ਪਾਕਿਸਤਾਨ: ਸਿਖਲਾਈ ਮਿਸ਼ਨ ਦੌਰਾਨ ਪਾਕਿਸਤਾਨ ਦੇ ਕਾਮਰਾ ਵਿੱਚ ਪਾਕਿਸਤਾਨ ਐਰੋਨੌਟਿਕਲ ਕੰਪਲੈਕਸ ਦੇ ਨੇੜੇ ਪਾਕਿਸਤਾਨੀ ਹਵਾਈ ਸੈਨਾ ਦਾ ਜੇਐੱਫ-17 ਥੰਡਰ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਰਿਪੋਰਟਾਂ ਅਨੁਸਾਰ, ਜਹਾਜ਼ ਵਿੱਚ ਤਕਨੀਕੀ ਖ਼ਰਾਬੀ ਆਉਣ ਦਾ ਖ਼ਦਸ਼ਾ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਹਾਲਾਂਕਿ, ਹਾਦਸੇ ਤੋਂ ਠੀਕ ਪਹਿਲਾਂ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ, ਪਰ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਆਮ ਨਾਗਰਿਕ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿੱਚ ਜਹਾਜ਼ ਨੂੰ ਹਾਦਸੇ ਤੋਂ ਪਹਿਲਾਂ ਉਡਾਣ ਭਰਦੇ ਦੇਖਿਆ ਗਿਆ, ਜਿਸ ਤੋਂ ਬਾਅਦ ਪਾਇਲਟ ਪੈਰਾਸ਼ੂਟ ਰਾਹੀਂ ਹੇਠਾਂ ਉਤਰਦੇ ਨਜ਼ਰ ਆਏ। ਉੱਥੇ ਹੀ, ਹਾਦਸੇ ਤੋਂ ਬਾਅਦ ਮਲਬੇ ਵਿੱਚੋਂ ਸੰਘਣਾ ਧੂੰਆਂ ਉੱਠਦਾ ਦਿਖਾਈ ਦਿੱਤਾ। ਘਟਨਾ ਵਾਲੀ ਥਾਂ ‘ਤੇ ਤੁਰੰਤ ਬਚਾਅ ਟੀਮਾਂ ਅਤੇ ਸਥਾਨਕ ਲੋਕ ਪਹੁੰਚ ਗਏ ਅਤੇ ਜ਼ਖਮੀ ਪਾਇਲਟਾਂ ਦੀ ਮਦਦ ਕੀਤੀ।
ਦੱਸ ਦਈਏ ਕਿ ਜੇਐੱਫ-17ਥੰਡਰ ਇੱਕ ਹਲਕਾ, ਇੱਕ ਇੰਜਣ ਵਾਲਾ ਮਲਟੀਰੋਲ ਲੜਾਕੂ ਜਹਾਜ਼ ਹੈ, ਜਿਸ ਨੂੰ ਪਾਕਿਸਤਾਨ ਅਤੇ ਚੀਨ ਨੇ ਮਿਲ ਕੇ ਤਿਆਰ ਕੀਤਾ ਹੈ। ਇਹ ਜਹਾਜ਼ ਹਵਾ ਵਿੱਚ ਦੁਸ਼ਮਣ ਨੂੰ ਰੋਕਣ, ਜ਼ਮੀਨ ‘ਤੇ ਹਮਲਾ ਕਰਨ, ਸਮੁੰਦਰੀ ਨਿਸ਼ਾਨਿਆਂ ‘ਤੇ ਵਾਰ ਕਰਨ ਅਤੇ ਜਾਸੂਸੀ ਵਰਗੇ ਕਈ ਕੰਮਾਂ ਲਈ ਵਰਤਿਆ ਜਾਂਦਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਹਾਲ ਹੀ ਦੇ ਸਾਲਾਂ ਵਿੱਚ ਪਾਕਿਸਤਾਨ ਵਿੱਚ ਚੀਨੀ ਮੂਲ ਦੇ ਲੜਾਕੂ ਜਹਾਜ਼ਾਂ ਦੀ ਇਹ ਸੱਤਵੀਂ ਦੁਰਘਟਨਾ ਦੱਸੀ ਜਾ ਰਹੀ ਹੈ। ਇਸ ਨਾਲ ਪਾਕਿਸਤਾਨ ਦੇ ਤੇਜ਼ੀ ਨਾਲ ਚੀਨ ‘ਤੇ ਨਿਰਭਰ ਹੁੰਦੇ ਜਾ ਰਹੇ ਹਵਾਈ ਬੇੜੇ ਦੀ ਭਰੋਸੇਯੋਗਤਾ ਅਤੇ ਰੱਖ-ਰਖਾਅ ‘ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

