Home / ਓਪੀਨੀਅਨ / ਪੰਜਾਬ ਵਿੱਚ ਝੋਨੇ ਦੀ ਲਵਾਈ ਅੱਜ ਤੋਂ ਸ਼ੁਰੂ – ਕਿਸਾਨਾਂ ਨੇ ਖਿੱਚੀ ਤਿਆਰੀ

ਪੰਜਾਬ ਵਿੱਚ ਝੋਨੇ ਦੀ ਲਵਾਈ ਅੱਜ ਤੋਂ ਸ਼ੁਰੂ – ਕਿਸਾਨਾਂ ਨੇ ਖਿੱਚੀ ਤਿਆਰੀ

-ਅਵਤਾਰ ਸਿੰਘ

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਸੰਘਰਸ਼ ਦੌਰਾਨ ਪੰਜਾਬ ’ਚ 10 ਜੂਨ, ਵੀਰਵਾਰ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ। ਕਿਸਾਨਾਂ ਨੇ ਖੇਤ ਤਿਆਰ ਕਰ ਲਏ ਜਾਂ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਸਾਲ ਦਿੱਲੀ ਵਿਚ ਸ਼ੁਰੂ ਹੋਇਆ ਕਿਸਾਨ ਅੰਦੋਲਨ ਝੋਨੇ ਦੀ ਲਵਾਈ ਤੋਂ ਬਾਅਦ ਹੀ ਮਘਿਆ ਸੀ। ਦਿੱਲੀ ਦੇ ਕਿਸਾਨ ਸੰਘਰਸ਼ ਨੂੰ ਜਾਰੀ ਰੱਖਣ ਲਈ ਕਿਸਾਨਾਂ ਨੇ ਝੋਨੇ ਦੀ ਲਵਾਈ ਲਈ ਵਿਉਂਤਬੰਦੀ ਅਗਾਉਂ ਹੀ ਉਲੀਕ ਲਈ ਹੈ।

ਉਧਰ ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਲਈ 10 ਜੂਨ ਦੀ ਤਰੀਕ ਮਿੱਥੀ ਹੈ। ਸੂਬੇ ਦੇ ਕਈ ਜ਼ਿਲਿਆਂ ਬਠਿੰਡਾ ਤੇ ਮਾਨਸਾ ਵਿਚ ਕਿਸਾਨਾਂ ਨੇ ਪਹਿਲਾਂ ਹੀ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ। ਪਰਵਾਸੀ ਮਜ਼ਦੂਰ ਕੁਝ ਦਿਨਾਂ ਤੋਂ ਪੰਜਾਬ ਵਿਚ ਪੁੱਜਣੇ ਸ਼ੁਰੂ ਹੋ ਗਏ ਹਨ। ਝੋਨੇ ਦੀ ਲਵਾਈ ਦਾ ਰੇਟ 3200 ਤੋਂ 4000 ਰੁਪਏ ਪ੍ਰਤੀ ਏਕੜ ਤਕ ਪਹੁੰਚ ਗਿਆ ਹੈ। ਕਿਸਾਨਾਂ ਨੇ ਅੱਜ ਖੇਤਾਂ ਵਿਚ ਝੋਨੇ ਦੀ ਪਨੀਰੀ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਖੇਤਾਂ ਨੂੰ ਕੱਦੂ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ‘ਚ ਇਸ ਵਾਰ 30.20 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਦਾ ਟੀਚਾ ਮਿਥਿਆ ਗਿਆ ਹੈ। ਬੀਤੇ ਸਾਲ 31.49 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਫਸਲ ਲਾਈ ਗਈ ਸੀ। ਪਾਵਰਕੌਮ ਨੇ ਖੇਤੀ ਸੈਕਟਰ ਲਈ ਅੱਜ ਰਾਤ ਤੋਂ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦੇਣ ਦੇ ਪ੍ਰਬੰਧ ਕਰ ਲਏ ਹਨ। ਪੰਜਾਬ ਵਿਚ ਲਗਪਗ 7 ਹਜ਼ਾਰ ਖੇਤੀ ਫੀਡਰਾਂ ਉਪਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਣੀ ਹੈ। ਉਧਰ ਪੰਜਾਬ ਪਾਵਰਕੌਮ ਦੇ ਸੀਐੱਮਡੀ ਏ.ਵੇਨੂੰ ਪ੍ਰਸ਼ਾਦ ਨੇ ਦੱਸਿਆ ਕਿ ਖੇਤੀ ਸੈਕਟਰ ਲਈ ਅੱਠ ਘੰਟੇ ਬਿਜਲੀ ਦੇਣ ਲਈ ਪ੍ਰਬੰਧ ਕਰ ਲਏ ਗਏ ਹਨ। ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਮਿਲੇਗੀ।

