ਨਿਊਜ਼ ਡੈਸਕ: ਪਾਕਿਸਤਾਨ ਦੇ ਲਗਭਗ 79 ਸਾਲਾਂ ਦੇ ਇਤਿਹਾਸ ਵਿੱਚ ਸਿੱਖ ਭਾਈਚਾਰੇ ਤੋਂ ਪਹਿਲੇ ਟੈਲੀਵਿਜ਼ਨ ਐਂਕਰ ਅਤੇ ਪੱਤਰਕਾਰ ਵਜੋਂ ਪਛਾਣ ਬਣਾਉਣ ਵਾਲੇ ਹਰਮੀਤ ਸਿੰਘ ਦੇ ਡਿਜੀਟਲ ਸਟੂਡੀਓ ’ਤੇ ਇਸਲਾਮਾਬਾਦ ਪੁਲਿਸ ਦੀ ਕਥਿਤ ਕਾਰਵਾਈ ਨੇ ਸਵਾਲ ਖੜ੍ਹੇ ਕੀਤੇ ਹਨ। ਹਰਮੀਤ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਪੁਲਿਸ ’ਤੇ ਸਟੂਡੀਓ ਵਿੱਚ ਰੇਡ ਕਰਨ ਅਤੇ ਉੱਥੋਂ ਸਾਮਾਨ ਲੈ ਜਾਣ ਦੇ ਦੋਸ਼ ਲਗਾਏ ਹਨ।
ਮੁਲਾਜ਼ਮਾਂ ਨੂੰ ਹਿਰਾਸਤ ’ਚ ਲੈਣ ਦਾ ਦੋਸ਼
ਹਰਮੀਤ ਸਿੰਘ ਮੁਤਾਬਕ 30 ਅਗਸਤ ਨੂੰ ਪੁਲਿਸ ਨੇ ਉਨ੍ਹਾਂ ਦੇ ਦਫ਼ਤਰ ’ਤੇ ਰੇਡ ਕੀਤੀ। ਉਨ੍ਹਾਂ ਦਾ ਦੋਸ਼ ਹੈ ਕਿ ਸਟੂਡੀਓ ਵਿੱਚ ਮੌਜੂਦ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਕਥਿਤ ਤੌਰ ’ਤੇ ਉਨ੍ਹਾਂ ਨਾਲ ਕੁੱਟਮਾਰ ਤੇ ਤਸ਼ੱਦਦ ਕੀਤਾ ਗਿਆ। ਹਰਮੀਤ ਨੇ ਇਹ ਵੀ ਦਾਅਵਾ ਕੀਤਾ ਕਿ ਪੁਲਿਸ ਸਟੂਡੀਓ ਤੋਂ ਕਈ ਉਪਕਰਨ ਆਪਣੇ ਨਾਲ ਲੈ ਗਈ।
ਉਨ੍ਹਾਂ ਮੁਤਾਬਕ ਇਸ ਸਾਮਾਨ ਵਿੱਚ 5 ਕੰਪਿਊਟਰ ਸਿਸਟਮ, ਕੈਮਰੇ, ਪੌਡਕਾਸਟ ਮਾਈਕ, ਸਟੈਂਡ, ਪ੍ਰੌਮਪਟਰ ਅਤੇ ਬੈਟਰੀਆਂ ਸ਼ਾਮਲ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੁਲਤਾਨ ਵਾਸੀ ਸੈਫ ਅਤੇ ਉਨ੍ਹਾਂ ਦੇ ਸਹਿਯੋਗੀ ਰਜ਼ੀ ਤਾਹਿਰ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ।
ਟੀਵੀ ਤੋਂ ਬੈਨ ਮਗਰੋਂ ਬਣਾਇਆ ਸੀ ਡਿਜੀਟਲ ਸਟੂਡੀਓ
ਹਰਮੀਤ ਸਿੰਘ ਨੇ ਦੱਸਿਆ ਕਿ ਮੁੱਖਧਾਰਾ ਦੇ ਪਾਕਿਸਤਾਨੀ ਮੀਡੀਆ ਵਿੱਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਟੀਵੀ ਸਕ੍ਰੀਨ ’ਤੇ ਆਉਣ ਤੋਂ ਰੋਕ ਦਿੱਤਾ ਗਿਆ ਅਤੇ ਨੌਕਰੀ ਵੀ ਚਲੀ ਗਈ। ਉਨ੍ਹਾਂ ਦਾ ਦਾਅਵਾ ਹੈ ਕਿ ਸੰਵਿਧਾਨ ਦੀ ਸਰਵਉੱਚਤਾ, ਲੋਕਤੰਤਰ, ਕਾਨੂੰਨ ਦੀ ਪਾਲਣਾ ਅਤੇ ਪੀੜਤ ਲੋਕਾਂ ਦੀ ਆਵਾਜ਼ ਚੁੱਕਣ ਕਾਰਨ ਸੱਤਾਧਾਰੀਆਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਦੀ ਜਮ੍ਹਾਂ ਪੂੰਜੀ ਅਤੇ ਕੁਝ ਫ਼ਿਲਮਾਂ ਤੋਂ ਮਿਲੀ ਰਕਮ ਨਾਲ ਦੋ-ਤਿੰਨ ਦੋਸਤਾਂ ਦੀ ਮਦਦ ਨਾਲ ਇੱਕ ਛੋਟਾ ਦਫ਼ਤਰ ਅਤੇ ਡਿਜੀਟਲ ਸਟੂਡੀਓ ਸ਼ੁਰੂ ਕੀਤਾ। ਇਸ ਰਾਹੀਂ ਉਹ ਵਲੌਗ ਅਤੇ ਪੌਡਕਾਸਟ ਬਣਾਕੇ ਆਪਣਾ ਕੰਮ ਅਤੇ ਰੋਜ਼ੀ-ਰੋਟੀ ਜਾਰੀ ਰੱਖਣਾ ਚਾਹੁੰਦੇ ਸਨ।
