ਜਗਤਾਰ ਸਿੰਘ ਸਿੱਧੂ;
ਪੂਰੇ ਦੇਸ਼ ਅੰਦਰ ਕਸ਼ਮੀਰ ਵਿੱਚ ਅਤਿਵਾਦੀਆਂ ਵਲੋਂ ਸੈਰ-ਸਪਾਟੇ ਲਈ ਆਏ ਸੈਲਾਨੀਆਂ ਉਪਰ ਗੋਲੀ ਚਲਾਕੇ ਸਤਾਈ ਲੋਕਾਂ ਦੀ ਹੱਤਿਆ ਵਿਰੁੱਧ ਗੁੱਸੇ ਦੀ ਲਹਿਰ ਹੈ। ਪੂਰਾ ਭਾਰਤ ਇਸ ਗੈਰ ਮਾਨਵੀ ਕਾਰੇ ਨਾਲ ਵਲੂੰਧਰਿਆ ਗਿਆ ਹੈ। ਧਾਰਾ 370 ਹਟਾਏ ਜਾਣ ਬਾਅਦ ਆਮ ਨਾਗਰਿਕਾਂ ਉਤੇ ਇਹ ਸਭ ਤੋਂ ਵੱਡਾ ਹਮਲਾ ਹੈ। ਮਰਨ ਵਾਲਿਆਂ ਵਿਚ ਕੁਝ ਵਿਦੇਸ਼ੀ ਸੈਲਾਨੀਆਂ ਸਮੇਤ ਕਰਨਾਟਕ, ਹਰਿਆਣਾ ਅਤੇ ਕਈ ਹੋਰ ਸੂਬਿਆਂ ਦੇ ਵਸਨੀਕ ਸ਼ਾਮਲ ਹਨ। ਹਰਿਆਣਾ ਦੇ ਕਰਨਾਲ ਦਾ ਲੈਫ਼ਟੀਨੈਂਟ ਵਿਨੇ ਨਰਵਾਲ ਵੀ ਹਮਲੇ ਦਾ ਸ਼ਿਕਾਰ ਹੋ ਗਿਆ ਅਤੇ ਅਜੇ 16 ਅਪ੍ਰੈਲ ਨੂੰ ਹੀ ਉਸ ਦੀ ਸ਼ਾਦੀ ਹੋਈ ਸੀ। ਇਹ ਜੋੜਾ ਸੈਰ-ਸਪਾਟੇ ਲਈ ਗਿਆ ਸੀ। ਕਸ਼ਮੀਰ ਵਾਦੀ ਔਰਤਾਂ, ਬੱਚਿਆਂ ਅਤੇ ਹੋਰ ਪੀੜਤ ਪਰਿਵਾਰਾਂ ਦੀਆਂ ਚੀਖਾਂ ਨਾਲ ਦਹਿਲ ਗਈ। ਪੂਰਾ ਦੇਸ਼ ਇਸ ਘਨਾਉਣੇ ਕਾਰੇ ਨਾਲ ਗ਼ਮ ਵਿੱਚ ਡੁੱਬ ਗਿਆ ਹੈ । ਹਰ ਧਰਮ ਦੇ ਆਗੂਆਂ ਨੇ ਇਸ ਦੀ ਨਿਖੇਧੀ ਕੀਤੀ ਹੈ। ਕਸ਼ਮੀਰ ਦੀਆਂ ਮਸਜਿਦਾਂ ਤੋ ਇਸ ਹਮਲੇ ਦੇ ਨਿਖੇਧੀ ਕੀਤੀ ਜਾ ਰਹੀ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਨੇ ਹਮਲੇ ਦੀ ਜੋਰਦਾਰ ਨਿਖੇਧੀ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਸਾਉਦੀ ਅਰਬ ਦਾ ਦੌਰਾ ਵਿੱਚੇ ਛੱਡਕੇ ਭਾਰਤ ਪਰਤ ਆਏ ਹਨ ਅਤੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ । ਮੁਲਕ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਕਸ਼ਮੀਰ ਪੁੱਜੇ ਹੋਏ ਹਨ ਅਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਨੇ ਆਨੰਤਨਾਗ ਹਸਪਤਾਲ ਪੁੱਜਕੇ ਜ਼ਖਮੀਆਂ ਦਾ ਹਾਲ ਜਾਣਿਆ ਅਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।
ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਇਸ ਘਿਨਾਉਣੇ ਕਾਰੇ ਕਾਰਨ ਕਸ਼ਮੀਰੀ ਸ਼ਰਮਿੰਦਾ ਹਨ। ਸਾਰਿਆਂ ਦਾ ਕਹਿਣਾ ਹੈ ਕਿ ਮਾਨਵਤਾ ਦਾ ਘਾਣ ਕਰਨ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ।
ਆਮ ਲੋਕ ਪਾਕਿਸਤਾਨ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਪਾਕਿਸਤਾਨ ਦੇ ਝੰਡੇ ਸਾੜ ਰਹੇ ਹਨ। ਲੋਕ ਮੰਗ ਕਰ ਰਹੇ ਹਨ ਕਿ ਹਮਲਾਵਰਾਂ ਨੂੰ ਕੁਚਲਿਆ ਜਾਵੇ ਅਤੇ ਪਾਕਿਸਤਾਨ ਨੂੰ ਦਹਿਸ਼ਤ ਗਰਦਾਂ ਦੀ ਮਦਦ ਕਰਨ ਦਾ ਸਬਕ ਸਿਖਾਇਆ ਜਾਵੇ।
ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਥੇ ਦਹਿਸ਼ਤਗਰਦਾਂ ਨੂੰ ਸਬਕ ਸਿਖਾਉਣ ਲਈ ਤੈਅ ਤਕ ਜਾਣ ਲਈ ਉੱਚ ਪੱਧਰੀ ਮੀਟਿੰਗ ਕਰ ਰਹੇ ਹਨ ਉੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉੱਚ ਪੱਧਰੀ ਮੀਟਿੰਗ ਕਰਕੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ ।ਪੰਜਾਬ ਸਰਕਾਰ ਨੇ ਪਹਿਲਗਾਮ ਵਿੱਚ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ!
ਸੰਪਰਕ 9814002186