ਇੰਝ ਲਗਦਾ ਹੈ ਜਿਵੇਂ ਪੰਜਾਬੀ ਕਲਾਕਾਰਾਂ ਦਾ ਵਿਵਾਦਾਂ ਨਾਲ ਗਹਿਰਾ ਹੀ ਰਿਸ਼ਤਾ ਬਣ ਗਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੀਤੇ ਦਿਨੀਂ ਜਿੱਥੇ ਸਿੱਧੂ ਮੂਸੇ ਵਾਲਾ, ਰੰਧਾਵਾ ਬ੍ਰਦਰਜ਼ ਅਤੇ ਐਲੀ ਮਾਂਗਟ ਵਿਵਾਦਾਂ ‘ਚ ਘਿਰੇ ਰਹੇ ਹੁਣ ਵਿਵਾਦਾਂ ਦੀ ਇਹ ਗਾਜ਼ ਪਰਮੀਸ਼ ਵਰਮਾ ਵੱਲ ਜਾਂਦੀ ਨਜ਼ਰ ਆ ਰਹੀ ਹੈ। ਇਸ ਦਾ ਕਾਰਨ ਹੈ ਵਾਇਰਲ ਹੋਈ ਇੱਕ ਅਜਿਹੀ ਵੀਡੀਓ ਜਿਸ ਵਿੱਚ ਉਹ ਬੁਲਟ ਚਲਾ ਰਹੇ ਹਨ। ਦਰਅਸਲ ਇਹ ਵਾਇਰਲ ਹੋ ਰਹੀ ਵੀਡੀਓ ਕਿੱਥੋਂ ਦੀ ਹੈ ਇਹ ਤਾਂ ਅਜੇ ਪਤਾ ਨਹੀਂ ਲੱਗ ਸਕਿਆ ਪਰ ਇਸ ਵੀਡੀਓ ਵਿੱਚ ਉਹ ਟ੍ਰੈਫਿਕ ਨਿਯਮਾਂ ਨੂੰ ਤੋੜਦੇ ਹੋਏ ਦਿਖਾਈ ਦੇ ਰਹੇ ਹਨ।
ਪਰਮੀਸ਼ ਇਸ ਵੀਡੀਓ ਵਿੱਚ ਬੁਲਟ ਚਲਾਉਂਦੇ ਹੋਏ ਜਾ ਰਹੇ ਹਨ ਅਤੇ ਇਸ ਦੌਰਾਨ ਇੱਕ ਹੋਰ ਵਿਅਕਤੀ ਵੀ ਉਨ੍ਹਾਂ ਦੇ ਪਿੱਛੇ ਬੈਠਾ ਹੋਇਆ ਹੈ। ਪ੍ਰਸਿੱਧ ਕਲਾਕਾਰ ਸ਼ਰੇਆਮ ਬਿਨਾਂ ਹੈਲਮਟ ਤੋਂ ਸੜਕ ‘ਤੇ ਬੁਲਟ ਲੈ ਕੇ ਜਾ ਰਿਹਾ ਹੈ ਅਤੇ ਟ੍ਰੈਫਿਕ ਨਿਯਮ ਤੋੜ ਰਿਹਾ ਹੈ। ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਵੀਡੀਓ ਦੀ ਜਾਂਚ ਕਰ ਰਹੇ ਹਨ ਕਿ ਇਹ ਵਾਇਰਲ ਵੀਡੀਓ ਕਿੱਥੋਂ ਦੀ ਹੈ।ਉਨ੍ਹਾਂ ਕਿਹਾ ਕਿ ਇਸ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਕਲਾਕਾਰ ਅਤੇ ਅਦਾਕਾਰ ਨੌਜਵਾਨ ਪੀੜ੍ਹੀ ਦੇ ਮਾਰਗ ਦਰਸ਼ਕ ਹੁੰਦੇ ਹਨ ਅਤੇ ਜੇਕਰ ਉਨ੍ਹਾਂ ਵੱਲੋਂ ਹੀ ਇੰਨੀ ਵੱਡੀ ਗਲਤੀ ਕੀਤੀ ਜਾਂਦੀ ਹੈ ਤਾਂ ਇਸ ਦਾ ਨੌਜਵਾਨ ਪੀੜ੍ਹੀ ‘ਤੇ ਕੀ ਅਸਰ ਹੋਵੇਗਾ।