ਪਾਕਿਸਤਾਨ ਦੇ ਮੀਆਂਵਾਲੀ ਏਅਰਬੇਸ ‘ਤੇ ਸ਼ਨੀਵਾਰ ਸਵੇਰੇ ਅੱਤਵਾਦੀ ਹਮਲਾ ਹੋਇਆ। ਹਥਿਆਰਾਂ ਨਾਲ ਲੈਸ ਛੇ ਆਤਮਘਾਤੀ ਹਮਲਾਵਰ ਹਵਾਈ ਸੈਨਾ ਦੇ ਸਿਖਲਾਈ ਅੱਡੇ ਵਿੱਚ ਦਾਖਲ ਹੋਏ। ਜੀਓ ਨਿਊਜ਼ ਮੁਤਾਬਕ ਪਾਕਿਸਤਾਨੀ ਹਵਾਈ ਸੈਨਾ (ਪੀ.ਏ.ਐੱਫ.) ਨੇ 3 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ, ਜਦਕਿ ਬਾਕੀ 3 ਨੂੰ ਘੇਰ ਲਿਆ ਗਿਆ ਹੈ। ਮੁਕਾਬਲੇ ਦੌਰਾਨ 3 ਜਹਾਜ਼ ਅਤੇ 1 ਤੇਲ ਟੈਂਕਰ ਤਬਾਹ ਹੋ ਗਿਆ।
ਇਸ ਦੌਰਾਨ ਏਅਰਬੇਸ ਦੇ ਨੇੜੇ ਗੋਲੀਆਂ ਅਤੇ ਧਮਾਕਿਆਂ ਦੀ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ। ਰਿਪੋਰਟਾਂ ਮੁਤਾਬਕ ਤਹਿਰੀਕ-ਏ-ਜੇਹਾਦ ਪਾਕਿਸਤਾਨ (ਟੀਜੇਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅੱਤਵਾਦੀ ਪੌੜੀਆਂ ਰਾਹੀਂ ਕੰਧ ਟੱਪ ਕੇ ਏਅਰਬੇਸ ‘ਚ ਦਾਖਲ ਹੋਏ ਸਨ।
ਪੀਏਐਫ ਨੇ ਕਿਹਾ- ਸਾਡੇ ਜਵਾਨਾਂ ਨੇ ਸਮੇਂ ‘ਤੇ ਵੱਡੇ ਹਮਲੇ ਨੂੰ ਨਾਕਾਮ ਕਰ ਦਿੱਤਾ। ਏਅਰਬੇਸ ਦੇ ਅੰਦਰ ਅਤੇ ਆਲੇ-ਦੁਆਲੇ ਅੰਤਿਮ ਕਾਰਵਾਈਆਂ ਚੱਲ ਰਹੀਆਂ ਹਨ। ਪਾਕਿਸਤਾਨ ਆਰਮਡ ਫੋਰਸਿਜ਼ ਹਰ ਕੀਮਤ ‘ਤੇ ਦੇਸ਼ ਤੋਂ ਅੱਤਵਾਦ ਦੇ ਖਤਰੇ ਨੂੰ ਖਤਮ ਕਰਨ ਲਈ ਵਚਨਬੱਧ ਹੈ।
ਇਸ ਤੋਂ ਪਹਿਲਾਂ 28 ਸਤੰਬਰ ਨੂੰ ਪਾਕਿਸਤਾਨ ‘ਚ ਦੋ ਥਾਵਾਂ ‘ਤੇ ਦੋ ਧਮਾਕੇ ਹੋਏ ਸਨ। ਪਹਿਲਾ ਆਤਮਘਾਤੀ ਹਮਲਾ ਬਲੋਚਿਸਤਾਨ ਦੇ ਮਸਤੁੰਗ ਸ਼ਹਿਰ ਵਿੱਚ ਇੱਕ ਮਸਜਿਦ ਨੇੜੇ ਹੋਇਆ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਇਸ ਵਿੱਚ ਇੱਕ ਡੀਐਸਪੀ ਸਮੇਤ 54 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਹਮਲੇ ਦੇ ਸਮੇਂ ਲੋਕ ਈਦ-ਏ-ਮਿਲਾਦ-ਉਨ-ਨਬੀ ਦੇ ਜਲੂਸ ਲਈ ਇਕੱਠੇ ਹੋ ਰਹੇ ਸਨ।