ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨਾਲ ਨਜਿੱਠਣ ਲਈ 75 ਪੀ.ਐਸ.ਏ. ਪਲਾਂਟ ਲਗਾਏ ਜਾਣਗੇ : ਮੁੱਖ ਸਕੱਤਰ

TeamGlobalPunjab
4 Min Read

ਚੰਡੀਗੜ੍ਹ : ‘ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਅਤੇ ਸਾਰੀਆਂ ਸਿਹਤ ਸੰਭਾਲ ਸੰਸਥਾਵਾਂ ਸਮੇਤ ਪ੍ਰਾਈਵੇਟ ਹਸਪਤਾਲਾਂ ਵਿੱਚ ਲੋੜੀਂਦੀ ਮੈਡੀਕਲ ਆਕਸੀਜਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਅਹਿਮ ਉਪਰਾਲਾ ਕੀਤਾ ਜਾ ਰਿਹਾ ਹੈ। ਸੂਬੇ ਦੇ ਸਾਰੇ ਜਿਲਿਆਂ ਵਿੱਚ 75 ਪ੍ਰੈਸ਼ਰ ਸਵਿੰਗ ਐਡਜ਼ੋਰਪਸ਼ਨ (ਪੀ.ਐਸ.ਏ.) ਪਲਾਂਟ ਸਥਾਪਤ ਕੀਤੇ ਜਾਣਗੇ ਤਾਂ ਜੋ ਅਤਿ-ਸੰਭਾਵਿਤ ਤੀਜੀ ਕੋਵਿਡ ਲਹਿਰ ਦਾ ਡੱਟ ਕੇ ਮੁਕਾਬਲਾ ਕੀਤਾ ਜਾ ਸਕੇ।’ ਇਹ ਪ੍ਰਗਟਾਵਾ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਐਤਵਾਰ ਨੂੰ ਇਥੇ ਸੂਬੇ ਦੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਮੈਡੀਕਲ ਆਕਸੀਜਨ ਦੇ ਪ੍ਰਬੰਧਨ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਹਨਾਂ ਸੀਨੀਅਰ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਜ ਵਿੱਚ ਪੀ.ਐਸ.ਏ. ਦੇ ਸਾਰੇ ਪਲਾਂਟਾਂ ਨੂੰ ਜਲਦ ਕਾਰਜ਼ਸੀਲ ਬਣਾਉਣ ਲਈ ਠੋਸ ਕਦਮ ਚੁੱਕੇ ਜਾਣ।

ਜ਼ਿਕਰਯੋਗ ਹੈ ਕਿ ਬਰਨਾਲਾ ਅਤੇ ਨੰਗਲ ਵਿਖੇ ਦੋ ਪਲਾਂਟ ਪਹਿਲਾਂ ਹੀ ਕਾਰਜਸ਼ੀਲ ਹਨ ਅਤੇ ਬਾਕੀਆਂ ਦਾ ਕੰਮ ਜੋਰਾਂ-ਸ਼ੋਰਾਂ ‘ਤੇ ਚੱਲ ਰਿਹਾ ਹੈ। ਮੈਡੀਕਲ ਕਾਲਜ ਅੰੰਮ੍ਰਿਤਸਰ ਅਤੇ ਪਟਿਆਲਾ ਵਿਖੇ ਵੀ ਦੋ ਨਵੇਂ ਟ੍ਰਾਇਲ ਪਲਾਂਟ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਲਈ ਸਾਰੇ ਸਰਕਾਰੀ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿੱਚ 5,000(ਓ.ਸੀਜ਼.) ਤੋਂ ਵੱਧ ਆਕਸੀਜਨ ਕੰਸਨਟ੍ਰੇਟਰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਇਸਦੇ ਨਾਲ ਹੀ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਖਰੀਦੇ ਗਏ 3,000 ਓ.ਸੀਜ਼. ਵੀ ਸੂਬੇ ਦੇ ਹਸਪਤਾਲਾਂ ਵਿਚ ਵੰਡੇ ਜਾ ਰਹੇ ਹਨ।

ਮੁੱਖ ਸਕੱਤਰ ਨੇ ਰਾਜ ਆਕਸੀਜਨ ਪ੍ਰਬੰਧਨ ਗਰੁੱਪ ਦਾ ਵੀ ਗਠਨ ਕੀਤਾ ਹੈ, ਜਿਸ ਦੀ ਅਗਵਾਈ ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਸ੍ਰੀਮਤੀ ਜਸਪ੍ਰੀਤ ਤਲਵਾੜ ਕਰ ਰਹੇ ਹਨ ਅਤੇ ਡਾਇਰੈਕਟਰ ਉਦਯੋਗ ਅਤੇ ਵਣਜ ਵਿਭਾਗ ਸੀ.ਸਿਬਿਨ ਅਤੇ ਐਮ.ਡੀ. ਪੰਜਾਬ ਸਿਹਤ ਪ੍ਰਣਾਲੀ ਨਿਗਮ ਤਨੂ ਕਸ਼ਯੱਪ ਅਤੇ ਵਧੀਕ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਅਮਿਤ ਤਲਵਾੜ ਇਸਦੇ ਮੈਂਬਰ ਹਨ। ਸ੍ਰੀਮਤੀ ਜਸਪ੍ਰੀਤ ਤਲਵਾੜ ਨੂੰ ਇਸ ਸਬੰਧ ਵਿਚ ਭਾਰਤ ਸਰਕਾਰ ਨਾਲ ਰਾਬਤਾ ਬਣਾਈ ਰੱਖਣ ਲਈ ਸਟੇਟ ਨੋਡਲ ਅਧਿਕਾਰੀ ਵਜੋਂ ਵੀ ਨਿਯੁਕਤ ਕੀਤਾ ਗਿਆ ਹੈ।

