ਕੋਰੋਨਾ ਸੰਕਟ : ਪਾਕਿਸਤਾਨ ‘ਚ ਕੋਰੋਨਾ ਕਾਰਨ 48 ਡਾਕਟਰਾਂ ਨੇ ਦਿੱਤਾ ਅਸਤੀਫਾ, ਸੁਰੱਖਿਆ ਪ੍ਰਬੰਧਾਂ ਦੀ ਘਾਟ ਦਾ ਦਿੱਤਾ ਹਵਾਲਾ

TeamGlobalPunjab
2 Min Read

ਲਾਹੌਰ : ਗੁਆਂਢੀ ਮੁਲਕ ਪਾਕਿਸਤਾਨ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪਾਕਿਸਤਾਨ ਦੀ ਮਾੜੀ ਸਿਹਤ ਵਿਵਸਥਾ ਕਾਰਨ ਸਥਾਨਕ ਲੋਕਾਂ ਅਤੇ ਕੋਰੋਨਾ ਮਹਾਮਾਰੀ ਖਿਲਾਫ ਫਰੰਟ ਫੁਟ ‘ਤੇ ਲੜਾਈ ਲੜ ਰਹੇ ਦੇਸ਼ ਦੇ ਡਾਕਟਰਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ‘ਚ ਹੀ ਪੰਜਾਬ ਪ੍ਰਾਂਤ ਦੇ ਅਧਿਆਪਨ ਹਸਪਤਾਲਾਂ ‘ਚ ਕੰਮ ਕਰ ਰਹੇ 48 ਡਾਕਟਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ।

ਉਕਤ ਡਾਕਟਰਾਂ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੋਈ ਠੋਸ ਸੁਰੱਖਿਆ ਪ੍ਰਬੰਧ ਨਾ ਹੋਣ ਦਾ ਹਵਾਲਾ ਦਿੰਦਿਆਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਇਕੋ ਸਮੇਂ ਇੰਨੇ ਡਾਕਟਰਾਂ ਦੇ ਅਸਤੀਫ਼ੇ ਨਾਲ ਕੋਵਿਡ-19 ਵਿਰੁੱਧ ਪਾਕਿਸਤਾਨ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ।

ਐਤਵਾਰ ਨੂੰ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਸਰਕਾਰੀ ਅਧਿਆਪਨ ਹਸਪਤਾਲਾਂ ਵਿੱਚ 48 ਡਾਕਟਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ, ਜਿਨ੍ਹਾਂ ਨੂੰ ਸਵੀਕਾਰ ਵੀ ਕਰ ਲਿਆ ਗਿਆ ਹੈ। ਦੱਸ ਦਈਏ ਕਿ ਇਨ੍ਹਾਂ ਡਾਕਟਰਾਂ ‘ਚੋਂ ਜ਼ਿਆਦਾਤਰ ਡਾਕਟਰ ਨੌਜਵਾਨ ਹਨ। ਅਸਤੀਫਾ ਦੇਣ ਵਾਲੇ ਡਾਕਟਰ ਮਯੋ, ਸਰਵਿਸੇਜ਼, ਜਿਨਾਹ, ਜਨਰਲ, ਲੇਡੀ ਐਟਿਸਨ, ਚਿਲਡਰਨ ਹਸਪਤਾਲ, ਫੈਸਲਾਬਾਦ ਦੇ ਸ਼ੇਖ ਜ਼ਾਯਦ, ਅਲਾਇਡ ਅਤੇ ਸਿਵਲ ਹਸਪਤਾਲ ਅਤੇ ਮੁਲਤਾਨ ਦੇ ਐਸ.ਜੈੱਡ.ਐੱਚ. ਰਹੀਮ ਯਾਰ ਖ਼ਾਨ ਅਤੇ ਨਿਸ਼ਤਰ ਹਸਪਤਾਲਾਂ ‘ਚ ਕੰਮ ਕਰਦੇ ਸਨ।

ਲਾਹੌਰ ਦੇ ਇਕ ਪਬਲਿਕ ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਕਿਹਾ ਕਿ, “ਡਾਕਟਰਾਂ ਨੇ ਕਈ ਵਾਰ ਸਰਕਾਰ ਨੂੰ ਜਾਨਲੇਵਾ ਕੋਰੋਨਾ ਵਾਇਰਸ ਨੂੰ ਦੂਰ ਕਰਨ ਲਈ ਲੋੜੀਂਦੇ ਸੁਰੱਖਿਆ ਉਪਕਰਣ ਮੁਹੱਈਆ ਕਰਾਉਣ ਦੀ ਬੇਨਤੀ ਕੀਤੀ ਸੀ, ਪਰ ਸਰਕਾਰ ਦੀ ਨਾਕਾਮੀ ਕਾਰਨ ਉਨ੍ਹਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ।” ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਰਕਾਰ ਮੈਡੀਕਲ ਕਰਮਚਾਰੀਆਂ ਦੀ ਸੁਰੱਖਿਆ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਲੈ ਰਹੀ।

ਪਾਕਿਸਤਾਨ ਦੇ ਨੈਸ਼ਨਲ ਇੰਸਟੀਚਿਉਟ ਆਫ਼ ਹੈਲਥ ਦੇ ਅਨੁਸਾਰ, ਕੋਵਿਡ-19 ਕਾਰਨ ਹੁਣ ਤੱਕ 70 ਤੋਂ ਵੱਧ ਮੈਡੀਕਲ ਪੇਸ਼ੇਵਰਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ‘ਚੋਂ ਜ਼ਿਆਦਾਤਰ ਡਾਕਟਰ ਹਨ ਅਤੇ ਇਸ ਤੋਂ ਇਲਾਵਾ 5000 ਤੋਂ ਵੱਧ ਡਾਕਟਰੀ ਕਰਮਚਾਰੀ ਕੋਰੋਨਾ ਦੀ ਲਪੇਟ ‘ਚ ਹਨ।

ਦੱਸ ਦਈਏ ਕਿ ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 2,28,000 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦ ਕਿ 4,700 ਤੋਂ ਵੱਧ ਲੋਕ ਵਾਇਰਸ ਨਾਲ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

Share This Article
Leave a Comment