ਵਰਲਡ ਡੈਸਕ – ਪਾਕਿਸਤਾਨ ਸਰਕਾਰ ਨੇ ਬੀਤੇ ਮੰਗਲਵਾਰ ਨੂੰ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਪਾਸਪੋਰਟ ਨਵੀਨੀਕਰਣ ਨਹੀਂ ਕਰੇਗੀ, ਜੋ ਇਸ ਸਮੇਂ ਲੰਡਨ ‘ਚ ਰਹਿ ਰਹੇ ਹਨ।
ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਇਹ ਐਲਾਨ ਸ਼ਰੀਫ ਦੇ ਪਾਸਪੋਰਟ ਦੀ ਮਿਆਦ ਪੁੱਗਣ ਦੀ ਸੰਭਾਵਨਾ ਤੋਂ ਪਹਿਲਾਂ ਕੀਤਾ ਸੀ। ਹਾਲਾਂਕਿ, ਰਾਸ਼ਿਦ ਨੇ ਕਿਹਾ ਕਿ ਜੇ ਸ਼ਰੀਫ ਵਾਪਸ ਆਉਣਾ ਚਾਹੁੰਦਾ ਹੈ, ਤਾਂ ਸਰਕਾਰ ਉਸ ਨੂੰ ਵਾਪਸ ਆਉਣ ‘ਚ ਸਹਾਇਤਾ ਲਈ ਇੱਕ ਵਿਸ਼ੇਸ਼ ਸਰਟੀਫਿਕੇਟ ਜਾਰੀ ਕਰ ਸਕਦੀ ਹੈ।
ਪਾਸਪੋਰਟ ਦੇ ਨਵੀਨੀਕਰਨ ਤੋਂ ਇਨਕਾਰ ਕਰਨ ਦਾ ਕਾਰਨ ਦਿੰਦਿਆਂ ਰਾਸ਼ਿਦ ਨੇ ਕਿਹਾ ਕਿ ਸ਼ਰੀਫ ਦਾ ਨਾਮ ਉਡਾਨ-ਪ੍ਰਤਿਬੰਧਿਤ (ਨੋ ਫਲਾਈ) ਸੂਚੀ ‘ਚ ਹੈ ਤੇ ਸ਼ਰੀਫ ਨੇ ਅਦਾਲਤ ਦੇ ਆਦੇਸ਼ਾਂ ਦੇ ਬਾਵਜੂਦ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਰਾਸ਼ਿਦ ਨੇ ਕਿਹਾ ਕਿ ਨਵਾਜ਼ ਸ਼ਰੀਫ ਤੇ ਮਰੀਅਮ ਨਵਾਜ਼ ਦੇ ਨਾਮ 20 ਅਗਸਤ, 2018 ਤੋਂ ਐਗਜ਼ਿਟ ਕੰਟਰੋਲ ਸੂਚੀ (ਈਸੀਐਲ) ‘ਚ ਹਨ। ਜਿਨ੍ਹਾਂ ਦੇ ਨਾਮ ਈਸੀਐਲ ‘ਚ ਹਨ, ਉਨ੍ਹਾਂ ਨੂੰ ਪਾਸਪੋਰਟ ਜਾਰੀ ਨਹੀਂ ਕੀਤਾ ਜਾਂਦਾ ਤੇ ਨਾ ਹੀ ਨਵੀਨੀਕਰਣ ਕੀਤਾ ਜਾਂਦਾ ਹੈ।
ਇਸਤੋਂ ਇਲਾਵਾ ਰਾਸ਼ਿਦ ਨੇ ਕਿਹਾ ਕਿ ਇਸਲਾਮਾਬਾਦ ਹਾਈ ਕੋਰਟ ਨੇ ਸ਼ਰੀਫ ਨੂੰ ਵਾਪਸ ਜਾਣ ਦਾ ਆਦੇਸ਼ ਦਿੱਤਾ ਸੀ ਪਰ ਸਾਬਕਾ ਪ੍ਰਧਾਨ ਮੰਤਰੀ ਨੇ ਇਸ ਦੀ ਪਾਲਣਾ ਨਹੀਂ ਕੀਤੀ।