*** ਝੋਨੇ ਦੀ ਕਾਸ਼ਤ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਦੇ ਢੰਗ

ਝੋਨਾ ਪੰਜਾਬ ਦੀ ਸਾਉਣੀ ਰੁੱਤ ਦੀਆਂ ਫ਼ਸਲਾਂ ਵਿੱਚੋਂ ਮੁੱਖ ਫ਼ਸਲ ਹੈ। ਪੰਜਾਬ ਵਿੱਚ ਇਸ ਦੀ ਕਾਸ਼ਤ ਲਗਭਗ 31 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ। ਇਹ ਪਾਣੀ ਦੀ ਵਧੇਰੇ ਖਪਤ ਕਰਨ ਵਾਲੀ ਫ਼ਸਲ ਹੈ ਜੋ ਸਾਉਣੀ ਰੁੱਤ ਦੀਆਂ ਕੁੱਲ ਫ਼ਸਲਾਂ ਦਾ ਲਗਭਗ 80 ਪ੍ਰਤੀਸ਼ਤ ਪਾਣੀ ਖਪਤ ਕਰਦੀ ਹੈ। ਝੋਨੇ ਦੀ ਕਾਸ਼ਤ ਅਧੀਨ ਵੱਧ ਰਕਬਾ ਹੋਣ ਕਰਕੇ ਅਤੇ ਪਾਣੀ ਦੀ ਵਧੇਰੇ ਮੰਗ ਹੋਣ ਕਰਕੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਔਸਤਨ 0.51 ਮੀਟਰ ਦੀ ਦਰ ਨਾਲ ਡੂੰਘਾ ਹੁੰਦਾ ਜਾ ਰਿਹਾ ਹੈ। ਜੇਕਰ ਇਸ ਨੂੰ ਸਮੇਂ ਸਿਰ ਠੱਲ੍ਹ ਨਾ ਪਾਈ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਬਹੁਤ ਭਿਆਨਕ ਸਿੱਟੇ ਨਿਕਲ ਸਕਦੇ ਹਨ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਭੁਗਤਣੇ ਪੈਣਗੇ। ਇਸ ਲਈ ਝੋਨੇ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਪਾਣੀ ਸੰਭਾਲ ਦੀਆਂ ਹੇਠ ਲਿਖੀਆਂ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ।

ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਚੋਣ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਝੋਨੇ ਦੀਆਂ ਵੱਧ ਝਾੜ ਦੇਣ ਅਤੇ ਘੱਟ ਤੋਂ ਦਰਮਿਆਣਾ ਸਮਾਂ ਲੈਣ ਵਾਲੀਆਂ ਕਿਸਮਾਂ, ਜਿਵੇਂ ਕਿ ਪੀ. ਆਰ. 121 (140 ਦਿਨ), ਪੀ. ਆਰ 122 (147 ਦਿਨ), ਪੀ. ਆਰ 124 (135 ਦਿਨ), ਪੀ. ਆਰ 126 (123 ਦਿਨ), ਪੀ. ਆਰ 127 (137 ਦਿਨ), ਪੀ. ਆਰ 128 (141 ਦਿਨ) ਅਤੇ ਪੀ. ਆਰ 129 (138 ਦਿਨ), ਤਿਆਰ ਕੀਤੀਆਂ ਗਈਆਂ ਹਨ ਜੋ ਕਿ ਹੋਰ ਗੈਰ ਪ੍ਰਮਾਣਿਤ ਵੱਧ ਸਮਾਂ ਲੈਣ ਵਾਲੀਆਂ ਕਿਸਮਾਂ (ਪੂਸਾ 44/ ਪੀਲੀ ਪੂਸਾ) ਦੀ ਤੁਲਣਾ ਵਿੱਚ ਬਹੁਤ ਘੱਟ ਪਾਣੀ ਦੀ ਵਰਤੋਂ ਕਰਦੀਆਂ ਹਨ। ਇਸ ਲਈ ਕਿਸਾਨ ਵੀਰਾਂ ਨੂੰ ਇਹਨਾਂ ਪ੍ਰਮਾਣਿਤ ਕਿਸਮਾਂ ਦੀ ਹੀ ਬਿਜਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਪਨੀਰੀ ਬੀਜਣ ਅਤੇ ਪੁੱਟ ਕੇ ਖੇਤ ਵਿੱਚ ਲਾਉਣ ਦਾ ਸਹੀ ਸਮਾਂ : ਪਾਣੀ ਦੀ ਬੱਚਤ ਕਰਨ ਲਈ ਝੋਨੇ ਦੀ ਪਨੀਰੀ ਬੀਜਣ ਅਤੇ ਪੁੱਟ ਕੇ ਖੇਤ ਵਿੱਚ ਲਾਉਣ ਦੇ ਸਮੇਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਪਨੀਰੀ ਦੀ ਬਿਜਾਈ 20 ਮਈ ਤੋਂ 5 ਜੂਨ ਅਤੇ ਪਨੀਰੀ ਪੁੱਟ ਕੇ ਖੇਤ ਵਿੱਚ ਲਵਾਈ 20 ਜੂਨ ਤੋਂ 5 ਜੁਲਾਈ ਨੂੰ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਮੌਨਸੂਨ ਵਾਲੀਆਂ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਹਨ ਜਿਸ ਨਾਲ ਸਾਨੂੰ ਜ਼ਮੀਨੀ ਪਾਣੀ ਦੀ ਵਰਤੋਂ ਬਹੁਤ ਘੱਟ ਕਰਨੀ ਪੈਂਦੀ ਹੈ। ਜੇਕਰ ਲਵਾਈ ਜੁਲਾਈ ਵਿੱਚ ਕਰਨੀ ਹੋਵੇ ਤਾਂ ਸਭ ਤੋਂ ਘੱਟ ਸਮਾਂ ਲੈਣ ਵਾਲੀ ਕਿਸਮ ਪੀ. ਆਰ. 126 ਨੂੰ ਤਰਜੀਹ ਦੇਣੀ ਚਾਹੀਦੀ ਹੈ।

