ਪਰਮੀਸ਼ ਵਰਮਾ ਨੇ ਤੋੜੀ ਚੁੱਪੀ, ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਕੀਤੀ ਪੁਸ਼ਟੀ, ਬਿਆਨ ਕੀਤਾ ਜਾਰੀ

Global Team
3 Min Read

ਨਿਊਜ਼ ਡੈਸਕ: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ’ਤੇ ਚੁੱਪੀ ਤੋੜ ਦਿੱਤੀ ਹੈ। ਪਰਮੀਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਪਤਨੀ ਗੀਤ ਗਰੇਵਾਲ ਨਾਲ ਆਪਣੇ ਤਲਾਕ ਦੀ ਪੁਸ਼ਟੀ ਕੀਤੀ ਹੈ।

ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦਾ ਵਿਆਹ 21 ਅਕਤੂਬਰ 2021 ਨੂੰ ਕੈਨੇਡਾ ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਭਾਰਤ ਵਿੱਚ ਇੱਕ ਰਿਸੈਪਸ਼ਨ ਪਾਰਟੀ ਵੀ ਰੱਖੀ ਗਈ ਸੀ। ਗੀਤ ਗਰੇਵਾਲ ਰਾਜਸੀ ਪਰਿਵਾਰ ਨਾਲ ਸਬੰਧਤ ਹਨ ਅਤੇ ਪੇਸ਼ੇ ਤੋਂ ਵਕੀਲ ਹਨ।

ਦੋਵਾਂ ਦੇ ਘਰ ਸਾਲ 2022 ਵਿੱਚ ਇੱਕ ਧੀ ਨੇ ਜਨਮ ਲਿਆ ਸੀ। ਹਾਲਾਂਕਿ ਪਿਛਲੇ ਕਰੀਬ ਇੱਕ ਸਾਲ ਤੋਂ ਦੋਵਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਲਗਾਤਾਰ ਚਰਚਾ ਵਿੱਚ ਸਨ। ਜਨਵਰੀ 2026 ਵਿੱਚ ਦੋਵਾਂ ਦੇ ਵੱਖ ਹੋਣ ਨਾਲ ਸਬੰਧਤ ਇੱਕ ਕਥਿਤ ਦਸਤਾਵੇਜ਼ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਉਸ ਸਮੇਂ ਪਰਮੀਸ਼ ਅਤੇ ਗੀਤ ਵੱਲੋਂ ਇਸ ਮਾਮਲੇ ’ਤੇ ਕੋਈ ਜਨਤਕ ਬਿਆਨ ਨਹੀਂ ਦਿੱਤਾ ਗਿਆ ਸੀ।

‘ਪੁਰਸ਼ ਹੋਣ ਦਾ ਵੀ ਇੱਕ ਹਿੱਸਾ ਹੈ ਇਹ’

ਹੁਣ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਪਰਮੀਸ਼ ਵਰਮਾ ਨੇ ਇਸ ਮਾਮਲੇ ’ਤੇ ਆਪਣੀ ਗੱਲ ਰੱਖੀ ਹੈ। ਉਨ੍ਹਾਂ ਨੇ ਲਿਖਿਆ ਕਿ ਇੱਕ ਪੁਰਸ਼ ਹੋਣਾ ਕਈ ਵਾਰ ਵਿਅਕਤੀ ਨੂੰ ਮਨੋਵਿਗਿਆਨਕ ਤੌਰ ’ਤੇ ਬਲੀ ਦਾ ਬਕਰਾ ਬਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਨੋਵਿਗਿਆਨ ਨੂੰ ਸਮਝਦੇ ਹਨ ਅਤੇ ਬਿਨਾਂ ਕਿਸੇ ਨਾਰਾਜ਼ਗੀ ਦੇ ਇਸ ਬੋਝ ਨੂੰ ਸਵੀਕਾਰ ਕਰਦੇ ਹਨ।