ਕਾਰਵਾਈ ’ਤੇ ਚੁੱਕੇ ਸਵਾਲ
ਹਰਮੀਤ ਸਿੰਘ ਨੇ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਦੇ ਸਹਿਯੋਗੀ ਰਜ਼ੀ ਤਾਹਿਰ ਨੇ ਪੱਤਰਕਾਰ ਵਜੋਂ ਕਸ਼ਮੀਰ (ਪੀਓਕੇ) ਵਿੱਚ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ ਤਾਂ ਇਸ ਕਾਰਨ ਪੂਰੇ ਸਟੂਡੀਓ ਦਾ ਸਾਮਾਨ ਅਤੇ ਹੋਰ ਮੁਲਾਜ਼ਮਾਂ ਦੇ ਕੰਪਿਊਟਰ ਜ਼ਬਤ ਕਰਨ ਦਾ ਕੀ ਕਾਰਨ ਸੀ।
ਪਰਿਵਾਰ ਨੇ ਦੇਸ਼ ਛੱਡਣ ਦੀ ਦਿੱਤੀ ਸਲਾਹ
ਹਰਮੀਤ ਨੇ ਕਿਹਾ ਕਿ ਉਨ੍ਹਾਂ ਦਾ ਸਿੱਖ ਭਾਈਚਾਰਾ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਕੋਈ ਹੋਰ ਕਾਰੋਬਾਰ ਕਰਨ ਜਾਂ ਪਾਕਿਸਤਾਨ ਛੱਡਣ ਦੀ ਸਲਾਹ ਦਿੰਦੇ ਹਨ। ਉਨ੍ਹਾਂ ਮੁਤਾਬਕ ਪੱਤਰਕਾਰਤਾ ਕਾਰਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ ਅਤੇ ਪਰਿਵਾਰ ਲਈ ਵੀ ਮੁਸ਼ਕਲਾਂ ਵਧੀਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਨੇ ਪਾਕਿਸਤਾਨ ਵਿੱਚ ਰਹਿ ਕੇ ਹੀ ਕੰਮ ਕਰਨਾ ਪਸੰਦ ਕੀਤਾ।
ਹਰਮੀਤ ਸਿੰਘ ਨੇ ਕਿਹਾ ਕਿ ਇਸ ਸਮੇਂ ਉਨ੍ਹਾਂ ਕੋਲ ਨਾ ਨੌਕਰੀ ਹੈ ਅਤੇ ਨਾ ਹੀ ਪੱਤਰਕਾਰਤਾ ਜਾਰੀ ਰੱਖਣ ਲਈ ਲੋੜੀਂਦਾ ਸਾਮਾਨ। ਉਨ੍ਹਾਂ ਨੇ ਪੁੱਛਿਆ ਕਿ ਪੁਲਿਸ ਉਨ੍ਹਾਂ ਦੇ ਕੈਮਰਿਆਂ ਅਤੇ ਕੰਪਿਊਟਰ ਸਿਸਟਮਾਂ ਦਾ ਕੀ ਕਰੇਗੀ।
ਉਨ੍ਹਾਂ ਨੇ ਪਾਕਿਸਤਾਨ ਦੇ ਨਾਗਰਿਕ ਸਮਾਜ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਪੱਤਰਕਾਰਾਂ ’ਤੇ ਹੋ ਰਹੇ ਕਥਿਤ ਅਤਿਆਚਾਰਾਂ ਖ਼ਿਲਾਫ਼ ਆਵਾਜ਼ ਉਠਾਈ ਜਾਵੇ ਅਤੇ ਜ਼ਬਤ ਕੀਤਾ ਗਿਆ ਸਾਮਾਨ ਵਾਪਸ ਕਰਵਾਉਣ ਵਿੱਚ ਮਦਦ ਕੀਤੀ ਜਾਵੇ। ਹਰਮੀਤ ਸਿੰਘ ਦੇ ਇਨ੍ਹਾਂ ਦੋਸ਼ਾਂ ’ਤੇ ਇਸ ਖ਼ਬਰ ਵਿੱਚ ਇਸਲਾਮਾਬਾਦ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ।