ਸਿੰਚਾਈ ਦਾ ਸਹੀ ਢੰਗ : ਪੰਜਾਬ ਵਿੱਚ ਕੱਦੂ ਕੀਤੇ ਝੋਨੇ ਦੀ ਸਿੰਚਾਈ ਸੰਬੰਧੀ ਇਹ ਰਵਾਇਤ ਹੀ ਹੈ ਕਿ ਲਵਾਈ ਤੋਂ ਬਾਅਦ ਖੇਤ ਵਿੱਚ ਪਾਣੀ ਲਗਾਤਾਰ ਖੜ੍ਹਾ ਰੱਖਿਆ ਜਾਂਦਾ ਹੈ, ਜਦਕਿ ਝੋਨੇ ਦੀ ਲਵਾਈ ਤੋਂ ਸਿਰਫ਼ 2 ਹਫ਼ਤਿਆਂ ਤੱਕ ਹੀ ਖੇਤ ਵਿੱਚ ਪਾਣੀ ਖੜ੍ਹਾ ਕਰਕੇ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਬਾਅਦ ਖੇਤ ਵਿੱਚ ਲਗਾਤਾਰ ਪਾਣੀ ਖੜ੍ਹਾ ਨਹੀਂ ਰੱਖਣਾ ਚਾਹੀਦਾ ਬਲਕਿ ਪਹਿਲੇ ਪਾਣੀ ਜੀਰਨ ਤੋਂ 2 ਦਿਨਾਂ ਦੇ ਵਕਫ਼ੇ ਤੇ ਪਾਣੀ ਲਾਉਣਾ ਚਾਹੀਦਾ ਹੈ। ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਜ਼ਮੀਨ ਵਿੱਚ ਤ੍ਰੇੜਾਂ ਨਹੀਂ ਬਣਨੀਆਂ ਚਾਹੀਦੀਆਂ। ਇਸ ਤਰਾਂ ਸਿੰਚਾਈ ਕਰਨ ਨਾਲ ਪੂਰਾ ਝਾੜ ਵੀ ਪ੍ਰਾਪਤ ਹੁੰਦਾ ਹੈ ਅਤੇ ਪਾਣੀ ਦੀ ਬੱਚਤ ਵੀ ਕਾਫ਼ੀ ਹੋ ਜਾਂਦੀ ਹੈ। ਝੋਨੇ ਦੀ ਸਿੱਧੀ ਬਿਜਾਈ: ਕੱਦੂ ਕਰਕੇ ਝੋਨਾ ਲਾਉਣ ਦੇ ਬਦਲ ਵਜੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਵਿਕਸਤ ਕੀਤੀ ਹੈ ਜਿਸ ਵਿੱਚ ਬਿਨਾਂ ਕੱਦੂ ਕੀਤਿਆਂ ਝੋਨੇ ਨੂੰ ਸਿੱਧਾ ਹੀ ਖੇਤ ਵਿੱਚ ਬੀਜਿਆ ਜਾ ਸਕਦਾ ਹੈ। ਇਸ ਤਰੀਕੇ ਨਾਲ ਬੀਜੇ ਝੋਨੇ ਵਿੱਚ ਪਾਣੀ ਨੂੰ ਖੜ੍ਹਾ ਕਰਕੇ ਰੱਖਣ ਦੀ ਲੋੜ ਹੀ ਨਹੀਂ ਪੈਂਦੀ। ਇਸ ਲਈ ਪਾਣੀ ਦੀ ਬੱਚਤ ਕਰਨ ਵਿੱਚ ਇਹ ਤਕਨੀਕ ਬਹੁਤ ਲਾਹੇਵੰਦ ਸਿੱਧ ਹੁੰਦੀ ਹੈ। ਬਸ ਇਸਦੇ ਵਿੱਚ ਇਹ ਗੱਲ ਧਿਆਨ ਰੱਖਣਯੋਗ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਸਿਰਫ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਂਨਾਂ ਵਿੱਚ ਹੀ ਕਰਨੀ ਚਾਹੀਦੀ ਹੈ। ਜੇਕਰ ਸਿੱਧੀ ਬਿਜਾਈ ਤਰ-ਵੱਤਰ ਖੇਤ ਵਿੱਚ ਕਰਨੀ ਹੋਵੇ ਤਾਂ ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਅਤੇ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰਨ ਤੋਂ ਬਾਅਦ ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2-3 ਵਾਰ ਸੁਹਾਗਾ ਮਾਰ ਕੇ ਤੁਰੰਤ ਬਿਜਾਈ ਕਰਨੀ ਚਾਹੀਦੀ ਹੈ। ਇਸ ਤਰੀਕੇ ਵਿੱਚ ਪਹਿਲਾ ਪਾਣੀ ਬਿਜਾਈ ਤੋਂ ਲਗਭਗ 3 ਹਫ਼ਤੇ ਬਾਅਦ ਲਾਉਣਾ ਚਾਹੀਦਾ ਹੈ। ਜੇਕਰ ਬਿਜਾਈ ਸੁੱਕੇ ਖੇਤ ਵਿੱਚ ਕਰਨੀ ਹੋਵੇ ਤਾਂ ਬਿਜਾਈ ਕਰ ਕੇ ਤੁਰੰਤ ਬਾਅਦ ਸਿੰਚਾਈ ਕਰਨੀ ਚਾਹੀਦੀ ਹੈ। ਨਦੀਨਾਂ ਦੀ ਰੋਕਥਾਮ ਲਈ ਨਦੀਨਾਂ ਨੂੰ ਦੇਖਦੇ ਹੋਏ ਸਿਫ਼ਾਰਿਸ਼ ਕੀਤੇ ਨਦੀਨ ਨਾਸ਼ਕਾਂ ਦੀ ਸਹੀ ਸਮੇਂ ਤੇ ਵਰਤੋਂ ਕਰਨੀ ਚਾਹੀਦੀ ਹੈ। ਸਿੱਧੀ ਬਿਜਾਈ ਰਾਹੀ ਬੀਜੇ ਝੋਨੇ ਨਾਲ ਕੱਦੂ ਕੀਤੇ ਝੋਨੇ ਦੇ ਮੁਕਾਬਲੇ 10-15% ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।

