ਕੋਵਿਡ-19 ਤੋਂ ਪੀੜਤ ਸਾਰੇ ਵਿਅਕਤੀਆਂ ਨੂੰ ਡਾਕਟਰੀ ਸਹੂਲਤਾਂ ਪ੍ਰਦਾਨ ਕਰੇ ਦਿੱਲੀ ਸਰਕਾਰ : ਹਾਈਕੋਰਟ
ਦਿੱਲੀ : ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਦਿੱਲੀ ਸਰਕਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ-19 ਤੋਂ ਪੀੜਤ ਸਾਰੇ ਵਿਅਕਤੀਆਂ ਨੂੰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ।
ਅਦਾਲਤ ਨੇ ਇਹ ਵੀ ਕਿਹਾ ਕਿ ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖਲ ਹੋਣ, ਦਵਾਈਆਂ , ਆਈ. ਸੀ. ਯੂ., ਵੈਂਟੀਲੇਟਰ ਦੇ ਨਾਲ ਜਾਂ ਬਿਨਾਂ ਵੈਂਟੀਲੇਟਰ ਆਦਿ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣ ।
ਉਧਰ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਕਾਰਨ ਪੈਦਾ ਹੋਈ ਗੰਭੀਰ ਸਥਿਤੀ ਅਤੇ ਵਿਗੜਦੇ ਹਾਲਾਤਾਂ ‘ਤੇ ਹਾਈ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ। ਹਾਈ ਕੋਰਟ ਦੇ ਜੱਜਾਂ ਦੀ ਬੈਂਚ ਨੇ ਦਵਾਈਆਂ, ਆਕਸੀਜ਼ਨ ਸਿਲੇੰਡਰ ਤੇ ਆਕਸੀਜ਼ਨ ਕੰਸਟ੍ਰੇਟਰ ਦੀ ਕਾਲਾਬਾਜ਼ਾਰੀ ਅਤੇ ਜਮਾਂਖੋਰੀ ਕਰਨ ਵਾਲਿਆਂ ਨੂੰ ਜੰਮ ਕੇ ਲਾਹਣਤਾਂ ਪਾਈਆਂ।
ਮੌਜੂਦਾ ਸਥਿਤੀ ਤੋਂ ਬੇਹੱਦ ਖਫ਼ਾ ਅਦਾਲਤ ਨੇ ਕਿਹਾ ਕਿ ‘ਕੁਝ ਲੋਕਾਂ ਦੀ ਇਨਸਾਨੀਅਤ ਖ਼ਤਮ ਹੋ ਚੁੱਕੀ ਹੈ, ਉਹ ਮੌਜੂਦਾ ਸੰਕਟ ਨਾਲ ਮਿਲ ਕੇ ਲੜਨ ਦੀ ਬਜਾਏ ਕਾਲਾ ਬਜ਼ਾਰੀ ਕਰ ਰਹੇ ਹਨ, ਇਹ ਸ਼ਰਮਨਾਕ ਹੈ।’
- Advertisement -
ਜਸਟਿਸ ਵਿਪਿਨ ਸਾਂਘੀ ਅਤੇ ਜਸਟਿਸ ਰੇਖਾ ਪੱਲੀ ਦੀ ਬੈਂਚ ਨੇ ਕਿਹਾ ਕਿ ਲੋਕ ਹਾਲੇ ਵੀ ਹਾਲਾਤ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ।
ਮਾਣਯੋਗ ਦਿੱਲੀ ਹਾਈਕੋਰਟ ਨੇ ਇਹ ਟਿੱਪਣੀ ਮੈਡੀਕਲ ਸਟਾਫ਼, ਦਵਾਈਆਂ, ਮੈਡੀਕਲ ਸਾਜੋ-ਸਾਮਾਨ ਅਤੇ ਬੈੱਡਾਂ ਦੀ ਕਮੀ ਸਬੰਧੀ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਕੀਤੀ ।
ਕੋਰਟ ਵਿਚ ਸੁਣਵਾਈ ਦੌਰਾਨ ਇੱਕ ਵਕੀਲ ਨੇ ਸੁਝਾਅ ਦਿੱਤਾ ਕਿ ਅਜਿਹੇ ਸਮੇਂ ਸਾਬਕਾ ਮੈਡੀਕਲ ਪ੍ਰੋਫੈਸ਼ਨਲ, ਡਾਕਟਰੀ ਅਤੇ ਨਰਸਿੰਗ ਦੇ ਵਿਦਿਆਰਥੀਆਂ ਦੀਆਂ ਸੇਵਾਵਾਂ ਲੈ ਕੇ ਸਥਿਤੀ ਨੂੰ ਕੁਝ ਹੱਦ ਤਕ ਸੰਭਾਲਿਆ ਜਾ ਸਕਦਾ ਹੈ।
ਇਸ ਮਾਮਲੇ ਵਿਚ ਐਮੇਕਸ ਕਿਊਰੀ ਬਣਾਏ ਗਏ ਸੀਨੀਅਰ ਵਕੀਲ ਰਾਜਸ਼ੇਖਰ ਰਾਓ ਨੇ ਕਿਹਾ ਕਿ ਸਿਰਫ ਇਨਫ੍ਰਾਸਟਰੱਕਚਰ ਹੀ ਕਾਫੀ ਨਹੀਂ ਹੈ ਇਸ ਲਈ ਮਾਹਿਰ ਲੋਕਾਂ ਦੀ ਵੀ ਜ਼ਰੂਰਤ ਹੈ। ਹਾਲੇ ਸਿਰਫ਼ ਗਿਣੇ-ਚੁਣੇ ਲੋਕ ਹੀ ਫੈਸਲੇ ਲੈ ਰਹੇ ਹਨ, ਇਸ ਪ੍ਰਕ੍ਰਿਆ ਵਿੱਚ ਸੁਧਾਰ ਹੋਣਾ ਚਾਹੀਦਾ ਹੈ।