ਪੇਸ਼ਾਵਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਚਾਰਸਾਦਾ ਜ਼ਿਲ੍ਹੇ ਵਿੱਚ ਐਤਵਾਰ ਰਾਤ ਨੂੰ ਇੱਕ ਭੀੜ ਨੇ ਇੱਕ ਪੁਲਿਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ ਕਿਉਂਕਿ ਪੁਲਿਸ ਨੇ ਇੱਕ ਈਸ਼ਨਿੰਦਾ ਦੋਸ਼ੀ ਨੂੰ ਅੱਤਵਾਦੀਆਂ ਦੇ ਹਵਾਲੇ ਨਹੀਂ ਕੀਤਾ ਸੀ। ਚਾਰ ਪੁਲਿਸ ਚੌਕੀਆਂ ਨੂੰ ਵੀ ਅੱਗ ਹਵਾਲੇ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਨਸਿਕ ਰੂਪ ਨਾਲ ਬਿਮਾਰ ਇਕ ਵਿਅਕਤੀ ’ਤੇ ਕੁਰਾਨ ਦਾ ਅਪਮਾਨ ਕਰਨ ਦਾ ਦੋਸ਼ ਹੈ।
ਵਿਗੜਦੀ ਸਥਿਤੀ ਨੂੰ ਸੰਭਾਲਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਹਵਾ ਵਿੱਚ ਗੋਲੀਆਂ ਵੀ ਚਲਾਈਆਂ। ਪਰ ਭੀੜ ਨਾ ਮੰਨੀ ਅਤੇ ਖੁੱਲ੍ਹ ਕੇ ਹਿੰਸਾ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਨੂੰ ਸੌਂਪਣ ਦੀ ਮੰਗ ਨੂੰ ਲੈ ਕੇ ਰੋਹ ਵਿੱਚ ਆਏ ਲੋਕਾਂ ਨੇ ਥਾਣੇ ਵਿੱਚ ਖੜ੍ਹੀਆਂ ਗੱਡੀਆਂ ਦੀ ਭੰਨਤੋੜ ਕੀਤੀ ਅਤੇ ਥਾਣੇ ਅੰਦਰ ਅੱਗ ਲਾ ਦਿੱਤੀ। ਸੂਬੇ ਦੇ ਕਾਨੂੰਨ ਮੰਤਰੀ ਅਤੇ ਚਾਰਸਦਾ ਨਿਵਾਸੀ ਫਜ਼ਲ ਸ਼ਕੂਰ ਖਾਨ ਨੇ ਕਿਹਾ ਕਿ ਲੋਕ ਇੰਨੇ ਇਕੱਠੇ ਹੋ ਗਏ ਕਿ ਨੇੜੇ ਦੀ ਪੁਲਿਸ ਵੀ ਉਨ੍ਹਾਂ ਨੂੰ ਕਾਬੂ ਨਹੀਂ ਕਰ ਸਕੀ।
ਸਥਾਨਕ ਪੁਲਿਸ ਅਧਿਕਾਰੀ ਆਸਿਫ ਖ਼ਾਨ ਨੇ ਦੱਸਿਆ ਕਿ ਹਮਲੇ ਵਿਚ ਕੋਈ ਅਧਿਕਾਰੀ ਜ਼ਖ਼ਮੀ ਨਹੀਂ ਹੋਇਆ। ਜ਼ਿਲ੍ਹੇ ਵਿਚ ਸਥਿਤੀ ਸੰਭਾਲਣ ਲਈ ਫੋਰਸ ਨੂੰ ਬੁਲਾਉਣਾ ਪਿਆ। ਘਟਨਾ ਵਾਲੀ ਥਾਂ ’ਤੇ ਵੱਡੀ ਗਿਣਤੀ ’ਚ ਫ਼ੌਜੀਆਂ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਹਿੰਸਕ ਭੀੜ ਦਾ ਸ਼ਿਕਾਰ ਹੋਣ ਤੋਂ ਬਚਾ ਲਿਆ ਗਿਆ। ਉਸ ਨੂੰ ਬਚਾ ਕੇ ਦੂਜੇ ਜ਼ਿਲ੍ਹੇ ਵਿਚ ਭੇਜ ਦਿੱਤਾ ਗਿਆ ਹੈ। ਇਕ ਦਿਨ ਪਹਿਲਾਂ ਉਸ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਅਤੇ ਈਸ਼ਨਿੰਦਾ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਜ਼ਾਰਾਂ ਲੋਕਾਂ ਦੀ ਭੀੜ ਨੇ ਪੁਲਿਸ ਦੀਆਂ ਇਮਾਰਤਾਂ ’ਤੇ ਹਮਲਾ ਕੀਤਾ ਸੀ। ਚਾਰਸੱਦਾ ਵਿਚ ਸੋਮਵਾਰ ਨੂੰ ਸਥਿਤੀ ਆਮ ਹੋ ਗਈ ਅਤੇ ਹਮਲੇ ਵਿਚ ਸ਼ਾਮਲ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਪਾਕਿਸਤਾਨ ’ਚ ਈਸ਼ਨਿੰਦਾ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਇਆ ਗਿਆ ਹੈ। ਇਸ ਵਿਚ ਮੌਤ ਦੀ ਸਜ਼ਾ ਤਕ ਦੀ ਤਜਵੀਜ਼ ਹੈ। ਇਸ ਤਰ੍ਹਾਂ ਦੇ ਮਾਮਲੇ ਵਿਚ ਅਕਸਰ ਹੀ ਭੀੜ ਹਿੰਸਾ ’ਤੇ ਉਤਾਰੂ ਹੋ ਜਾਂਦੀ ਹੈ। ਕੌਮਾਂਤਰੀ ਤੇ ਘਰੇਲੂ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਈਸ਼ਨਿੰਦਾ ਦਾ ਇਸਤੇਮਾਲ ਘੱਟ ਗਿਣਤੀਆਂ ਨੂੰ ਡਰਾਉਣ ਲਈ ਕੀਤਾ ਜਾਂਦਾ ਹੈ।