ਲਾਹੌਰ: ਪਾਕਿਸਤਾਨ ਦੇ ਲਾਹੌਰ ਸ਼ਹਿਰ ਸਥਿਤ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਨੂੰ ਲੈ ਕੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਭਾਈ ਤਾਰੂ ਸਿੰਘ ਜੀ ਦੇ ‘ਸ਼ਹਾਦਤ’ ਵਾਲੇ ਸਥਾਨ ਨੂੰ ਮਸਜ਼ਿਦ ਵਜੋਂ ਘੋਸ਼ਿਤ ਕਰਨ ਅਤੇ ਇਸ ਨੂੰ ਮਸਜ਼ਿਦ ਵਿਚ ਤਬਦੀਲ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਸ ਘਟਨਾ ‘ਤੇ ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਸਖਤ ਇਤਰਾਜ਼ ਜਤਾਇਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਨੇ ਕਥਿਤ ਤੌਰ ‘ਤੇ ਦਾਅਵਾ ਕੀਤਾ ਹੈ ਕਿ ਮਸਜ਼ਿਦ ਸ਼ਹੀਦ ਗੰਜ ਦਾ ਇਕ ਹਿੱਸਾ ਹੈ ਅਤੇ ਲਾਹੌਰ ਦੇ ਨੌਲਾਖਾ ਬਾਜ਼ਾਰ ਵਿਚ ਸਥਿਤ ਸ਼ਹੀਦ ਦੇ ਅਸਥਾਨ, ਗੁਰਦੁਆਰਾ ਸਾਹਿਬ ਮਸਜ਼ਿਦ ਦਾ ਹਿੱਸਾ ਹੈ ਇਸ ਲਈ ਇਸ ਨੂੰ ਮਸਜ਼ਿਦ ਵਿਚ ਬਦਲਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਹੜਾ ਕਿ ਗਲਤ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਇਹ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ ‘ਤੇ ਬਣਾਇਆ ਗਿਆ ਹੈ, ਜਿਥੇ ਵਾਈਸਰੋਏ ਜ਼ਕਰੀਆ ਖਾਨ ਨੇ ਮੁਗਲ ਕਾਲ ਦੌਰਾਨ 1726 ਵਿਚ ਇਸਲਾਮ ਨਾ ਕਬੂਲਣ ਦੇ ਦੋਸ਼ ਹੇਠ ਭਾਈ ਤਾਰੂ ਸਿੰਘ ਦਾ ਸਿਰ ਕਲਮ ਕਰ ਦਿੱਤਾ ਸੀ। ਕਈ ਸਾਲਾਂ ਬਾਅਦ ਸਥਾਨਕ ਲੋਕਾਂ ਵੱਲੋਂ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ।