ਦੂਜੀ ਡੋਜ਼ ਲੱਗਣ ਤੋਂ 6 ਮਹੀਨੇ ਬਾਅਦ ਹੀ ਬੇਅਸਰ ਹੋ ਰਹੀ ਹੈ ਕੋਵਿਡ-19 ਦੀ ਇਹ ਵੈਕਸੀਨ: ਅਧਿਐਨ

TeamGlobalPunjab
2 Min Read

ਵਾਸ਼ਿੰਗਟਨ: Pfizer ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਲੱਗਣ ਤੋਂ ਬਾਅਦ ਬਣੀ ਐਂਟੀਬਾਡੀ 6 ਮਹੀਨੇ ਬਾਅਦ 80 ਫ਼ੀਸਦੀ ਤੋਂ ਵੀ ਜ਼ਿਆਦਾ ਘੱਟ ਹੋ ਗਈ ਹੈ। ਇਹ ਦਾਅਵਾ ਇੱਕ ਅਮਰੀਕੀ ਸਟੱਡੀ ‘ਚ ਸਾਹਮਣੇ ਆਇਆ ਹੈ। ਅਮਰੀਕਾ ‘ਚ ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਅਤੇ ਬ੍ਰਾਊਨ ਯੂਨੀਵਰਸਿਟੀ ‘ਚ ਕੀਤੀ ਗਈ ਇਸ ਸਟੱਡੀ ਵਿੱਚ ਨਰਸਿੰਗ ਹੋਮ ‘ਚ ਰਹਿਣ ਵਾਲੇ 120 ਅਤੇ 92 ਸਿਹਤ ਦੇਖਭਾਲ ਕਰਮਚਾਰੀਆਂ ਦੇ ਬਲੱਡ ਸੈਂਪਲ ਦੀ ਜਾਂਚ ਕੀਤੀ ਗਈ।

ਅਧਿਐਨ ਅਨੁਸਾਰ ਪਤਾ ਚੱਲਿਆ ਹੈ ਕਿ 6 ਮਹੀਨੇ ਬਾਅਦ ਵਿਅਕਤੀਆਂ ‘ਚ ਐਂਟੀਬਾਡੀ ਦਾ ਲੈਵਲ 80 ਫ਼ੀਸਦੀ ਤੋਂ ਜ਼ਿਆਦਾ ਘੱਟ ਹੋ ਗਿਆ। ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਕੈਨੇਡੇ ਨੇ ਕਿਹਾ ਕਿ ਟੀਕਾਕਰਨ ਤੋਂ 6 ਮਹੀਨੇ ਬਾਅਦ ਇਨ੍ਹਾਂ ਨਰਸਿੰਗ ਹੋਮ ਦੇ 70 ਫ਼ੀਸਦੀ ਵਾਸੀਆਂ ਦੇ ਖੂਨ ‘ਚ ਕੋਰੋਨਾ ਵਾਇਰਸ ਸੰਕਰਮਣ ਨੂੰ ਬੇਅਸਰ ਕਰਨ ਦੀ ਸਮਰੱਥਾ ਬਹੁਤ ਘੱਟ ਸੀ। ਕੈਨੇਡੇ ਨੇ ਕਿਹਾ ਕਿ ਨਤੀਜਿਆਂ ਤੋਂ ਬਾਅਦ ਉਹ ਸੀਡੀਸੀ ਦੀ ਬੂਸਟਰ ਖ਼ੁਰਾਕ ਲੈਣ ਦੀ ਸਿਫ਼ਾਰਿਸ਼ ਦਾ ਸਮਰਥਨ ਕਰਦੇ ਹਨ, ਖਾਸ ਕਰਕੇ ਬਜ਼ੁਰਗਾਂ ਲਈ ਇਹ ਬਹੁਤ ਜ਼ਰੂਰੀ ਹੈ।

ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਸਟੱਡੀ ‘ਚ ਕਿਹਾ ਗਿਆ ਸੀ ਕਿ ਫਾਈਜ਼ਰ ਅਤੇ ਐਸਟਰਾਜ਼ੇਨੇਕਾ ਦੀ ਕੋਵਿਡ ਵੈਕਸੀਨ ਕੋਰੋਨਾ ਵਾਇਰਸ ਦੇ ਅਲਫਾ ਵੇਰੀਐਂਟ ਤੇ ਮੁਕਾਬਲੇ ਡੈਲਟਾ ਵੇਰੀਐਂਟ ਦੇ ਖਿਲਾਫ ਘੱਟ ਪ੍ਰਭਾਵੀ ਹੈ। ਆਕਸਫੋਰਡ ਯੂਨੀਵਰਸਿਟੀ ਦੇ ਜਾਂਚਕਰਤਾਵਾਂ ਵਲੋਂ ਕੀਤੇ ਗਏ ਅਧਿਐਨ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ। ਉੱਥੇ ਹੀ ਜਾਂਚਕਰਤਾਵਾਂ ਨੇ ਕਿਹਾ ਸੀ ਕਿ ਫਾਈਜ਼ਰ ਬਾਇਓਐੱਨਟੈਕ ਅਤੇ ਆਕਸਫੋਰਡ ਐਸਟਰਾਜ਼ੇਨੇਕਾ ਦੀ ਵੈਕਸੀਨ ਜਿਸ ਨੂੰ Covisheild ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਹ ਡੈਲਟਾ ਵੇਰੀਐਂਟ ਦੇ ਨਾਲ ਹੀ ਨਵੇਂ ਸੰਕਰਮਣਾਂ ਦੇ ਖਿਲਾਫ ਵੀ ਸੁਰੱਖਿਆ ਦਿੰਦੀ ਹੈ।

Share this Article
Leave a comment