ਚੰਡੀਗੜ੍ਹ, 28 ਮਾਰਚ: ਜਲੰਧਰ ਦੇ ਪਾਦਰੀ ਬਜਿੰਦਰ ਸਿੰਘ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਮੁਹਾਲੀ ਅਦਾਲਤ ਨੇ ਅੱਜ (ਸ਼ੁੱਕਰਵਾਰ) ਨੂੰ ਦੋਸ਼ੀ ਕਰਾਰ ਦਿੱਤਾ ਹੈ। ਨਾਲ ਹੀ ਅਦਾਲਤ ਨੇ ਪਾਦਰੀ ਦੀ ਸਜ਼ਾ ਬਾਰੇ 1 ਅਪ੍ਰੈਲ ਦੀ ਤਰੀਕ ਵੀ ਦਿੱਤੀ ਹੈ। ਪਾਦਰੀ ਬਜਿੰਦਰ ਨੂੰ 1 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ।
ਦੱਸ ਦਈਏ ਕਿ ਜ਼ੀਰਕਪੁਰ ਦੀ ਔਰਤ ਨਾਲ ਬਲਾਤਕਾਰ ਦੇ ਮਾਮਲੇ ‘ਚ ਨਾਮਜ਼ਦ ਪਾਸਟਰ ਬਜਿੰਦਰ ਸਿੰਘ ਸੋਮਵਾਰ ਨੂੰ ਅਦਾਲਤ ‘ਚ ਪੇਸ਼ ਹੋਏ ਸਨ। ਉਸ ਦਿਨ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅੱਜ ਯਾਨੀ ਸ਼ੁੱਕਰਵਾਰ (28 ਮਾਰਚ) ਨੂੰ ਮਾਮਲੇ ਦੀ ਸੁਣਵਾਈ ਹੋਈ ਅਤੇ ਪਾਦਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ।
ਦੱਸ ਦਈਏ ਕਿ ਪੀੜਤਾ ਦੀ ਸ਼ਿਕਾਇਤ ‘ਤੇ ਜ਼ੀਰਕਪੁਰ ਪੁਲਿਸ ਨੇ ਪਾਸਟਰ ਬਜਿੰਦਰ ਸਿੰਘ ਸਮੇਤ ਕੁੱਲ 7 ਲੋਕਾਂ ‘ਤੇ ਮਾਮਲਾ ਦਰਜ ਕੀਤਾ ਸੀ। ਕੇਸ ਵਿੱਚ ਪਾਦਰੀ ਦੇ ਨਾਲ-ਨਾਲ ਅਕਬਰ ਭੱਟੀ, ਰਾਜੇਸ਼ ਚੌਧਰੀ, ਸੁੱਚਾ ਸਿੰਘ, ਜਤਿੰਦਰ ਕੁਮਾਰ, ਸਿਤਾਰ ਅਲੀ ਅਤੇ ਸੰਦੀਪ ਉਰਫ਼ ਪਹਿਲਵਾਨ ਨੂੰ ਨਾਮਜ਼ਦ ਕੀਤਾ ਗਿਆ ਸੀ। ਨਾਲ ਹੀ ਇਸ ਮਾਮਲੇ ਵਿੱਚ ਆਈਪੀਸੀ ਦੀਆਂ ਧਾਰਾਵਾਂ 376, 420, 354, 294, 323, 506, 148 ਅਤੇ 149 ਵੀ ਲਗਾਈਆਂ ਗਈਆਂ ਹਨ।
ਪੀੜਤ ਔਰਤ ਨੇ ਪੁਲੀਸ ਨੂੰ ਦੱਸਿਆ ਸੀ ਕਿ ਪਿੰਡ ਤਾਜਪੁਰ ਵਿੱਚ ‘ਦਿ ਚਰਚ ਆਫ਼ ਗਲੋਰੀ ਐਂਡ ਵਿਜ਼ਡਮ’ ਦੇ ਪਾਦਰੀ ਬਜਿੰਦਰ ਸਿੰਘ ਨੇ ਜਲੰਧਰ ਵਿੱਚ ਉਸ ਨਾਲ ਗਲਤ ਹਰਕਤਾਂ ਕੀਤੀਆਂ। ਇਨਾ ਹੀ ਨਹੀਂ, ਉਸ ਦਾ ਫੋਨ ਨੰਬਰ ਲੈ ਕੇ ਅਸ਼ਲੀਲ ਮੈਸੇਜ ਭੇਜਣੇ ਵੀ ਸ਼ੁਰੂ ਕਰ ਦਿੱਤੇ।
ਪਾਦਰੀ ਬਜਿੰਦਰ ਸਿੰਘ ਵਿਰੁੱਧ ਮਾਮਲੇ ‘ਚ ਪੀੜਤ ਔਰਤ ਨੇ ਬੀਤੇ ਕੱਲ੍ਹ ਵੀ ਇਕ ਪ੍ਰੈੱਸ ਕਾਨਫਰੰਸ ਕਰ ਕੇ ਗੰਭੀਰ ਦੋਸ਼ ਲਗਾਏ। ਔਰਤ ਨੇ ਦਾਅਵਾ ਕੀਤਾ ਕਿ ਪੁਲਿਸ ਜਾਣਬੁੱਝ ਕੇ ਪਾਦਰੀ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ, ਜਦਕਿ ਉਸਦੀ ਜਾਨ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।