ਨਿਊਡ ਡੈਸਕ- ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ਾਂ ਕਾਰਨ ਭਾਰਤ ਅਤੇ ਕੈਨੇਡਾ ਦਰਮਿਆਨ ਵਧੇ ਤਣਾਅ ਦੇ ਮੱਦੇਨਜ਼ਰ ਆਗਾਮੀ ਜਨਵਰੀ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥਈ ਵੀਜ਼ਾ ਪ੍ਰਵਾਨਗੀਆਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੇ ਮਾਪੇ ਚਿੰਤਾ ਵਿੱਚ ਨਜ਼ਰ ਆ ਰਹੇ ਹਨ। ਦੋਵਾਂ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਪ੍ਰਤੀ ਸਾਵਧਾਨ ਰਹਿਣ ਲਈ ਐਡਵਾਇਜ਼ਰੀ ਜਾਰੀ ਕਰਨ ਮਗਰੋਂ ਮਾਪਿਆਂ ਦੀ ਚਿੰਤਾ ਵਿੱਚ ਵਾਧਾ ਹੋਇਆ ਹੈ।
ਇੱਥੇ ਪਿਰਾਮਿਡ ਈ-ਸਰਵਿਸਿਜ਼ ਵਿੱਚ ਕੈਨੇਡਾ ਲਈ ਸਟੱਡੀ ਵੀਜ਼ਾ ਅਪਲਾਈ ਕਰਨ ਵਾਲੇ ਇਮੀਗ੍ਰੇਸ਼ਨ ਏਜੰਟ ਸੁਨੀਲ ਨੇ ਦੱਸਿਆ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਘਬਰਾਹਟ ਦਾ ਪੈਦਾ ਹੋਣਾ ਸੁਭਾਵਿਕ ਹੈ ਤੇ ਉੁਹ ਲਗਾਤਾਰ ਦਫ਼ਤਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆਂ ਦਾ ਖਦਸ਼ਾ ਹੈ ਕਿ ਅਜਿਹੇ ਹਾਲਾਤ ਵਿੱਚ ਉਨ੍ਹਾਂ ਵੀਜ਼ਾ ਰੱਦ ਹੋ ਸਕਦਾ ਹੈ।
ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸਟੱਡੀ ਵੀਜ਼ਿਆਂ ’ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ ਕਿਉਂਕਿ ਕੈਨੇਡਾ ਆਬਾਦੀ ਕਾਰਨ ਪੈਦਾ ਹੋਏ ਆਰਥਿਕ ਪਾੜੇ ਨੂੰ ਦੂਰ ਕਰਨ ਲਈ ਇਮੀਗ੍ਰੇਸ਼ਨ ’ਤੇ ਭਰੋਸਾ ਕਰ ਰਿਹਾ ਹੈ। ਇੱਕ ਹੋਰ ਇਮੀਗ੍ਰੇਸ਼ਨ ਏਜੰਟ ਜਤਿਨ ਨੇ ਦੱਸਿਆ ਕਿ ਦੋਵੇਂ ਦੇਸ਼ਾਂ ਦਰਮਿਆਨ ਪੈਦਾ ਹੋਏ ਤਣਾਅ ਕਾਰਨ ਵਿਦਿਆਰਥੀਆਂ ਦਾ ਨੁਕਸਾਨ ਹੋਣ ਦਾ ਡਰ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਉਡੀਕ ਕਰਨੀ ਚਾਹੀਦੀ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਦੋਵੇਂ ਦੇਸ਼ ਭਵਿੱਖ ਵਿੱਚ ਇਸ ਸਥਿਤੀ ਨੂੰ ਕਿਵੇਂ ਨਜਿੱਠਦੇ ਹਨ। ਹੰਬਰ ਕਾਲਜ, ਟੋਰਾਂਟੋ ਵਿੱਚ ਲੇਖਾ ਪ੍ਰੋਗਰਾਮ ਲਈ ਅਪਲਾਈ ਕਰਨ ਵਾਲੀ ਜਲੰਧਰ ਦੀ ਵਿਦਿਆਰਥਣ ਮਨਮੀਤ ਕੌਰ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਨੂੰ ਏਜੰਟ ਨੇ ਭਰੋਸਾ ਦਿੱਤਾ ਹੈ ਕਿ ਅਜਿਹੇ ਵਿੱਚ ਵਿਦਿਆਰਥੀ ਵੀਜ਼ਾ ਪ੍ਰਣਾਲੀ ਪ੍ਰਭਾਵਿਤ ਨਹੀਂ ਹੋਵੇਗੀ ਪਰ ਉਹ ਵਧਦੇ ਤਣਾਅ ਕਾਰਨ ਚਿੰਤਤ ਹੈ।
ਜਨਵਰੀ ਦੇ ਦਾਖ਼ਲੇ ਲਈ ਅਰਜ਼ੀ ਦੇਣ ਵਾਲੇ ਇੱਕ ਹੋਰ ਵਿਦਿਆਰਥੀ ਰਮਨਵੀਰ ਨੇ ਕਿਹਾ ਕਿ ਉਹ ਆਪਣੇ ਵੀਜ਼ੇ ਦੀ ਅਪਡੇਟ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਅਤੇ ਕੈਨੇਡਾ ਵਿੱਚ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਲਗਾਤਾਰ ਰਾਬਤੇ ਵਿੱਚ ਹੈ। ਇਸ ਵਧਦੇ ਤਣਾਅ ਕਾਰਨ ਦੋਵਾਂ ਦੇਸ਼ਾਂ ਉੱਤੇ ਪ੍ਰਭਾਵ ਪੈਣਾ ਲਾਜ਼ਮੀ ਹੈ ਪਰ ਨਾਲ ਹੀ ਇਸ ਨਾਲ ਵਿਦਿਆਰਥੀਆਂ ਦੇ ਭਵਿੱਖ ਦਾ ਧੁੰਦਲਾ ਹੋਣ ਦਾ ਖਦਸ਼ਾ ਪੈਦਾ ਹੋ ਰਿਹਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.