ਟੋਰਾਂਟੋ: ਪਾਸਪੋਰਟ ਮਿਲਣ ਲਈ ਹੁਣ ਲੰਬੀ ਉਡੀਕ ਕਰਨ ਦੀ ਬਜਾਏ ਹੁਣ ਕੈਨੇਡਾ ਵਾਸੀ ਸਰਵਿਸ ਕੈਨੇਡਾ ਨੂੰ ਵਿਦੇਸ਼ ਜਾਣ ਦੀ ਝੂਠੀ ਕਹਾਣੀ ਸੁਣਾ ਕੇ ਜਲਦ ਤੋਂ ਜਲਦ ਪਾਸਪੋਰਟ ਹਾਸਲ ਕਰ ਰਹੇ ਹਨ। ਕਿਤੇ ਨਾਂ ਕਿਤੇ ਇਹ ਝੂਠੀਆਂ ਕਹਾਣੀਆਂ ਅਸਰਦਾਰ ਵੀ ਸਾਬਤ ਹੋ ਰਹੀਆਂ ਹਨ। ਅਸਲ ‘ਚ ਟਰੈਵਲ ਏਜੰਟਾਂ ਵਲੋਂ ਲੋਕਾਂ ਨੂੰ ਇਹ ਸੁਝਾਅ ਦਿੱਤਾ ਹੈ ਪਰ ਇਸ ਦਾ ਖਮਿਆਜ਼ਾ ਹੋਰਾਂ ਨੂੰ ਭੁਗਤਣਾ ਪੈ ਰਿਹਾ ਹੈ।
ਉੱਥੇ ਹੀ ਦੂਜੇ ਪਾਸੇ ਕੈਨੇਡਾ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਾਸਪੋਰਟ ਹਾਸਲ ਕਰਨ ਲਈ ਕੌਮਾਂਤਰੀ ਸਫ਼ਰ ਦੀਆਂ ਝੂਠੀਆਂ ਕਹਾਣੀਆਂ ਨਾਂ ਬਣਾਈਆਂ ਜਾਣ। ਕੈਨੇਡਾ ਤੋਂ ਅਮਰੀਕਾ ਜਾਣ ਵਾਲੀਆਂ ਜ਼ਿਆਦਾਤਰ ਫਲਾਈਟਸ ਬੁੱਕ ਕਰਨ ਲਈ ਪਾਸਪੋਰਟ ਨੰਬਰ ਦੀ ਜ਼ਰੂਰਤ ਨਹੀਂ ਪੈਂਦੀ ਅਤੇ 24 ਘੰਟੇ ਦੇ ਅੰਦਰ ਬੁਕਿੰਗ ਰੱਦ ਕਰਨ ’ਤੇ ਪੂਰੀ ਰਕਮ ਵਾਪਸ ਮਿਲ ਜਾਂਦੀ ਹੈ।
ਫਲਾਈਟ ਬੁਕਿੰਗਜ਼ ਦਿਖਾ ਕੇ ਲੋਕ ਤਰਜੀਹੀ ਆਧਾਰ ‘ਤੇ ਆਪਣੇ ਪਾਸਪੋਰਟ ਬਣਵਾ ਰਹੇ ਹਨ ਜਦਕਿ ਉਨ੍ਹਾਂ ਨੇ ਕਿਤੇ ਵੀ ਨਹੀਂ ਜਾਣਾ ਹੁੰਦਾ। ਦੂਜੇ ਪਾਸੇ ਪਾਸਪੋਰਟ ਲਈ ਲੋਕਾਂ ਦੀ ਭੱਜ-ਦੌੜ ਦਾ ਕੁਝ ਲੋਕ ਫਾਇਦਾ ਚੁੱਕ ਰਹੇ ਹਨ ਅਤੇ ਇੱਕ ਹਜ਼ਾਰ ਡਾਲਰ ਦਿਹਾੜੀ ਤੱਕ ਕਮਾਈ ਕੀਤੀ ਜਾ ਰਹੀ ਹੈ।
ਇੱਕ ਰਿਪੋਰਟ ਮੁਤਾਬਕ ਟੋਰਾਂਟੋ ਦਾ ਇੱਕ ਵਿਅਕਤੀ ਪਿਛਲੇ ਦੋ ਮਹੀਨੇ ਤੋਂ ਇਹੀ ਕੰਮ ਕਰ ਰਿਹਾ ਹੈ ਅਤੇ 10 ਮੁਲਾਜ਼ਮ ਵੀ ਰੱਖ ਲਏ ਹਨ। ਇਨ੍ਹਾਂ ਮੁਲਾਜ਼ਮਾਂ ਦਾ ਕੰਮ ਸਰਵਿਸ ਕੈਨੇਡਾ ਦੇ ਦਫ਼ਤਰਾਂ ਵਿੱਚ ਜਾਕੇ ਇਹ ਦੇਖਣਾ ਹੁੰਦਾ ਹੈ ਕਿ ਕਿੰਨੇ ਬਿਨੈਕਾਰ ਲਾਈਨ ‘ਚੋਂ ਗੈਰਹਾਜ਼ਰ ਹਨ ਅਤੇ ਇਸ ਬਾਰੇ ਤੁਰੰਤ ਹੋਰਾਂ ਨੂੰ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਪਰ ਇਸ ਲਈ ਮੋਟੀ ਰਕਮ ਵਸੂਲੀ ਜਾ ਰਹੀ ਹੈ।
