ਪੇਸ਼ਾਵਰ: ਪਾਕਿਸਤਾਨ ਵਿੱਚ ਫਰਵਰੀ ਤੋਂ ਲਾਪਤਾ ਇੱਕ ਸਿੱਖ ਨੌਜਵਾਨ ਨੂੰ ਪੁਲੀਸ ਨੇ ਦੇਸ਼ ਦੇ ਪੱਛਮੀ ਉਤਰ ਖੈਬਰ ਪਖ਼ਤੂਨਖਵਾ ਸੂਬੇ ਦੇ ਇੱਕ ਪਿੰਡ ਤੋਂ ਬਰਾਮਦ ਕੀਤਾ ਹੈ। ਉਸ ਨੂੰ ਘਰ ਤੋਂ ਅਗ਼ਵਾ ਕਰ ਲਿਆ ਗਿਆ ਸੀ। ਅਗਵਾਕਾਰਾਂ ਨੇ ਕੁੱਟ-ਕੁੱਟ ਕੇ ਉਸ ਦੀ ਬੁਰੀ ਹਾਲਤ ਕਰ ਦਿੱਤੀ ਹੈ। ਮਾਮਲੇ ਵਿਚ ਨਾਮਜ਼ਦ ਇਕ ਮਹਿਲਾ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
20 ਸਾਲਾ ਅਵਿਨਾਸ਼ ਸਿੰਘ ਨੂੰ ਪੇਸ਼ਾਵਰ ਕੈਂਟ ਦੇ ਗੁਲਬਰਗ ਇਲਾਕੇ ਤੋਂ 28 ਫਰਵਰੀ ਨੂੰ ਅਗਵਾ ਕੀਤਾ ਗਿਆ ਸੀ। ਉਹ ਸ਼ੁੱਕਰਵਾਰ ਨੂੰ ਕੋਹਾਟ ਜ਼ਿਲ੍ਹੇ ਦੇ ਲਾਚੀ ਤਹਿਸੀਲ ਦੇ ਕੋਲ ਇਕ ਪਿੰਡ ਵਿਚ ਪਾਇਆ ਗਿਆ। ਗੰਭੀਰ ਹਾਲਤ ਵਿਚ ਉਸਨੂੰ ਪੇਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਅਗਵਾਕਾਰਾਂ ਦੀ ਕੁੱਟ ਨਾਲ ਨੌਜਵਾਨ ਬੇਸੁੱਧ ਹੋ ਚੁੱਕਾ ਹੈ। ਪਿਛਲੇ ਮਹੀਨੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਪੇਸ਼ਾਵਰ ਸ਼ਹਿਰ ਵਿਚ ਇਸ ਦੇ ਵਿਰੋਧ ਵਿਚ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਸੀ।