ਨਿਊਜ਼ ਡੈਸਕ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਐਤਵਾਰ ਨੂੰ ਕੁਝ ਅੱਤਵਾਦੀਆਂ ਨੇ ਇਕ ਪੁਲਸ ਅਧਿਕਾਰੀ ਦੇ ਘਰ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਨਾਲ 8 ਲੋਕ ਜ਼ਖਮੀ ਹੋ ਗਏ। ਇੱਕ ਸਥਾਨਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਕਬਾਇਲੀ ਖੇਤਰ ਦੇ ਗੁਲਾਮ ਖਾਨ ਖੇਤਰ ਵਿੱਚ ਅਤਿਵਾਦੀਆਂ ਨੇ ਪੁਲਿਸ ਦੇ ਇੱਕ ਸਹਾਇਕ ਸਬ-ਇੰਸਪੈਕਟਰ (ਏਐਸਆਈ) ਦੇ ਘਰ ‘ਤੇ ਹਮਲਾ ਕੀਤਾ। ਇਸ ਦੌਰਾਨ ਏਐਸਆਈ, ਦੋ ਔਰਤਾਂ ਸਮੇਤ ਅੱਠ ਵਿਅਕਤੀ ਜ਼ਖ਼ਮੀ ਹੋ ਗਏ।
ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾ ਰਹੇ ਇਕ ਵਾਹਨ ‘ਤੇ ਵੀ ਰਸਤੇ ‘ਚ ਧਮਾਕਾ ਕੀਤਾ ਗਿਆ ਪਰ ਅਧਿਕਾਰੀ ਕਿਸੇ ਤਰ੍ਹਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ‘ਚ ਕਾਮਯਾਬ ਰਹੇ। ਤਿੰਨ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ, ਉੱਤਰੀ-ਪੱਛਮੀ ਖੇਤਰ ਵਿੱਚ ਇੱਕ ਅਣਪਛਾਤੇ ਬੰਦੂਕਧਾਰੀ ਦੀ ਗੋਲੀਬਾਰੀ ਵਿੱਚ ਇੱਕ ਟਰਾਂਸਜੈਂਡਰ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਸ ਮੁਤਾਬਕ ਇਹ ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ ਜਦੋਂ ਤਿੰਨ ਟਰਾਂਸਜੈਂਡਰ ਕੋਹਾਟ ਜ਼ਿਲੇ ‘ਚ ਆਯੋਜਿਤ ਇਕ ਸੰਗੀਤ ਪ੍ਰੋਗਰਾਮ ਤੋਂ ਘਰ ਪਰਤ ਰਹੇ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਟਰਾਂਸਜੈਂਡਰਾਂ ‘ਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।