-ਅਵਤਾਰ ਸਿੰਘ
ਆਮ ਕਿਹਾ ਜਾਂਦਾ ਹੈ ਕਿ ਜੇ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਹਿੰਮਤ ਆਪਣੇ ਆਪ ਆ ਜਾਂਦੀ ਹੈ। ਹਿੰਮਤੀ ਇਨਸਾਨ ਦਾ ਹਰ ਕੋਈ ਸਾਥ ਦਿੰਦਾ ਹੈ। ਅਜਿਹਾ ਹੀ ਕੁਝ ਕਰ ਵਿਖਾਇਆ ਹੈ ਜ਼ਿਲਾ ਹੂਸ਼ਿਆਰਪੂਰ ਦੇ ਕਰਨੈਲ ਸਿੰਘ ਨੇ।
ਰਿਪੋਰਟਾਂ ਮੁਤਾਬਿਕ ਪਿੰਡ ਬੱਸੀ ਗੁਲਾਮ ਹੁਸੈਨ ਦੇ ਰਹਿਣ ਵਾਲੇ 41 ਸਾਲਾ ਕਰਨੈਲ ਸਿੰਘ ਦਾ ਦੋ ਸਾਲ ਪਹਿਲਾਂ ਕਿਸੇ ਦੁਰਘਟਨਾ ਵਿੱਚ ਸਰੀਰ ਦਾ ਕੁਝ ਹਿੱਸਾ ਨਕਾਰਾ ਹੋ ਗਿਆ ਸੀ। ਇਸ ਕਾਰਨ ਜਦੋਂ ਉਸ ਨੂੰ ਇਕ ਸਾਲ ਬਾਅਦ ਆਪਣੇ ਖੇਤ ਜਾਣ ਦਾ ਮੌਕਾ ਮਿਲਿਆ ਤਾਂ ਉਸ ਨੂੰ ਸੁੱਝੀ ਕਿ ਕਿਓਂ ਨਾ ਆਪਣੇ ਖੇਤਾਂ ਵਿੱਚ ਜੈਵਿਕ ਖੇਤੀ ਸ਼ੁਰੂ ਕੀਤੀ ਜਾਵੇ। ਉਸ ਨੇ ਸਫਲ ਜੈਵਿਕ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਇਸ ਬਦਲੇ ਉਸ ਨੂੰ ਗਣਤੰਤਰ ਦਿਵਸ ‘ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਹਿੰਮਤੀ ਅਤੇ ਮੇਹਨਤੀ ਕਿਸਾਨ ਕਰਨੈਲ ਸਿੰਘ ਆਪਣੀ ਤਿੰਨ ਏਕੜ ਜ਼ਮੀਨ ਵਿੱਚ ਜੈਵਿਕ ਖੇਤੀ ਕਰਦਾ ਹੈ ਜਿਸ ਵਿੱਚ ਉਹ ਮੌਸਮੀ ਸਬਜ਼ੀਆਂ ਬੀਜਦਾ ਹੈ। ਉਹ ਹਰ ਰੋਜ਼ ਆਪਣੀ ਫਿਜ਼ਿਓਥੈਰੇਪੀ ਕਰਵਾਉਣ ਤੋਂ ਬਾਅਦ ਆਪਣੇ ਟਰਾਈਸਾਈਕਲ ‘ਤੇ ਖੇਤਾਂ ਵਿੱਚ ਚਲੇ ਜਾਂਦਾ ਹੈ। ਹਾਲਾਂਕਿ ਕਿ ਇਸ ਹਾਲਤ ਵਿੱਚ ਜ਼ਿੰਦਗੀ ਨੂੰ ਧੱਕਾ ਦੇਣਾ ਸੌਖਾ ਕੰਮ ਨਹੀਂ ਹੈ ਫਿਰ ਵੀ ਕਰਨੈਲ ਸਿੰਘ ਪੂਰੀ ਹਿੰਮਤ ਰੱਖਦਾ ਹੈ। ਉਹ ਹਰ ਐਤਵਾਰ ਆਪਣੀਆਂ ਜੈਵਿਕ ਸਬਜ਼ੀਆਂ ਲੈ ਕੇ ਮੰਡੀ ਵੇਚਣ ਵੀ ਜਾਂਦਾ ਹੈ।