ਸੂਬੇ ਵਿਚ ਮੈਡੀਕਲ ਆਕਸੀਜਨ ਦੀ ਉਪਲਬਧਤਾ ਅਤੇ ਲੋੜ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਸਕੱਤਰ ਨੇ ਨਵੇਂ ਬਣੇ ਸਮੂਹ ਨੂੰ ਜਨਤਕ ਅਤੇ ਨਿੱਜੀ ਸਿਹਤ ਸੰਸਥਾਵਾਂ ਵਿੱਚ ਮੈਡੀਕਲ ਆਕਸੀਜਨ ਦੀ ਅਸਲ ਲੋੜ , ਆਕਸੀਜਨ (ਐਲ.ਐਮ.ਓ) ਪਲਾਂਟ, ਪੀ.ਐਸ.ਏ. ਪਲਾਂਟ ਅਤੇ ਓ.ਸੀ. ਦੀ ਲੋੜ ਤੋਂ ਇਲਾਵਾ ਲੋੜੀਂਦੀਆਂ ਸਟੋਰੇਜ ਅਤੇ ਟ੍ਰਾਂਸਪੋਰਟ ਸਹੂਲਤਾਂ ਅਤੇ ਐਮ.ਓ ਸਿਲੰਡਰਾਂ ਦੀ ਉਪਲਬਧਤਾ ਬਾਰੇ ਮੁਲਾਂਕਣ ਰਿਪੋਰਟ ਤਿਆਰ ਕਰਨ ਲਈ ਵੀ ਕਿਹਾ।

- Advertisement -

ਰਾਜ ਵਿੱਚ ਪੀ.ਐਸ.ਏ. ਪਲਾਂਟਾਂ ਦੀ ਉਪਲਬਧਤਾ ਨੂੰ ਅਪਡੇਟ ਕਰਦਿਆਂ ਸ੍ਰੀਮਤੀ ਜਸਪ੍ਰੀਤ ਤਲਵਾੜ ਨੇ ਮੀਟਿੰਗ ਨੂੰ ਦੱਸਿਆ ਕਿ ਪੰਜਾਬ ਕੋਲ 1,400 ਲੀਟਰ ਪ੍ਰਤੀ ਮਿੰਟ (ਐਲ.ਪੀ.ਐਮ.) ਦੀ ਸਮਰੱਥਾ ਵਾਲੇ ਆਪਣੇ 2 ਪੀ.ਐਸ.ਏ. ਪਲਾਂਟ ਮੌਜੂਦ ਹਨ। ਜਦਕਿ ਭਾਰਤ ਸਰਕਾਰ ਨੇ 30,500 ਐਲ.ਪੀ.ਐਮ. ਦੀ ਸਮਰੱਥਾ ਵਾਲੇ 42 ਹੋਰ ਪਲਾਂਟ ਮਨਜੂਰ ਕੀਤੇ ਹਨ, ਇਸ ਤੋਂ ਇਲਾਵਾ ਦਾਨੀ-ਸੱਜਣਾਂ ਵਲੋਂ 16,977 ਐਲ.ਪੀ.ਐਮ. ਦੀ ਸਮਰੱਥਾ ਵਾਲੇ 33 ਪਲਾਂਟ ਮੁਹੱਈਆ ਕਰਵਾਏ ਜਾ ਚੁੱਕੇ ਹਨ।

ਮੁੱਖ ਸਕੱਤਰ ਨੂੰ ਦੱਸਿਆ ਗਿਆ ਕਿ ਸੂਬੇ ਵਿਚ 34,000 ਮੈਡੀਕਲ ਆਕਸੀਜਨ ਸਿਲੰਡਰ ਪਹਿਲਾਂ ਹੀ ਉਪਲਬਧ ਹਨ, ਜਦਕਿ ਦਾਨੀ ਸੱਜਣਾਂ ਵਲੋਂ 2,500 ਹੋਰ ਸਿਲੰਡਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਦਾਨੀ-ਸੱਜਣਾਂ ਵਲੋਂ 1000 ਹੋਰ ਸਿਲੰਡਰ ਦਿੱਤੇ ਜਾਣਗੇ।

ਇਸ ਮੀਟਿੰਗ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ, ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਸਲਾਹਕਾਰ ਡਾ. ਕੇ.ਕੇ. ਤਲਵਾੜ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ (ਬੀ.ਐਫ.ਯੂ.ਐਚ.ਐਸ) ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਵੀ ਸ਼ਿਰਕਤ ਕੀਤੀ।

Share this Article
Leave a comment