ਨਵੀ ਦਿੱਲੀ : ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਅੱਜ ਬੁੱਧਵਾਰ ਸਵੇਰੇ 11 ਵਜੇ ਜਿਵੇਂ ਹੀ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦਾ ਹੰਗਾਮਾ ਵੀ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਦੁਪਹਿਰ 12 ਵਜੇ ‘ਜਨਤਕ ਪ੍ਰੀਖਿਆ (ਸੋਧ) ਬਿੱਲ 2026’ ‘ਤੇ ਚਰਚਾ ਜਾਰੀ ਰਹੇਗੀ। ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਇਸ ਬਿੱਲ ‘ਤੇ ਚਰਚਾ ਵਿੱਚ ਹਿੱਸਾ ਲੈਣਗੇ। ਉਹ ਦੁਪਹਿਰ 12.30 ਵਜੇ ਇਸ ਬਿੱਲ ‘ਤੇ ਆਪਣਾ ਪੱਖ ਰੱਖ ਸਕਦੇ ਹਨ।
ਦੱਸ ਦਈਏ ਕਿ ਲੋਕ ਸਭਾ ਵਿੱਚ ‘ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਰਾਜ ਸਭਾ ਵਿੱਚ 20 ਮਿੰਟ ਕਾਰਵਾਈ ਚੱਲੀ। 12 ਵਜੇ ਤੋਂ ਸਦਨ ਦੁਬਾਰਾ ਸ਼ੁਰੂ ਹੋਵੇਗਾ।
ਸੰਸਦ ਦੇ ਬਾਹਰ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਦਾਨਪੇਟੀ ਲੈ ਕੇ ਪ੍ਰਦਰਸ਼ਨ ਕੀਤਾ ਅਤੇ ਰਾਮ ਮੰਦਰ ਵਿੱਚ ਚੰਦਾ ਚੋਰੀ ਨੂੰ ਲੈ ਕੇ ਭਾਜਪਾ ‘ਤੇ ਹਮਲਾ ਬੋਲਿਆ। ਪ੍ਰਦਰਸ਼ਨ ਵਿੱਚ ਸ਼ਾਮਲ ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ— ਜੋ ਸਰਕਾਰ ਦਾਨਪੇਟੀ ਦੀ ਰਾਖੀ ਨਹੀਂ ਕਰ ਸਕੀ, ਉਹ ਨੌਜਵਾਨਾਂ ਦਾ ਭਵਿੱਖ ਵੀ ਸੁਰੱਖਿਅਤ ਨਹੀਂ ਰੱਖ ਸਕਦੀ।
ਦਰਅਸਲ, ਸਮਾਜਵਾਦੀ ਪਾਰਟੀ ਅਯੋਧਿਆ ਦੇ ਰਾਮ ਮੰਦਰ ਵਿੱਚ ਕਥਿਤ ਕਰੋੜਾਂ ਰੁਪਏ ਦੇ ਚੜਾਵੇ ਵਿੱਚ ਗੜਬੜੀ ਦੇ ਦੋਸ਼ਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਭਾਜਪਾ ‘ਤੇ ਲਗਾਤਾਰ ਨਿਸ਼ਾਨਾ ਸਾਧ ਰਹੀ ਹੈ। ਪਾਰਟੀ ਪਿਛਲੇ ਕਈ ਦਿਨਾਂ ਤੋਂ ਸੰਸਦ ਦੇ ਅੰਦਰ ਅਤੇ ਬਾਹਰ ਇਸ ਮੁੱਦੇ ਨੂੰ ਚੁੱਕ ਰਹੀ ਹੈ।
ਇਸ ਤੋਂ ਇਲਾਵਾ ਕੇਂਦਰੀ ਮੰਤਰੀ ਪ੍ਰਲਹਾਦ ਜੋਸ਼ੀ ਬਾਰੇ ਟਿੱਪਣੀਆਂ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ‘ਤੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਖ਼ਤ ਰੁੱਖ ਅਪਣਾਇਆ। ਉਨ੍ਹਾਂ ਨੇ ਤਿੱਖਾ ਸਵਾਲ ਕਰਦਿਆਂ ਕਿਹਾ ਕਿ ਸੱਚ ਬੋਲਣ ਵਿੱਚ ਭਲਾ ਅਸੰਸਦੀ ਕੀ ਹੈ ਅਤੇ ਜੇਕਰ ਸੱਚ ਕਹਿਣ ਲਈ ਸਰਕਾਰ ਉਨ੍ਹਾਂ ਨੂੰ ਸਜ਼ਾ ਦੇਣਾ ਚਾਹੁੰਦੀ ਹੈ ਤਾਂ ਉਹ ਇਸ ਦੇ ਲਈ ਤਿਆਰ ਹਨ।
ਪ੍ਰਿਯੰਕਾ ਨੇ ਦੋਸ਼ ਲਗਾਇਆ ਕਿ ਸਿਰਫ਼ ਇੱਕ ਘਟਨਾ ਨਹੀਂ, ਸਗੋਂ ਕਈ ਅਜਿਹੇ ਵੀਡੀਓ ਅਤੇ ਮਾਮਲੇ ਹਨ ਜੋ ਔਰਤਾਂ ਪ੍ਰਤੀ ਮੰਤਰੀ ਦੀ ਸੋਚ ਨੂੰ ਉਜਾਗਰ ਕਰਦੇ ਹਨ। ਉਨ੍ਹਾਂ ਕਿਹਾ ਕਿ ਮੰਗਲੌਰ ਪੱਬ ਵਿੱਚ ਔਰਤਾਂ ‘ਤੇ ਹੋਏ ਹਮਲੇ ਵਿੱਚ ਸ਼ਾਮਲ ਵਿਅਕਤੀ ਨੂੰ ਬੀਜੇਪੀ ਵਿੱਚ ਕਿਸ ਨੇ ਸ਼ਾਮਲ ਕਰਵਾਇਆ ਸੀ, ਹਾਲਾਂਕਿ ਵਿਰੋਧ ਤੋਂ ਬਾਅਦ ਉਸ ਨੂੰ ਹਟਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ— ਮੈਂ ਸਿਰਫ਼ ਸੱਚ ਕਿਹਾ ਹੈ ਅਤੇ ਜੇਕਰ ਸੱਚ ਬੋਲਣ ਦੀ ਸਜ਼ਾ ਮਿਲੇਗੀ ਤਾਂ ਵੀ ਸੱਚ ਬੋਲਾਂਗੀ।