ਕਰਨੈਲ ਸਿੰਘ ਦਾ ਕਹਿਣਾ ਹੈ, ”ਨਾਂਹ-ਪੱਖੀ ਵਿਚਾਰ ਉਹ ਆਪਣੇ ਨੇੜੇ ਨਹੀਂ ਆਉਣ ਦਿੰਦਾ। ਇਸ ਦੀ ਸ਼ਿਕਾਇਤ ਕਰਨ ਦੀ ਬਜਾਇ ਉਹ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੈ ਉਸ ਨੂੰ ਜ਼ਿੰਦਗੀ ਬਖ਼ਸ਼ ਦਿੱਤੀ ਹੈ। ਦੁਰਘਟਨਾਵਾਂ ਵਾਪਰਦੀਆਂ ਹਨ, ਇਹ ਮੇਰੇ ਨਾਲ ਵੀ ਵਾਪਰ ਗਈ, ਇਸ ਦਾ ਮਤਲਬ ਇਹ ਨਹੀਂ ਕਿ ਉਹ ਰੋਵੇ ਕੁਰਲਾਵੇ।”
ਕਰਨੈਲ ਸਿੰਘ ਸਵੇਰੇ 11 ਕੁ ਵਜੇ ਆਪਣੇ ਖੇਤਾਂ ਵਿੱਚ ਜਾਂਦਾ ਅਤੇ ਸ਼ਾਮ 6 ਵਜੇ ਤਕ ਉਥੇ ਰਹਿੰਦਾ ਹੈ। ਉਸ ਦਾ ਕਹਿਣਾ ਹੈ ਕਿ ਪਹਿਲਾਂ ਉਹ ਆਪਣੀ ਫ਼ਸਲ ਵਿਚ ਖਾਦ ਪਾਉਂਦਾ ਸੀ ਪਰ ਜਦੋਂ ਦੀ ਉਸ ਦੀ ਭਰਜਾਈ ਦੀ ਕੈਂਸਰ ਨਾਲ ਮੌਤ ਹੋ ਗਈ ਉਸ ਤੋਂ ਬਾਅਦ ਉਹ ਜੈਵਿਕ ਖੇਤੀ ਕਰ ਰਿਹਾ ਹੈ।
ਉਸ ਦੇ ਪਰਿਵਾਰ ਵਿੱਚ ਹੋਈ ਮੌਤ ਨੇ ਉਸ ਨੂੰ ਜਗਾ ਦਿੱਤਾ। ਰਸਾਇਣਕ ਖਾਦਾਂ ਦਾ ਅਸਰ ਅਸੀਂ ਆਪਣੇ ਘਰ ਵਿੱਚ ਹੀ ਦੇਖ ਲਿਆ। ਉਸ ਦਾ ਕਹਿਣਾ ਕਿ ਉਸ ਤੋਂ ਬਾਅਦ ਉਸ ਨੇ ਫੈਸਲਾ ਕਰ ਲਿਆ ਕਿ ਰਸਾਇਣਿਕ ਖਾਦਾਂ ਵਾਲੀ ਖੇਤੀ ਬਿਲਕੁਲ ਤਿਆਗ ਦੇਣੀ ਹੈ ਅਤੇ ਕੁਦਰਤੀ ਖੇਤੀ ਅਮਲ ਵਿੱਚ ਲਿਆਵਾਂਗਾ।
ਦ੍ਰਿੜ੍ਹ ਇਰਾਦੇ ਵਾਲੈ ਕਿਸਾਨ ਕਰਨੈਲ ਸਿੰਘ ਨੇ ਦੱਸਿਆ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਕਿ ਦਿਨ ਨੌਂ-ਬਰ -ਨੌਂ ਹੋ ਜਾਵੇਗਾ। ਉਸ ਨੂੰ ਪੂਰੀ ਉਮੀਦ ਹੈ ਕਿ ਇਕ ਦਿਨ ਉਹ ਆਪਣੇ ਪੈਰਾਂ ‘ਤੇ ਖੜ੍ਹ ਜਾਵੇਗਾ। ਹਰ ਵਿਅਕਤੀ ਨੂੰ ਕਰਨੈਲ ਸਿੰਘ ਵਰਗੀ ਇੱਛਾ ਸ਼ਕਤੀ ਰੱਖਣੀ ਚਾਹੀਦੀ ਹੈ।