ਇਮਰਾਨ ਖਾਨ ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਦਫਤਰ ਦੇ ਬਾਹਰ ਹਿੰਸਕ ਪ੍ਰਦਰਸ਼ਨ ਦੇ ਮਾਮਲੇ ‘ਚ ਸੋਮਵਾਰ ਨੂੰ ਲਾਹੌਰ ਹਾਈ ਕੋਰਟ ‘ਚ ਪੇਸ਼ ਹੋਏ। ਉਨ੍ਹਾਂ ਨੂੰ ਵੀਲ੍ਹ ਚੇਅਰ ‘ਤੇ ਬਿਠਾ ਕੇ ਅਦਾਲਤ ਵਿਚ ਲਿਜਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਕੋਰਟ ਵਿੱਚ ਸੁਰੱਖਿਆਤਮਕ ਜ਼ਮਾਨਤ ਪਟੀਸ਼ਨ ਦਾਇਰ ਕੀਤੀ। ਸਥਾਨਕ ਮੀਡੀਆ ਮੁਤਾਬਕ ਇਹ ਪਟੀਸ਼ਨ ਹਿੰਸਕ ਪ੍ਰਦਰਸ਼ਨ ਦੇ ਸਬੰਧ ‘ਚ ਸੰਗਜਾਨੀ ਪੁਲਸ ਸਟੇਸ਼ਨ ‘ਚ ਦਰਜ ਕੀਤੇ ਗਏ ਮਾਮਲੇ ‘ਚ ਵੀ ਦਾਇਰ ਕੀਤੀ ਗਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਅਦਾਲਤ ਨੇ ਇਮਰਾਨ ਖਾਨ ਦੀ ਅੰਤਰਿਮ ਜ਼ਮਾਨਤ ਦੀ ਅਰਜ਼ੀ ਨੂੰ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਸੋਮਵਾਰ ਦੁਪਹਿਰ 2 ਵਜੇ ਤੱਕ ਪੇਸ਼ ਹੋਣ ਦਾ ਆਖਰੀ ਮੌਕਾ ਦਿੱਤਾ ਸੀ ਪਰ ਪੇਸ਼ ਨਾ ਹੋਣ ‘ਤੇ ਸਮਾਂ 5 ਵਜੇ ਤੱਕ ਵਧਾ ਦਿੱਤਾ ਗਿਆ। ਇਸ ਦੇ ਬਾਵਜੂਦ ਇਮਰਾਨ ਖਾਨ ਇਸ ਮਾਮਲੇ ‘ਚ ਦੇਰ ਨਾਲ ਪੇਸ਼ ਹੋਏ।
ਇਮਰਾਨ ਖਾਨ ਦੀ ਪੇਸ਼ੀ ਨੂੰ ਲੈ ਕੇ ਲਾਹੌਰ ਹਾਈ ਕੋਰਟ ‘ਚ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਹਨ। ਮੁੱਖ ਗੇਟ ‘ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਦੂਜੇ ਪਾਸੇ ਇਮਰਾਨ ਖਾਨ ਦੇ ਸਮਰਥਕ ਵੀ ਹਾਈ ਕੋਰਟ ਦੇ ਬਾਹਰ ਮੌਜੂਦ ਹਨ।