ਪਾਕਿਸਤਾਨ ‘ਚ ਰੇਲਵੇ ਸਟੇਸ਼ਨ ‘ਤੇ ਜ਼ਬਰਦਸਤ ਬੰਬ ਧਮਾਕਾ, 24 ਲੋਕਾਂ ਦੀ ਮੌਕੇ ‘ਤੇ ਹੀ ਮੌਤ, 50 ਜ਼ਖਮੀ

Global Team
2 Min Read

ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਸਵੇਰੇ ਹੋਏ ਧਮਾਕੇ ‘ਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਹੈ। 50 ਤੋਂ ਵੱਧ ਜ਼ਖਮੀ ਹਨ। ਪਾਕਿਸਤਾਨੀ ਨਿਊਜ਼ ਵੈੱਬਸਾਈਟ ਟ੍ਰਿਬਿਊਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਇਹ ਹਾਦਸਾ ਜਾਫਰ ਐਕਸਪ੍ਰੈਸ ਦੇ ਪਲੇਟਫਾਰਮ ‘ਤੇ ਪਹੁੰਚਣ ਤੋਂ ਠੀਕ ਪਹਿਲਾਂ ਵਾਪਰਿਆ।

ਕਵੇਟਾ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਟਰੇਨ ਨੇ 9 ਵਜੇ ਪੇਸ਼ਾਵਰ ਲਈ ਰਵਾਨਾ ਹੋਣਾ ਸੀ। ਹਾਦਸੇ ਦੇ ਸਮੇਂ ਯਾਤਰੀ ਟਰੇਨ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਧਮਾਕੇ ਦੇ ਸਮੇਂ ਪਲੇਟਫਾਰਮ ‘ਤੇ 100 ਦੇ ਕਰੀਬ ਲੋਕ ਮੌਜੂਦ ਸਨ।

ਧਮਾਕਾ ਕਿਸ ਕਾਰਨ ਹੋਇਆ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਇਹ ਆਤਮਘਾਤੀ ਧਮਾਕਾ ਜਾਪਦਾ ਹੈ। ਹਾਲਾਂਕਿ ਮਾਮਲੇ ਦੀ ਜਾਂਚ ਜਾਰੀ ਹੈ, ਪਰ ਅਜੇ ਕੁਝ ਵੀ ਪੁਸ਼ਟੀ ਕਰਨਾ ਜਲਦਬਾਜ਼ੀ ਹੋਵੇਗੀ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਅਜੇ ਤੱਕ ਕਿਸੇ ਅੱਤਵਾਦੀ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਧਮਾਕੇ ਤੋਂ ਬਾਅਦ ਜ਼ਖਮੀਆਂ ਨੂੰ ਕਵੇਟਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਸੰਕਟ ਨਾਲ ਨਜਿੱਠਣ ਲਈ ਹੋਰ ਹਸਪਤਾਲਾਂ ਤੋਂ ਡਾਕਟਰਾਂ ਅਤੇ ਨਰਸਾਂ ਨੂੰ ਵੀ ਬੁਲਾਇਆ ਗਿਆ ਹੈ। ਹਸਪਤਾਲ ਮੁਤਾਬਕ ਫਿਲਹਾਲ 46 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਘਟਨਾ ਤੋਂ ਬਾਅਦ ਹੰਗਾਮੀ ਮੀਟਿੰਗ ਬੁਲਾਈ ਅਤੇ ਤੁਰੰਤ ਜਾਂਚ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਨਿਰਦੋਸ਼ਾਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਰਾਜ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਨੇ ਕਿਹਾ ਕਿ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਸਟੇਸ਼ਨ ਨੂੰ ਸੁਰੱਖਿਅਤ ਕਰ ਲਿਆ ਹੈ। ਉੱਥੇ ਬੰਬ ਨਿਰੋਧਕ ਮਾਹਿਰ ਕੰਮ ਕਰ ਰਹੇ ਹਨ। ਘਟਨਾ ਦੀ ਅਧਿਕਾਰਤ ਰਿਪੋਰਟ ਜਲਦੀ ਹੀ ਆਵੇਗੀ।

Share This Article
Leave a Comment