ਇਥੇ ਦੱਸਣਯੋਗ ਹੈ ਕਿ ਇਸ ਸਾਲ 11 ਅਗਸਤ ਤੱਕ ਲਗਭਗ 11 ਲੱਖ ਪਾਸਪੋਰਟ ਅਰਜ਼ੀਆਂ ਸਰਵਿਸ ਕੈਨੇਡਾ ਕੋਲ ਪੁੱਜੀਆਂ। ਸਰਵਿਸ ਕੈਨੇਡਾ ਵੱਲੋਂ ਉਨ੍ਹਾਂ ਲੋਕਾਂ ਦੇ ਪਾਸਪੋਰਟ ਪਹਿਲ ਦੇ ਆਧਾਰ ‘ਤੇ ਬਣਾਏ ਜਾ ਰਹੇ ਹਨ ਜਿਨ੍ਹਾਂ ਨੇ ਭਵਿੱਖ ਵਿੱਚ ਵਿਦੇਸ਼ ਜਾਣਾ ਹੈ ਪਰ ਲੋਕਾਂ ਨੇ ਇਸ ਢਿੱਲ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਪਾਸਪੋਰਟ ਸੇਵਾਵਾਂ ਲਈ ਜ਼ਿੰਮੇਵਾਰ ਮੰਤਰੀ ਕਰੀਨਾ ਗੌਲਡ ਨੇ ਲੋਕਾਂ ਨੂੰ ਝੂਠੀਆਂ ਕਹਾਣੀਆਂ ਨਾਂ ਘੜਨ ਦੀ ਅਪੀਲ ਕਰਦਿਆਂ ਕਿਹਾ ਕਿ ਸਮੇਂ ਸਿਰ ਪਾਸਪੋਰਟ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਲੋਕ ਇਹ ਗਲਤਫ਼ਹਿਮੀ ਆਪਣੇ ਦਿਮਾਗ ‘ਚੋਂ ਕੱਢ ਦੇਣ ਕਿ ਇੱਕ ਫਲਾਈਟ ਬੁੱਕ ਕਰ ਕੇ 48 ਘੰਟੇ ਦੇ ਅੰਦਰ ਪਾਸਪੋਰਟ ਹਾਸਲ ਕਰ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ 500 ਨਵੇਂ ਮੁਲਾਜ਼ਮਾਂ ਦੀ ਭਰਤੀ ਅਤੇ ਓਵਰ ਟਾਈਮ ਕਾਰਨ ਦਫਤਰਾਂ ਬਾਹਰ ਲਾਈਨਾਂ ਛੋਟੀਆਂ ਹੋ ਚੁੱਕੀਆਂ ਹਨ।
ਇਸ ਤੋਂ ਇਲਾਵਾ ਓਨਟਾਰੀਓ, ਐਲਬਰਟਾ, ਬੀ.ਸੀ. ਅਤੇ ਕਿਊਬੈਕ ਵਿੱਚ ਪੰਜ ਨਵੀਆਂ ਲੋਕੇਸ਼ਨਾਂ ‘ਤੇ ਪਾਸਪੋਰਟ ਪਿੱਕਅਪ ਦੀ ਸਹੂਲਤ ਦਿੱਤੀ ਗਈ ਜਦਕਿ ਬਿਨੈਕਾਰਾਂ ਨੂੰ ਸਰਵਿਸ ਕੈਨੇਡਾ ਦੇ ਕਿਸੇ ਵੀ ਦਫ਼ਤਰ ਵਿੱਚ ਆਪਣੀ ਅਰਜ਼ੀ ਤਬਦੀਲ ਕਰਨ ਦੀ ਖੁੱਲ੍ਹ ਵੀ ਦਿੱਤੀ ਗਈ ਹੈ। ਇਨ੍ਹਾਂ ਪ੍ਰਬੰਧਾਂ ਦੇ ਬਾਵਜੂਦ ਲੋਕਾਂ ਵਿੱਚ ਰੋਸ ਹੈ ਕਿ ਪਾਸਪੋਰਟ ਪ੍ਰਸੈਸਿੰਗ ਦੇ ਸਟੇਟਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਤੇ ਫੋਨ ਕਰਨ ‘ਤੇ ਕੋਈ ਜਵਾਬ ਨਹੀਂ ਮਿਲਦਾ।