Home / ਸਿੱਖ ਵਿਰਸਾ / ਧੰਨੁ ਧੰਨੁ ਰਾਮਦਾਸ ਗੁਰੁ … ਡਾ. ਗੁਰਦੇਵ ਸਿੰਘ

ਧੰਨੁ ਧੰਨੁ ਰਾਮਦਾਸ ਗੁਰੁ … ਡਾ. ਗੁਰਦੇਵ ਸਿੰਘ

ਪ੍ਰਕਾਸ਼ ਦਿਹਾੜੇ ‘ਤੇ ਵਿਸ਼ੇਸ਼

ਧੰਨੁ ਧੰਨੁ ਰਾਮਦਾਸ ਗੁਰੁ … 

ਡਾ. ਗੁਰਦੇਵ ਸਿੰਘ

ਅਨਾਥਾਂ ਦੇ ਨਾਥ, ਸੇਵਾ ਸਿਮਰਨ ਦੀ ਮਹਾਨ ਮੂਰਤ, ਨਿਆਸਰਿਆਂ ਦੇ ਆਸਰੇ, ਰਾਮਦਾਸ ਸਰੋਵਰ ਦੇ ਰਚੇਤਾ, ਨਿਮਾਣਿਆ ਦੇ ਮਾਣ, ਨਿਤਾਣਿਆ ਦੇ ਤਾਣ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸਿੱਖ ਸੰਗਤਾਂ ਹਰ ਵਰੇ ਬਹੁਤ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਹਨ।

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥

ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ: ੯੬੮)

ਗੁਰੂ ਨਾਨਕ ਦੀ ਚੌਥੀ ਜੋਤਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ 24 ਸਤੰਬਰ 1534 ਈਸਵੀ ਵਿੱਚ ਚੂਨਾ ਮੰਡੀ ਲਾਹੌਰ ਵਿਖੇ ਅਵਤਾਰ ਧਾਰਿਆ। ਮਾਤਾ ਦਇਆ ਦੀ ਪਿਤਾ ਹਰੀਦਾਸ ਦੇ ਪਹਿਲੇ ਬੱਚੇ ਦੇ ਰੂਪ ਵਿੱਚ ਜਨਮੇ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਜੇਠਾ ਸੀ। ਛੇ ਕੁ ਵਰਿਆਂ ਦੀ ਆਯੂ ਵਿੱਚ ਹੀ ਪਹਿਲਾਂ ਮਾਤਾ ਤੇ ਫਿਰ ਪਿਤਾ ਦੇ ਅਕਾਲ ਚਲਾਣਾ ਕਰ ਜਾਣ ਕਰਨ ਆਪ ਅਨਾਥ ਹੋ ਗਏ। ਆਪ ਨੂੰ ਆਪ ਦੇ ਨਾਨੀ ਜੀ ਨਾਨਕੇ ਪਿੰਡ ਬਾਸਰਕੇ ਲੈ ਆਏ ਜਿਥੇ ਆਪ ਦਾ ਬਚਪਨ ਗੁਜਰਿਆ। ਬੇਸ਼ੱਕ ਆਰਥਿਕ ਤੰਗੀ ਦੇ ਬਾਵਜੂਦ ਨਾਨੀ ਵਲੋਂ ਆਪ ਜੀ ਦਾ ਪੂਰਾ ਖਿਆਲ ਰੱਖਿਆ ਗਿਆ ਪਰ ਮਾਤਾ ਪਿਤਾ ਦੇ ਉਸ ਪਿਆਰ ਤੋਂ ਆਪ ਵਾਂਝੇ ਰਹੇ ਜਿਸ ਨੂੰ ਸ਼ਬਦਾਂ ਵਿੱਚ ਬਿਆਨਿਆ ਨਹੀਂ ਜਾ ਸਕਦਾ। ਆਪ ਨਾਨਕੇ ਪਿੰਡ ਰਹਿ ਕੇ ਘੁੰਗਣੀਆਂ ਵੇਚਦੇ ਜਿਸ ਨਾਲ ਘਰ ਦਾ ਗੁਜ਼ਾਰਾ ਚੱਲਦਾ। ਆਪ ਖੁਦ ਬਾਣੀ ਵਿੱਚ ਫੁਰਮਾਉਂਦੇ ਹਨ:

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥

ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥ {ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 167}

