ਪੈ ਗਿਆ ਪਟਾਕਾ, ਪਾਕਿਸਤਾਨ ‘ਚ ਅਗਵਾਹ ਹੋਈ ਸਿੱਖ ਲੜਕੀ ਨੇ ਮਾਪਿਆਂ ਦੇ ਘਰ ਜਾਣੋਂ ਕੀਤਾ ਇਨਕਾਰ, ਕਹਿੰਦੀ ਵਾਪਸ ਗਈ ਤਾਂ ਮੈਨੂੰ ਮਾਰ ਦੇਣਗੇ

TeamGlobalPunjab
3 Min Read

ਲਾਹੌਰ : ਪਾਕਿਸਤਾਨ ਦੇ ਗੁਰਦੁਆਰਾ ਤੰਬੂ ਸਾਹਿਬ ਚ ਬਤੌਰ ਹੈੱਡ ਗ੍ਰੰਥੀ ਸੇਵਾ ਨਿਭਾ ਭਗਵਾਨ ਸਿੰਘ ਦੀ ਧੀ ਜਗਜੀਤ ਕੌਰ ਜਿਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਇੱਕ ਮੁਸਲਮਾਨ ਲੜਕੇ ਵੱਲੋਂ ਜ਼ਬਰਦਸਤੀ ਨਿਕਾਹ ਕਰਵਾਉਣ ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਜਾਣਕਾਰੀ ਮੁਤਾਬਿਕ ਜਿਸ ਲੜਕੀ ਜਗਜੀਤ ਕੌਰ ਦੇ ਅਗਵਾਹ ਹੋਣ ਦੀਆਂ ਖ਼ਬਰਾਂ ਪ੍ਰਕਾਸ਼ ਵਿੱਚ ਆਈਆਂ ਸਨ ਉਸ ਨੇ ਆਪਣੇ ਘਰ ਵਾਪਸ ਪਰਤਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਹੈ ਕਿ ਉਸ ਦੀ ਜਾਨ ਨੂੰ ਖਤਰਾ ਹੈ।

ਦੱਸ ਦਈਏ ਕਿ ਇੰਨੀ ਦਿਨੀਂ ਸਿੱਖ ਹਲਕਿਆਂ ਤੇ ਖਾਸ ਕਰ ਪੰਜਾਬ ਅਤੇ ਦਿੱਲੀ ਅੰਦਰ ਇਹ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਤੇ ਸਿੱਖ ਹਿਰਦਿਆਂ ਅੰਦਰ ਧਰਮ ਪਰਿਵਰਤਨ ਅਤੇ ਜ਼ਬਰਦਸਤੀ ਵਿਆਹ ਕਰਵਾਉਣ ਦੇ ਇਸ ਮਾਮਲੇ ਨੇ ਜੋਰਦਾਰ ਰੋਸ ਹੈ। ਜਿੱਥੇ ਇੱਕ ਪਾਸੇ ਕੇਂਦਰੀ ਮੰਤਰੀ ਤੇ ਅਕਾਲੀ ਦਲ ਦੀ ਆਗੂ ਨੇ ਇਸ ਮਾਮਲੇ ਨੂੰ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦੀ ਦੋਸਤੀ ਨਾਲ ਜੋੜ ਕੇ ਕਈ ਸਵਾਲ ਖੜ੍ਹੇ ਕੀਤੇ ਹਨ ਉੱਥੇ ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਤਾਂ ਲੜਕੀ ਵਾਪਸ ਨਾ ਮਿਲਣ ਦੀ ਸੂਰਤ ਵਿੱਚ ਦਿੱਲੀ ਅੰਦਰ ਪਾਕਿਸਤਾਨੀ ਸ਼ਿਫਾਰਿਤਖਾਨੇਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦੀ ਧਮਕੀ ਵੀ ਦੇ ਰੱਖੀ ਹੈ।

