ ਮਲਕੀਅਤ ਕੇਵਲ 5 ਫ਼ੀਸਦੀ ਔਰਤਾਂ ਦੇ ਨਾਂ ਹੈ। ਖੇਤੀ ਖੇਤਰ ਦੀਆਂ ਬੇਜ਼ਮੀਨ ਮਜ਼ਦੂਰ ਔਰਤਾਂ ਦੀ ਹਾਲਤ ਤਾਂ ਹੋਰ ਵੀ ਬਦਤਰ ਹੈ। ਐਫ਼.ਏ.ਓ.ਦਾ ਮਤ ਹੈ ਕਿ ਖੇਤੀ ਆਧਾਰਿਤ ਰੁਜ਼ਗਾਰ ਵਿੱਚ ਔਰਤਾਂ ਦੀ ਹਿੱਸੇਦਾਰੀ 48 ਫ਼ੀਸਦੀ ਹੈ ਜਦੋਂ ਕਿ ਸਾਢੇ ਸੱਤ ਕਰੋੜ ਔਰਤਾਂ ਦੁਧਾਰੂ ਪਸ਼ੂਆਂ ਦੀ ਸਾਂਭ-ਸੰਭਾਲ ਨਾਲ ਸਿੱਧੇ ਤੌਰ ‘ਤੇ ਜੁੜੀਆਂ ਹੋਈਆਂ ਹਨ।

ਸੋ ਮੁੱਕਦੀ ਗੱਲ ਹੈ ਕਿ ਕਿਸਾਨੀ ਨਾਲ ਜੁੜੀਆਂ ਪੇਂਡੂ ਖੇਤਰ ਦੀਆਂ ਔਰਤਾਂ ਦਾ ਯੋਗਦਾਨ ਵੱਡਾ ਤੇ ਮਹੱਤਵਪੂਰਨ ਹੈ ਪਰ ਅਣਗੌਲਿਆ ਹੈ। ਅੱਜ ਦਾ ਦਿਨ ਉਸ ਵਡਮੁੱਲੇ ਯੋਗਦਾਨ ਨੂੰ ਪਛਾਣਨ ਤੇ ਸਲਾਹੁਣ ਦਾ ਹੈ ਤਾਂ ਜੋ ਦੇਸ਼ ਦੀ ਖੇਤੀ ਅਤੇ ਖੇਤੀ ਨੀਤੀ ਨੂੰ ਇੱਕ ਨਵੀਂ ਦਿਸ਼ਾ ਦੇ ਕੇ ਖੇਤੀ ਦੀ ਦਸ਼ਾ ਸੁਧਾਰੀ ਜਾ ਸਕੇ ਤੇ ਇਸਨੂੰ ਬਦਹਾਲ ਦੀ ਇੱਕ ਖ਼ੁਸ਼ਹਾਲ ਕਿੱਤਾ ਬਣਾਇਆ ਜਾ ਸਕੇ।

ਮੋਬਾਇਲ: 97816-46008

Share this Article
Leave a comment