ਲਾਹੌਰ- ਜੇਕਰ ਇਹ ਕਿਹਾ ਜਾਵੇ ਕਿ PUBG ਗੇਮ ਨਹੀਂ, ਇੱਕ ਲਤ ਹੈ, ਤਾਂ ਸ਼ਾਇਦ ਗਲਤ ਨਹੀਂ ਹੋਵੇਗਾ। ਕਿਉਂਕਿ ਸਥਿਤੀ ਕੂਝ ਅਜਿਹੀ ਹੀ ਹੈ। ਕਦੇ ਰਿਪੋਰਟ ਸਾਹਮਣੇ ਆਉਂਦੀ ਹੈ ਕਿ PUBG ਗੇਮ ਲਈ ਮੋਬਾਈਲ ਖਰੀਦਣ ਲਈ ਬੱਚੇ ਨੇ ਪਿਤਾ ਦੇ ਖਾਤੇ ਵਿੱਚੋਂ ਪੈਸੇ ਚੋਰੀ ਕੀਤੇ, ਜਾਂ ਫਿਰ ਪੈਸੇ ਨਾ ਮਿਲਣ ‘ਤੇ ਖੁਦਕੁਸ਼ੀ ਕਰ ਲਈ। ਹੁਣ ਇੱਕ ਅਜਿਹੀ ਰਿਪੋਰਟ ਆ ਰਹੀ ਹੈ ਜੋ ਸੱਚਮੁੱਚ ਹੈਰਾਨ ਕਰਨ ਵਾਲੀ ਹੈ। ਪਾਕਿਸਤਾਨ ‘ਚ PUBG ਦੀ ਦੀਵਾਨਗੀ ‘ਚ ਇੱਕ ਵਿਅਕਤੀ ਕਾਤਲ ਬਣ ਗਿਆ। ਵਿਅਕਤੀ ਨੇ ਆਪਣੀ ਮਾਂ ਅਤੇ ਤਿੰਨ ਭੈਣ-ਭਰਾਵਾਂ ਦਾ ਕਤਲ ਕਰ ਦਿੱਤਾ।
ਇੱਕ ਰਿਪੋਰਟ ਮੁਤਾਬਕ ਲਾਹੌਰ ਪੁਲਿਸ ਨੇ ਵੀਰਵਾਰ ਨੂੰ ਇੱਕ ਮਹਿਲਾ ਡਾਕਟਰ ਅਤੇ ਉਸਦੇ ਤਿੰਨ ਬੱਚਿਆਂ ਦੇ ਕਤਲ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਚਾਰਾਂ ਦੀਆਂ ਲਾਸ਼ਾਂ ਲਾਹੌਰ ਦੇ ਗਜੂੱਮਤਾ ਸਥਿਤ ਉਨ੍ਹਾਂ ਦੇ ਘਰ ਤੋਂ ਮਿਲੀਆਂ ਹਨ। ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਔਰਤ ਦਾ ਲੜਕਾ ਜੈਨ ਹੀ ਇਸ ਕਤਲ ਦਾ ਦੋਸ਼ੀ ਨਿਕਲਿਆ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੈਨ ਇੰਟਰਨੈੱਟ ‘ਤੇ ਗੇਮ ਖੇਡਣ ਦਾ ਆਦੀ ਸੀ। ਉਸ ਨੂੰ ਪਲੇਅਰ ਅਨਨੋਨ ਬੈਟਲਗ੍ਰਾਉਂਡਸ (PUBG) ਖੇਡਣ ਦੀ ਲਤ ਸੀ। ਉਹ ਸਾਰਾ ਦਿਨ ਸਿਰਫ਼ PUBG ਖੇਡਦਿਆਂ ਹੀ ਗੁਜ਼ਾਰਦਾ ਸੀ। ਪਰਿਵਾਰ ਉਸ ਨੂੰ ਕਈ ਆਨਲਾਈਨ ਗੇਮਾਂ ਖੇਡਣ ‘ਤੇ ਰੋਕਦਾ ਸੀ। ਇਸ ਗੱਲ ਨੂੰ ਲੈ ਕੇ ਘਰ ‘ਚ ਝਗੜਾ ਰਹਿੰਦਾ ਸੀ।
ਪਿਛਲੇ ਸਾਲ ਅਪ੍ਰੈਲ ਵਿੱਚ ਜੈਨ ਨੇ ਆਪਣੇ ਪਰਿਵਾਰ ਨੂੰ ਰਸਤੇ ਤੋਂ ਕੱਢਣ ਦੀ ਸਾਜ਼ਿਸ਼ ਰਚੀ। ਉਸ ਨੇ ਆਪਣੀ ਮਾਂ, ਭੈਣ, ਭਰਾ ਅਤੇ ਭਰਜਾਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੂੰ ਘਰ ਤੋਂ ਡਾਕਟਰ ਨਾਹੀਦ ਮੁਬਾਰਿਕ (40), ਮਹਨੂਰ (16), ਜੰਨਤ ਫਾਤਿਮਾ (8) ਅਤੇ ਤੈਮੂਰ (21) ਦੀਆਂ ਲਾਸ਼ਾਂ ਮਿਲੀਆਂ।
ਪੁਲਿਸ ਮੁਤਾਬਕ ਜੈਨ ਨੇ ਲਾਹੌਰ ਦੇ ਨਵਾ ਕੋਟ ਇਲਾਕੇ ਵਿੱਚ PUBG ਗੇਮ ਨੂੰ ਲੈ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਝਗੜੇ ਤੋਂ ਬਾਅਦ ਚਾਰਾਂ ਨੂੰ ਗੋਲੀ ਮਾਰ ਦਿੱਤੀ। ਪੁਲਿਸ ਅਜੇ ਵੀ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ।