ਕੰਟਰੋਲ ਰੇਖਾ ‘ਤੇ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ, ਭਾਰਤ ਨੇ ਦਿੱਤਾ ਮੂੰਹਤੋੜ ਜਵਾਬ

Global Team
2 Min Read

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ‘ਤੇ ਇੱਕ ਸੁਰੰਗ ‘ਚ ਹੋਏ ਧਮਾਕੇ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕਰਕੇ ਜੰਗਬੰਦੀ ਦੀ ਉਲੰਘਣਾ ਕੀਤੀ। ਰੱਖਿਆ ਬੁਲਾਰੇ ਮੁਤਾਬਕ, ਭਾਰਤੀ ਫੌਜ ਨੇ ਇਸ ਦਾ ਢੁੱਕਵਾਂ ਜਵਾਬ ਦਿੰਦਿਆਂ ਕੰਟਰੋਲ ਰੇਖਾ ‘ਤੇ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਸਥਿਤੀ ਨੂੰ ਆਪਣੇ ਕਾਬੂ ਵਿੱਚ ਰੱਖਿਆ। ਅਧਿਕਾਰਤ ਸੂਤਰਾਂ ਅਨੁਸਾਰ, ਇਹ ਉਲੰਘਣਾ ਮੰਗਲਵਾਰ ਦੁਪਹਿਰ 1:10 ਵਜੇ ਹੋਈ।

ਹਾਲਾਂਕਿ ਭਾਰਤੀ ਫੌਜ ਨੇ ਪਾਕਿਸਤਾਨੀ ਪਾਸੇ ਹੋਏ ਜਾਨੀ ਨੁਕਸਾਨ ਬਾਰੇ ਕੋਈ ਦਾਅਵਾ ਨਹੀਂ ਕੀਤਾ, ਪਰ ਸੂਤਰਾਂ ਨੇ ਇਸ਼ਾਰਾ ਦਿੱਤਾ ਕਿ ਧਮਾਕੇ ਅਤੇ ਬਾਅਦ ਵਿੱਚ ਹੋਈ ਗੋਲੀਬਾਰੀ ਦੌਰਾਨ ਵਿਰੋਧੀ ਪਾਸੇ ਪੰਜ ਜਵਾਨ ਜ਼ਖਮੀ ਹੋ ਗਏ।

ਭਾਰਤੀ ਫੌਜ ਦਾ ਤਿੱਖਾ ਜਵਾਬ, ਕੰਟਰੋਲ ਰੇਖਾ ‘ਤੇ ਹਾਲਾਤ ਕਾਬੂ ਵਿੱਚ

ਜੰਮੂ ਸਥਿਤ ਰੱਖਿਆ ਪੀਆਰਓ, ਲੈਫਟੀਨੈਂਟ ਕਰਨਲ ਸੁਨੀਲ ਬਰਤਵਾਲ ਨੇ ਇੱਕ ਬਿਆਨ ਵਿੱਚ ਕਿਹਾ, “1 ਅਪ੍ਰੈਲ 2025 ਨੂੰ, ਕ੍ਰਿਸ਼ਨਾ ਘਾਟੀ ਸੈਕਟਰ ‘ਚ ਇੱਕ ਬਾਰੂਦੀ ਸੁਰੰਗ ਧਮਾਕਾ ਹੋਇਆ, ਜਦੋਂ ਪਾਕਿਸਤਾਨੀ ਫੌਜ ਕੰਟਰੋਲ ਰੇਖਾ ‘ਤੇ ਗਸ਼ਤ ਕਰ ਰਹੀ ਸੀ। ਇਸ ਤੋਂ ਬਾਅਦ, ਪਾਕਿਸਤਾਨੀ ਫੌਜ ਨੇ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਕੀਤੀ ਅਤੇ ਜੰਗਬੰਦੀ ਦੀ ਉਲੰਘਣਾ ਕੀਤੀ।”

ਉਨ੍ਹਾਂ ਅੱਗੇ ਕਿਹਾ, ‘ਸਾਡੇ ਫੌਜੀਆਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦਿੰਦਿਆਂ ਕੰਟਰੋਲ ਰੇਖਾ ‘ਤੇ ਭਾਰਤੀ ਫੌਜ ਦਾ ਦਬਦਬਾ ਬਣਾਇਆ ਰੱਖਿਆ। ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ।’

ਇਸ ਤੋਂ ਪਹਿਲਾਂ ਦੇ ਇੱਕ ਬਿਆਨ ਵਿੱਚ ਦੱਸਿਆ ਗਿਆ ਸੀ ਕਿ ਪਾਕਿਸਤਾਨੀ ਫੌਜ ਦੀ ਘੁਸਪੈਠ ਕਾਰਨ ਕ੍ਰਿਸ਼ਨਾ ਘਾਟੀ ਸੈਕਟਰ ‘ਚ ਬਾਰੂਦੀ ਸੁਰੰਗ ਧਮਾਕਾ ਹੋਇਆ। 21 ਫ਼ਰਵਰੀ 2025 ਨੂੰ, ਭਾਰਤ ਅਤੇ ਪਾਕਿਸਤਾਨ ਦੀ ਫੌਜ ਨੇ ਪੁੰਛ ਜ਼ਿਲ੍ਹੇ ‘ਚ ਕੰਟਰੋਲ ਰੇਖਾ ‘ਤੇ ਫਲੈਗ ਮੀਟਿੰਗ ਕੀਤੀ ਸੀ, ਜਿਸ ਵਿੱਚ ਸਰਹੱਦ ਪਾਰ ਤੋਂ ਗੋਲੀਬਾਰੀ ਅਤੇ ਆਈਈਡੀ ਹਮਲਿਆਂ ਦੇ ਵਧ ਰਹੇ ਮਾਮਲਿਆਂ ‘ਤੇ ਚਰਚਾ ਹੋਈ ਅਤੇ ਤਣਾਅ ਘਟਾਉਣ ਦੀ ਕੋਸ਼ਿਸ਼ ਕੀਤੀ ਗਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment