ਇਸਲਾਮਾਬਾਦ: ਪਾਕਿਸਤਾਨ ਦੀਆਂ ਸੈਨੇਟ ਚੋਣਾਂ ਵਿੱਚ ਖ਼ੈਬਰ ਪਖਤੂਨਖਵਾ ਤੋਂ ਸੱਤਾਧਾਰੀ ‘ਪਾਕਿਸਤਾਨ-ਤਹਿਰੀਕ-ਇਨਸਾਫ਼ ਪਾਰਟੀ’ ਦੇ ਗੁਰਦੀਪ ਸਿੰਘ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਜਿਸ ਤੋਂ ਬਾਅਦ ਗੁਰਦੀਪ ਇਸ ਸੂਬੇ ਤੋਂ ਪਹਿਲੇ ਦਸਤਾਰਧਾਰੀ ਸਿੱਖ ਨੁਮਾਇੰਦੇ ਬਣ ਗਏ ਹਨ।
ਗੁਰਦੀਪ ਸਿੰਘ ਨੇ ਸੰਸਦ ਦੇ ਉਚ ਸਦਨ ਲਈ ਚੋਣਾਂ ਵਿੱਚ ਘੱਟ ਗਿਣਤੀ ਸੀਟ ਤੋਂ ਆਪਣੇ ਵਿਰੋਧੀ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾ ਦਿੱਤਾ। ਉਨ੍ਹਾਂ ਨੂੰ ਸਦਨ ਵਿੱਚ 145 ’ਚੋਂ 103 ਵੋਟਾਂ ਮਿਲੀਆਂ, ਜਦਕਿ ਜਮੀਅਤ ਉਲੇਮਾ-ਏ ਇਸਲਾਮ (ਫਜਲੁਰ) ਦੇ ਉਮੀਦਵਾਰ ਰਣਜੀਤ ਸਿੰਘ ਨੂੰ ਸਿਰਫ਼ 25 ਵੋਟਾਂ ਅਤੇ ਅਵਾਮੀ ਨੈਸ਼ਨਲ ਪਾਰਟੀ ਦੇ ਆਸਿਫ਼ ਭੱਟੀ ਨੂੰ 12 ਵੋਟਾਂ ਮਿਲੀਆਂ।
ਖ਼ੈਬਰ ਪਖ਼ਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਦਾਅਵਾ ਕੀਤਾ ਸੀ ਕਿ ਗੁਰਦੀਪ ਸਿੰਘ ਨੂੰ 102 ਵੋਟਾਂ ਮਿਲਣਗੀਆਂ, ਜਦਕਿ ਉਨ੍ਹਾਂ ਨੇ ਇੱਕ ਵੋਟ ਵੱਧ ਹਾਸਲ ਕੀਤੀ, ਜਿਸ ਤੋਂ ਇਸ ਤਰ੍ਹਾਂ ਸੰਕੇਤ ਮਿਲਦੇ ਹਨ ਕਿ ਇੱਕ ਵਿਰੋਧੀ ਮੈਂਬਰ ਨੇ ਵੀ ਉਨ੍ਹਾਂ ਦੇ ਪੱਖ ਵਿੱਚ ਵੋਟ ਪਾਈ।