12 ਵਰਿਆਂ ਦੀ ਆਯੂ ਵਿੱਚ ਆਪ ਗੋਇੰਦਵਾਲ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਅਜਿਹੇ ਜਾਂਦੇ ਕਿ ਗੁਰੂ ਦੇ ਹੀ ਹੋ ਕੇ ਰਹਿ ਜਾਂਦੇ। ਬਸ ਫਿਰ ਕੀ ਸੀ ਗੁਰੂ ਦੀ ਸੇਵਾ ਵਿੱਚ ਅਜਿਹੇ ਜੁੜੇ ਕਿ ਜੇਠੇ ਤੋਂ ਰਾਮਦਾਸ ਬਣ ਗਏ। ਐਸੀ ਕਲਾ ਵਾਪਰੀ ਕਿ ਕਾਇਆ ਕਲਪ ਹੀ ਹੋ ਗਈ।  ਜੋ ਕਦੇ ਖੁਦ ਨਿਥਾਵਾ ਸੀ ਉਸ ਦੇ ਦਰ ’ਤੇ ਹਰ ਕਿਸੇ ਨੂੰ ਢੋਈ ਮਿਲੀ, ਜੋ ਕਦੇ ਅਨਾਥ ਹੁੰਦਾ ਸੀ ਉਹ ਹੁਣ ਸੁਆਮੀ ਬਣ ਗਿਆ ਤੇ ਜੋ ਆਪਣੀ ਨਾਨੀ ਤੇ ਆਪਣੀ ਭੁੱਖ ਮਿਟਾਉਣ ਲਈ ਥਾਂ ਥਾਂ  ਘੁੰਗਣੀਆਂ ਵੇਚਦਾ ਸੀ ਉਸ ਦੇ ਦਰ ’ਤੇ ਦੁਨੀਆਂ ਦਾ ਅਜਿਹਾ ਲੰਗਰ ਚੱਲਿਆ ਜਿਸ ਦੀ ਦੂਜੀ ਕੋਈ ਮਿਸਾਲ ਹੀ ਨਹੀਂ, ਜਿੱਥੇ ਲੱਖਾਂ ਸੰਗਤਾਂ ਹਰ ਰੋਜ਼ ਲੰਗਰ ਛੱਕਦੀਆਂ ਹਨ।

ਗੁਰੂ ਅਮਰਦਾਸ ਜੀ ਸਪੁੱਤਰੀ ਬੀਬੀ ਭਾਨੀ ਨਾਲ ਆਪ ਦਾ ਵਿਆਹ ਹੋਇਆ ਤੇ ਆਪ ਜੀ ਦੇ ਗ੍ਰਹਿ ਤਿੰਨ ਸਪੁੱਤਰ ਪ੍ਰਿਥੀਚੰਦ, ਮਹਾਦੇਵ ਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਜਨਮ ਲਿਆ। ਗੁਰੂ ਰਾਮਦਾਸ ਜੀ ਨੇ ਚੱਕ ਰਾਮਦਾਸ ਪੁਰ ਦੀ ਨੀਂਹ ਰੱਖੀ ਤੇ ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਵਾਈ ਜਿਥੇ ਸਭ ਦੇ ਦੁੱਖ ਦੂਰ ਹੋ ਜਾਂਦੇ ਹਨ।

ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥

ਨਿਰਮਲ ਹੋਏ ਕਰਿ ਇਸਨਾਨਾ ॥ ਗੁਰਿ ਪੂਰੈ ਕੀਨੇ ਦਾਨਾ ॥੧॥ {ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 167}

ਗੁਰੂ ਰਾਮਦਾਸ ਜੀ ਨੇ ਚਾਰ ਲਾਵਾਂ ਦੀ ਬਾਣੀ ਸਮੇਤ 30 ਰਾਗਾਂ ਵਿੱਚ ਬਾਣੀ ਰੱਚੀ ਜੋ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤਰਗਤ ਦਰਜ ਹੈ।   ਧੰਨ ਸ੍ਰੀ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਹਰ ਸਾਲ ਮੰਜੀ ਸਾਹਿਬ ਅੰਮ੍ਰਿਤਸਰ ਵਿਖੇ ਰਾਗ ਦਰਬਾਰ ਕਰਵਾਇਆ ਜਾਂਦਾ ਹੈ। ਹਰ ਸਾਲ ਪ੍ਰਕਾਸ਼ ਦਿਹਾੜੇ ਵਾਲੇ ਦਿਨ ਸਿੱਖ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੁੰਦੀਆਂ ਹਨ। ਆਪ ਸਭ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ।

Check Also

Today’s Hukamnama from Sri Darbar Sahib Amritsar (Golden Temple) ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ- 24 November 2021, Ang 525

November 24, 2021 ਬੁੱਧਵਾਰ, 09 ਮੱਘਰ (ਸੰਮਤ 553 ਨਾਨਕਸ਼ਾਹੀ) Ang 525; Bhagat Ravidas Jee; Raag …

Leave a Reply

Your email address will not be published. Required fields are marked *