‘ਤਾਲਿਬਾਨ ਨਾਲ ਦੋਸਤੀ ਪਾਕਿਸਤਾਨ ਦੀ ਵੱਡੀ ਗਲਤੀ ਸੀ’: ਰੱਖਿਆ ਮੰਤਰੀ ਦਾ ਵੱਡਾ ਬਿਆਨ

Global Team
3 Min Read

ਨਿਊਜ਼ ਡੈਸਕ: ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ ਨੇ ਮੰਨਿਆ ਹੈ ਕਿ ਤਾਲਿਬਾਨ ਨਾਲ ਦੋਸਤੀ ਕਰਨਾ ਪਾਕਿਸਤਾਨ ਦੀ ਵੱਡੀ ਗਲਤੀ ਸੀ ਅਤੇ ਹੁਣ ਦੇਸ਼ ਨੂੰ ਇਸ ਦਾ ਨਤੀਜਾ ਭੁਗਤਣਾ ਪੈ ਰਿਹਾ ਹੈ। ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਲਈ ਪਹੁੰਚੇ ਖ਼ਵਾਜਾ ਆਸਿਫ ਤੋਂ ਇੱਕ ਅਫ਼ਗਾਨ ਮਹਿਲਾ ਪੱਤਰਕਾਰ ਨੇ ਤਾਲਿਬਾਨ ਦੀਆਂ ਔਰਤਾਂ ਸਬੰਧੀ ਨੀਤੀਆਂ ਬਾਰੇ ਸਵਾਲ ਕੀਤਾ। ਇਸ ਦੌਰਾਨ ਉਨ੍ਹਾਂ ਦੇ ਇੱਕ ਇਸ਼ਾਰੇ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।

ਮਹਿਲਾ ਪੱਤਰਕਾਰ ਨੇ ਖ਼ਵਾਜਾ ਆਸਿਫ ਨੂੰ ਪੁੱਛਿਆ ਕਿ ਅਫ਼ਗਾਨ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਤਾਲਿਬਾਨ ਦੀ ਨੀਤੀ ’ਤੇ ਪਾਕਿਸਤਾਨ ਦਾ ਕੀ ਸੰਦੇਸ਼ ਹੈ ਅਤੇ ਜਦੋਂ ਪਾਕਿਸਤਾਨ ਨੇ ਸ਼ੁਰੂਆਤ ਵਿੱਚ ਤਾਲਿਬਾਨ ਨਾਲ ਸਬੰਧ ਬਣਾਏ ਸਨ ਤਾਂ ਉਸ ਨੂੰ ਔਰਤਾਂ ਦੇ ਹੱਕਾਂ ਬਾਰੇ ਕਿਉਂ ਨਹੀਂ ਸਮਝਾਇਆ ਗਿਆ।

ਇਸ ਦੇ ਜਵਾਬ ਵਿੱਚ ਖ਼ਵਾਜਾ ਆਸਿਫ ਨੇ ਪੱਤਰਕਾਰ ਦੇ ਕੱਪੜਿਆਂ ਵੱਲ ਇਸ਼ਾਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਗਲਾ ਕੱਟਣ ਵਰਗਾ ਇਸ਼ਾਰਾ ਕਰਦਿਆਂ ਕਿਹਾ ਕਿ ‘‘ਉੱਥੇ ਅਜਿਹਾ ਨਾ ਜਾਣਾ।’’

ਖ਼ਵਾਜਾ ਆਸਿਫ ਦੇ ਇਸ ਇਸ਼ਾਰੇ ਅਤੇ ਉਨ੍ਹਾਂ ਵੱਲੋਂ ਤਾਲਿਬਾਨ ਨਾਲ ਦੋਸਤੀ ਨੂੰ ਗਲਤੀ ਦੱਸਣ ਵਾਲੀ ਗੱਲ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਕੁਝ ਲੋਕ ਗੰਭੀਰ ਸਵਾਲ ਦੇ ਜਵਾਬ ਦੌਰਾਨ ਹੱਸਣ ਅਤੇ ਇਸ਼ਾਰੇ ਕਰਨ ਨੂੰ ਲੈ ਕੇ ਵੀ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ।

ਤਾਲਿਬਾਨ ਨਾਲ ਰਿਸ਼ਤੇ ਕਿਉਂ ਵਿਗੜੇ?