ਇੱਧਰ ਦੂਜੇ ਪਾਸੇ ਪਾਕਿਸਤਾਨ ਤੋਂ ਬਾਹਰ ਨਿੱਕਲ ਕੇ ਆ ਰਹੀਆਂ ਖਬਰਾਂ ਮੁਤਾਬਿਕ ਉੱਥੋਂ ਦੇ ਗਵਰਨਰ ਚੌਧਰੀ ਮੁਹੰਮਦ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਲੜਕੀ ਨਾਲ ਸ਼ੈਲਟਰ ਹੋਮ ਵਿਖੇ ਮੁਲਾਕਾਤ ਕੀਤੀ ਤੇ ਪਤਾ ਲੱਗਾ ਹੈ ਕਿ ਲੜਕੀ ਨੇ ਉਨ੍ਹਾਂ ਨੂੰ ਇਹ ਕਿਹਾ ਹੈ ਕਿ ਉਹ ਆਪਣੇ ਪਤੀ ਨੂੰ ਪਿਆਰ ਕਰਦੀ ਹੈ ਤੇ ਉਸ ਨੇ ਇਹ ਵਿਆਹ ਆਪਣੀ ਮਰਜ਼ੀ ਨਾਲ ਕਰਵਾਇਆ ਹੈ। ਲੜਕੀ ਨੇ ਆਪਣੇ ਮਾਂ ਬਾਪ ਕੋਲ ਜਾਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਜੇਕਰ ਉਹ ਵਾਪਸ ਜਾਂਦੀ ਹੈ ਤਾਂ ਉਸ ਦੀ ਜਾਨ ਨੂੰ ਖਤਰਾ ਹੈ।

ਹੁਣ ਅਸਲ ਸੱਚਾਈ ਕੀ ਹੈ ਇਹ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੈ ਪਰ ਇੰਨਾ ਜਰੂਰ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ‘ਤੇ ਜਿਸ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ ਜਿਸ ਤਰ੍ਹਾਂ ਸਿੱਖ ਧਰਮ ਦੇ ਇਸ ਸਭ ਤੋਂ ਵੱਡੇ ਸਮਾਗਮ ਲਈ ਯਤਨਸ਼ੀਲ ਹਨ ਉਸ ਨੂੰ ਦੇਖਦਿਆਂ ਇੱਕ ਸਿੱਖ ਲੜਕੀ ਬਾਰੇ ਪਾਕਿਸਤਾਨ ਵਿੱਚ ਉਠੇ ਇਸ ਵਿਵਾਦ ਨੇ ਸਿੱਖਾਂ ਦੇ ਮਨਾਂ ਅੰਦਰ ਇੱਕ ਵਾਰ ਫਿਰ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰ ਦਿੱਤੇ ਹਨ। ਸ਼ਾਇਦ ਇਹੋ ਕਾਰਨ ਹੈ ਕਿ ਪਾਕਿਸਤਾਨ ਅੰਦਰ ਹੋਣ ਵਾਲੀ ਅੰਤਰ ਰਾਸ਼ਟਰੀ ਸਿੱਖ ਕਨਵੈਨਸ਼ਨ ਵਿੱਚ ਹਿੱਸਾ ਲੈਣ ਗਏ ਕਈ  ਸਿੱਖ ਜਵਾਨਾਂ ਨੇ ਇਸ ਘਟਨਾ ਦੇ ਵਿਰੋਧ ਵਿੱਚ ਉੱਥੇ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਮਾਮਲਾ ਗੰਭੀਰ ਹੈ ਤੇ ਸੰਗਤ ਦੀ ਨਿਗ੍ਹਾ ਸੱਚ ਵੇਖਣ ਲਈ ਉਤਾਵਲੀ ਹੈ। ਪਰ ਤੇਜ਼ੀ ਨਾਲ ਬਦਲ ਰਹੇ ਘਟਨਾਕ੍ਰਮ ਨੇ ਸਥਿਤੀ ਨੂੰ ਭੰਬਲ ਭੂਸੇ ਵਾਲੀ ਬਣਾ ਕੇ ਰੱਖ ਦਿੱਤਾ ਹੈ ਤੇ ਜਦੋਂ ਤੱਕ ਅਸਲ ਸੱਚਾਈ ਸਾਹਮਣੇ ਨਹੀਂ ਆ ਜਾਂਦੀ ਉਦੋਂ ਤੱਕ ਦੋਵਾਂ ਪਾਸੇ ਦੀ ਰਾਜਨੀਤੀ ਦਾ ਗਰਮਾਉਣਾ ਲਾਜ਼ਮੀ ਹੈ ਤੇ ਇਸ ਰਾਜਨੀਤੀ ਦੇ ਤਵੇ ‘ਤੇ ਸਿਆਸੀ  ਰੋਟੀਆਂ ਪੱਕ ਪੱਕ ਕੇ ਫਟਾ ਫਟਾ ਉਤਰ ਰਹੀਆਂ ਹਨ

- Advertisement -

Share this Article
Leave a comment