ਵਾਸ਼ਿੰਗਟਨ/ਇਸਲਾਮਾਬਾਦ: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਖੇ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਵੱਲੋਂ ‘ਦ ਰੇਜ਼ਿਸਟੈਂਸ ਫਰੰਟ’ (TRF) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨਣ ‘ਤੇ ਹੁਣ ਪਾਕਿਸਤਾਨ ਨੇ ਖੁੱਲ੍ਹ ਕੇ ਆਪਣਾ ਸਟੈਂਡ ਸਪਸ਼ਟ ਕੀਤਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਮੁਹੰਮਦ ਇਸ਼ਾਕ ਡਾਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੁਬਿਓ ਨਾਲ ਵਾਸ਼ਿੰਗਟਨ ‘ਚ ਹੋਈ ਮੀਟਿੰਗ ਤੋਂ ਬਾਅਦ ਕਿਹਾ ਕਿ ਜੇ TRF ਨੂੰ ਲੈ ਕੇ ਅਮਰੀਕਾ ਕੋਲ ਕੋਈ ਠੋਸ ਸਬੂਤ ਹਨ ਤਾਂ ਪਾਕਿਸਤਾਨ ਉਹ ਸਾਂਝੇ ਕਰਨ ਦਾ ਸਵਾਗਤ ਕਰੇਗਾ।
ਡਾਰ ਨੇ ਇਹ ਵੀ ਦਾਅਵਾ ਕੀਤਾ ਕਿ TRF ਨਾਲ ਪਾਕਿਸਤਾਨ ਜਾਂ ਲਸ਼ਕਰ-ਏ-ਤੋਇਬਾ ਦਾ ਕੋਈ ਲੇਣਾ-ਦੇਣਾ ਨਹੀਂ। ਉਨ੍ਹਾਂ ਕਿਹਾ, “ਲਸ਼ਕਰ-ਏ-ਤੋਇਬਾ ‘ਤੇ ਸਾਲਾਂ ਪਹਿਲਾਂ ਕਾਰਵਾਈ ਹੋ ਚੁੱਕੀ ਹੈ। ਲੋਕ ਗ੍ਰਿਫ਼ਤਾਰ ਹੋਏ, ਸੰਸਥਾ ਖਤਮ ਹੋ ਚੁੱਕੀ। TRF ਨਾਲ ਪਾਕਿਸਤਾਨ ਦਾ ਕੋਈ ਨਾਤਾ ਨਹੀਂ।”
ਭਾਰਤ ਅਤੇ ਅਮਰੀਕਾ ਦੋਹਾਂ ਨੂੰ ਇਹ ਵਿਸ਼ਵਾਸ ਹੈ ਕਿ TRF, ਲਸ਼ਕਰ-ਏ-ਤੋਇਬਾ ਦੀ ਹੀ ਇਕ ਨਵੀਂ ਸ਼ਾਖਾ ਹੈ, ਜਿਸ ਨੇ 22 ਅਪ੍ਰੈਲ ਦੇ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਵੀ ਲੈ ਲਈ ਸੀ।
ਡਾਰ ਨੇ ਇਹ ਵੀ ਦੱਸਿਆ ਕਿ ਪਹਿਲਗਾਮ ਹਮਲੇ ਦੀ ਨਿੰਦਾ ਕਰਨ ਵਾਲੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (UNSC) ਦੇ ਬਿਆਨ ‘ਚ TRF ਦਾ ਜ਼ਿਕਰ ਕੀਤੇ ਜਾਣ ‘ਤੇ ਪਾਕਿਸਤਾਨ ਨੇ ਵਿਰੋਧ ਦਰਜ ਕਰਵਾਇਆ ਸੀ। ਉਨ੍ਹਾਂ ਕਿਹਾ ਕਿ “ਬਹੁਤ ਦੇਸ਼ਾਂ ਤੋਂ ਸਾਡੇ ਕੋਲ ਕਾਲ ਆਈਆਂ, ਪਰ ਅਸੀਂ TRF ਦੇ ਨਾਂ ਨੂੰ ਹਟਵਾਉਣ ‘ਚ ਸਫਲ ਰਹੇ।”
ਹਾਲਾਂਕਿ ਅਮਰੀਕਾ ਨੇ TRF ਨੂੰ ਵਿਦੇਸ਼ੀ ਅੱਤਵਾਦੀ ਸੰਗਠਨ (FTO) ਅਤੇ ਵਿਸ਼ੇਸ਼ ਰੂਪ ‘ਚ ਨਾਮਜ਼ਦ ਅੱਤਵਾਦੀ (SDGT) ਘੋਸ਼ਿਤ ਕਰ ਦਿੱਤਾ ਹੈ।
ਭਾਰਤ ਦਾ ਰੁੱਖ:
ਭਾਰਤ ਨੇ ਪਹਿਲਾਂ ਹੀ 2023 ਵਿੱਚ TRF ਨੂੰ UAPA ਕਾਨੂੰਨ ਹੇਠ ਅੱਤਵਾਦੀ ਸੰਗਠਨ ਐਲਾਨ ਦਿੱਤਾ ਸੀ। ਦੱਖਣ ਏਸ਼ੀਆ ਟੈਰਰਿਜ਼ਮ ਪੋਰਟਲ ਮੁਤਾਬਕ, TRF ਦੀ ਸ਼ੁਰੂਆਤ 2019 ਵਿੱਚ ਹੋਈ ਸੀ ਅਤੇ ਇਨ੍ਹਾਂ ਵਲੋਂ ਕਈ ਹਮਲਿਆਂ ਦੀ ਜ਼ਿੰਮੇਵਾਰੀ ਲੈ ਚੁੱਕੀ ਹੈ।
ਭਾਰਤ ਨੇ 2023, ਮਈ 2024 ਅਤੇ ਨਵੰਬਰ 2024 ਵਿੱਚ ਸੰਯੁਕਤ ਰਾਸ਼ਟਰ ਦੀ 1267 ਕਮੇਟੀ ਸਾਹਮਣੇ TRF ਵਿਰੁੱਧ ਸਬੂਤ ਪੇਸ਼ ਕੀਤੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਹਾਲੀਆ ਬਿਆਨ ‘ਚ ਕਿਹਾ ਸੀ ਕਿ, “ਭਾਰਤ ਸੈਰ-ਸਪਾਟੇ ‘ਤੇ ਵਿਸ਼ਵਾਸ ਕਰਦਾ ਹੈ, ਪਰ ਪਾਕਿਸਤਾਨ ਦੇ ਅੰਦਰ ਅੱਤਵਾਦ ਹੀ ਸੈਰ-ਸਪਾਟਾ ਹੈ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।