ਪਰਮੀਸ਼ ਨੇ ਆਪਣੀ ਪੋਸਟ ਵਿੱਚ ਆਪਣੇ ਮੁਸ਼ਕਲ ਸਮੇਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਉਹ ਡੁੱਬ ਰਹੇ ਸਨ ਤਾਂ ਉਨ੍ਹਾਂ ਨੂੰ ਬਚਾਉਣ ਲਈ ਕੋਈ ਨਹੀਂ ਆਇਆ। ਉਨ੍ਹਾਂ ਨੇ ਆਪਣੇ ਕੀਤੇ ਦੇ ਨਤੀਜਿਆਂ ਦਾ ਖ਼ੁਦ ਸਾਹਮਣਾ ਕੀਤਾ ਅਤੇ ਆਪਣੇ ਦਰਦ ਵਿੱਚੋਂ ਨਿਕਲ ਕੇ ਅੱਗੇ ਵਧੇ। ਉਨ੍ਹਾਂ ਮੁਤਾਬਕ ਇਹ ਵੀ ਇੱਕ ਪੁਰਸ਼ ਹੋਣ ਦਾ ਹਿੱਸਾ ਹੈ।

‘ਕੜਵਾਹਟ ਨੂੰ ਮਰਦਾਨਗੀ ਸਮਝਣਾ ਗਲਤੀ’

ਪਰਮੀਸ਼ ਨੇ ਅੱਗੇ ਕਿਹਾ ਕਿ ਆਪਣੀ ਸਾਬਕਾ ਪਤਨੀ ਦਾ ਸਤਿਕਾਰ ਕਰਨਾ, ਅੱਜ ਆਪਣੀ ਜ਼ਿੰਦਗੀ ਵਿੱਚ ਮੌਜੂਦ ਔਰਤ ਦਾ ਸਨਮਾਨ ਕਰਨਾ ਅਤੇ ਕੜਵਾਹਟ ਨੂੰ ਮਰਦਾਨਗੀ ਸਮਝਣ ਦੀ ਗਲਤੀ ਨਾ ਕਰਨਾ ਹੀ ਅਸਲ ਅਨੁਸ਼ਾਸਨ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਕਮਜ਼ੋਰੀ ਨੂੰ ਗੁਣ ਵਜੋਂ ਪੇਸ਼ ਕਰਨਾ, ਭੀੜ ਦਾ ਹਿੱਸਾ ਬਣ ਕੇ ਕਾਇਰਾਂ ਵਾਂਗ ਚੱਲਣਾ ਜਾਂ ਧਿਆਨ ਅਤੇ ਪੈਸੇ ਲਈ ਕਿਸੇ ਏਜੰਡੇ ਨੂੰ ਉਤਸ਼ਾਹਿਤ ਕਰਨਾ ਮਰਦਾਨਗੀ ਨਹੀਂ ਹੈ।

ਪਰਮੀਸ਼ ਨੇ ਸਪੱਸ਼ਟ ਕੀਤਾ ਕਿ ਉਹ ਭੀੜ ਦੇ ਨਾਲ ਚੱਲਣ ਦੀ ਬਜਾਏ ਆਪਣੇ ਫ਼ੈਸਲਿਆਂ ’ਤੇ ਸਿੱਧੇ ਖੜ੍ਹੇ ਰਹਿਣ ਲਈ ਮਿਲਣ ਵਾਲੀ ਨਫ਼ਰਤ ਨੂੰ ਸਹਿਣਾ ਪਸੰਦ ਕਰਨਗੇ।

ਹਰਮਨ ਬਰਾੜ ਨਾਲ ਨਵੀਂ ਜ਼ਿੰਦਗੀ ਦੇ ਸੰਕੇਤ?

ਪਰਮੀਸ਼ ਵਰਮਾ ਦੀ ਇਸ ਪੋਸਟ ਦੇ ਨਾਲ ਹੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇੱਕ ਹੋਰ ਚਰਚਾ ਵੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੇ ਮਾਡਲ ਅਤੇ ਅਦਾਕਾਰਾ ਹਰਮਨ ਬਰਾੜ ਨਾਲ ਰਿਸ਼ਤੇ ਦੀਆਂ ਚਰਚਾਵਾਂ ਵੀ ਸਾਹਮਣੇ ਆ ਰਹੀਆਂ ਹਨ।

ਪਰਮੀਸ਼ ਦੀ ਪੋਸਟ ਵਿੱਚ ਹਰਮਨ ਬਰਾੜ ਨਾਲ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਵੱਲ ਇਸ਼ਾਰਾ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਇਸ ਸਬੰਧੀ ਹੋਰ ਕੋਈ ਵਿਸਥਾਰ ਸਾਹਮਣੇ ਨਹੀਂ ਆਇਆ ਹੈ।

Share This Article
Leave a Comment