ਇਸਲਾਮਾਬਾਦ: ਪਾਕਿਸਤਾਨ ਦੇ ਇੱਕ ਮੌਲਵੀ ਨੇ ਦੁਨੀਆ ਭਰ ਤੋਂ ਕਰਤਾਰਪੁਰ ਸਾਹਿਬ ਆਉਣ ਵਾਲੇ ਸਿੱਖਾਂ ਨੂੰ ਧਮਕੀ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਉਸ ਦੀ ਵੀਡੀਓ ਵਾਇਰਲ ਹੋਈ ਹੈ, ਇਸ ਵਿੱਚ ਉਹ ਕਹਿ ਰਿਹਾ ਹੈ ਕਿ ਪਾਕਿਸਤਾਨ ਦਾ ਗਠਨ ਇਸ ਲਈ ਕੀਤਾ ਗਿਆ ਸੀ ਕਿ ਇੱਥੇ ਕੋਈ ਸਿੱਖ ਦਾਖਲ ਨਾਂ ਹੋ ਸਕੇ।
ਮੌਲਵੀ ਖਾਦਿਮ ਹੁਸੈਨ ਰਿਜ਼ਵੀ ਨੇ ਕਿਹਾ, ‘ਪਾਕਿਸਤਾਨ ਸ਼ਬਦ ਪਾਕ ਯਾਨੀ ਪਵਿੱਤਰ ਹੈ। ਸਿੱਖਾਂ ਦੇ ਬੇਕਾਰ ਰੀਤੀ – ਰਿਵਾਜ਼ਾਂ ਨੂੰ ਇੱਥੇ ਆਗਿਆ ਨਹੀਂ ਦਿੱਤੀ ਜਾਵੇਗੀ। ਸਿਰਫ ਮੱਕਾ ਤੇ ਪੈਗੰਬਰ ਨੂੰ ਸਾਡੀ ਧਰਤੀ ‘ਚ ਪਵਿਤਰ ਮੰਨਿਆ ਜਾਂਦਾ ਹੈ । ਸਿੱਖ ਤੀਰਥ ਯਾਤਰਾ ਲਈ ਅੰਮ੍ਰਿਤਸਰ ਜਾ ਸਕਦੇ ਹਨ ਪਰ ਉਨ੍ਹਾਂ ਨੂੰ ਇੱਥੇ ਨਹੀਂ ਆਉਣਾ ਚਾਹੀਦਾ।’
ਖਾਦਿਮ ਰਿਜ਼ਵੀ ਧਾਰਮਿਕ – ਸਿਆਸੀ ਸੰਗਠਨ ਤਹਿਰੀਕ-ਏ-ਲੱਬੈਕ ਪਾਕਿਸਤਾਨ ਦੇ ਸੰਸਥਾਪਕ ਹਨ। ਖਾਦਿਮ ਨੂੰ ਪਾਕਿਸਤਾਨ ਦੇ ਈਸ਼ਨਿੰਦਾ ਕਾਨੂੰਨ ਵਿੱਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੇ ਖਿਲਾਫ ਵਿਰੋਧ ਲਈ ਜਾਣਿਆ ਜਾਂਦਾ ਹੈ।
ਭਾਜਪਾ ਦੇ ਖਿਲਾਫ ਸਿੱਖਾਂ ਦੀ ਭਾਵਨਾ ਨਾਲ ਖੇਡੇ ਇਮਰਾਨ
ਇਸ ਵਾਇਰਲ ਹੋਈ ਵੀਡੀਓ ‘ਤੇ ਕੈਨੇਡਾ ਦੇ ਟੈਗ ਟੀਵੀ ਸ਼ੋਅ ਦੌਰਾਨ ਚਰਚਾ ਹੋਈ ਜਿਸ ਚਰਚਾ ਵਿੱਚ ਕਿਹਾ ਗਿਆ ਕਿ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਭਾਰਤ ‘ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਖਿਲਾਫ ਸਿੱਖਾਂ ਦੀਆਂ ਭਾਵਨਾਵਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ। ਇਮਰਾਨ ਦਾ ਮਕਸਦ ਖਾਲਿਸਤਾਨ ਦੇ ਵੱਖਵਾਦੀ ਅੰਦੋਲਨ ਨੂੰ ਹਵਾ ਦੇਣਾ ਹੈ।