2021 ਵਿੱਚ ਤਾਲਿਬਾਨ ਦੇ ਅਫ਼ਗਾਨਿਸਤਾਨ ਦੀ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਪਾਕਿਸਤਾਨ ਨੇ ਇਸ ਨੂੰ ਆਪਣੇ ਲਈ ਫ਼ਾਇਦੇਮੰਦ ਮੰਨਿਆ ਸੀ। ਹਾਲਾਂਕਿ ਸਮੇਂ ਦੇ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਣਾਅ ਵਧਦਾ ਗਿਆ।

ਪਾਕਿਸਤਾਨ ਦਾ ਦੋਸ਼ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਦੇ ਲੜਾਕੂ ਅਫ਼ਗਾਨਿਸਤਾਨ ਵਿੱਚ ਟਿਕਾਣੇ ਬਣਾ ਕੇ ਪਾਕਿਸਤਾਨ ਵਿੱਚ ਹਮਲੇ ਕਰਦੇ ਹਨ। ਦੂਜੇ ਪਾਸੇ ਤਾਲਿਬਾਨ ਪਾਕਿਸਤਾਨ ਦੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਹੈ।

ਦੋਵਾਂ ਦੇਸ਼ਾਂ ਵਿਚਾਲੇ ਡੂਰੰਡ ਲਾਈਨ ਨੂੰ ਲੈ ਕੇ ਵੀ ਲੰਬੇ ਸਮੇਂ ਤੋਂ ਵਿਵਾਦ ਚੱਲਦਾ ਆ ਰਿਹਾ ਹੈ। ਸਰਹੱਦ ’ਤੇ ਵਾੜ ਲਗਾਉਣ, ਚੌਕੀਆਂ ਬਣਾਉਣ ਅਤੇ ਲੋਕਾਂ ਦੀ ਆਵਾਜਾਈ ਵਰਗੇ ਮੁੱਦਿਆਂ ਨੂੰ ਲੈ ਕੇ ਦੋਵਾਂ ਪਾਸਿਆਂ ਦੇ ਸੁਰੱਖਿਆ ਬਲਾਂ ਵਿਚਾਲੇ ਕਈ ਵਾਰ ਝੜਪਾਂ ਹੋ ਚੁੱਕੀਆਂ ਹਨ।

ਅਫ਼ਗਾਨਿਸਤਾਨ ’ਚ ਪਾਕਿਸਤਾਨੀ ਹਮਲੇ

ਪਾਕਿਸਤਾਨੀ ਅਖ਼ਬਾਰ ‘ਡਾਨ’ ਮੁਤਾਬਕ, ਪਾਕਿਸਤਾਨ ਨੇ ਵੀਰਵਾਰ ਤੜਕੇ ਅਫ਼ਗਾਨਿਸਤਾਨ ਵਿੱਚ 10 ਥਾਵਾਂ ’ਤੇ ਹਵਾਈ ਅਤੇ ਡਰੋਨ ਹਮਲੇ ਕੀਤੇ। ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਕਾਰਵਾਈ ਇੱਕ ਦਿਨ ਪਹਿਲਾਂ ਅਫ਼ਗਾਨਿਸਤਾਨ ਤੋਂ ਭੇਜੇ ਗਏ ਡਰੋਨ ਦੇ ਜਵਾਬ ਵਿੱਚ ਕੀਤੀ ਗਈ।

ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾਹ ਤਰਾਰ ਨੇ ਦਾਅਵਾ ਕੀਤਾ ਕਿ ਨਿਸ਼ਾਨਾ ਬਣਾਏ ਗਏ ਟਿਕਾਣਿਆਂ ’ਤੇ ਡਰੋਨ ਰੱਖੇ ਅਤੇ ਲਾਂਚ ਕੀਤੇ ਜਾਂਦੇ ਸਨ। ਉਨ੍ਹਾਂ ਮੁਤਾਬਕ ਕਾਰਵਾਈ ਸਿਰਫ਼ ਉਨ੍ਹਾਂ ਥਾਵਾਂ ਤੱਕ ਸੀਮਤ ਰੱਖੀ ਗਈ, ਜਿਨ੍ਹਾਂ ਦਾ ਪਾਕਿਸਤਾਨ ’ਤੇ ਹੋਏ ਹਮਲਿਆਂ ਨਾਲ ਸਬੰਧ ਸੀ।

ਉਧਰ, ਅਫ਼ਗਾਨਿਸਤਾਨ ਨੇ ਇਨ੍ਹਾਂ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ। ਅਫ਼ਗਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਨੇ ਦਾਅਵਾ ਕੀਤਾ ਕਿ ਹਮਲਿਆਂ ਵਿੱਚ ਚਾਰ ਅਫ਼ਗਾਨ ਨਾਗਰਿਕਾਂ ਦੀ ਮੌਤ ਹੋਈ ਹੈ। ਉਨ੍ਹਾਂ ਇਸ ਨੂੰ ਖੁੱਲ੍ਹੀ ਆਕਰਮਕਤਾ ਅਤੇ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਦੱਸਦਿਆਂ ਪਾਕਿਸਤਾਨ ਨੂੰ ‘ਗੰਭੀਰ ਨਤੀਜੇ’ ਭੁਗਤਣ ਦੀ ਚੇਤਾਵਨੀ ਦਿੱਤੀ ਹੈ।

Share This Article
Leave a Comment