ਵੱਟਾਂ/ਬੈੱਡਾਂ ਤੇ ਲੁਆਈ: ਭਾਰੀਆਂ ਜ਼ਮੀਨਾਂ ਵਿੱਚ ਪਾਣੀ ਦੀ ਬੱਚਤ ਲਈ ਝੋਨੇ ਦੀ ਲੁਆਈ ਵੱਟਾਂ (60 ਸੈਂ:ਮੀ) ਜਾਂ ਬੈੱਡਾਂ (67.5 ਸੈਂ:ਮੀ) ਤੇ ਕੀਤੀ ਜਾ ਸਕਦੀ ਹੈ। ਖੇਤ ਨੂੰ ਬਿਨਾਂ ਕੱਦੂ ਕੀਤੇ ਤਿਆਰ ਕਰਕੇ ਰਿਜ਼ਰ/ਕਣਕ ਲਈ ਵਰਤੇ ਜਾਂਦੇ ਬੈੱਡਪਲਾਂਟਰ ਨਾਲ ਵੱਟਾਂ/ ਬੈੱਡ ਤਿਆਰ ਕੀਤੇ ਜਾਂਦੇ ਹਨ। ਵੱਟਾਂ/ਬੈੱਡਾਂ ਦੀਆਂ ਖਾਲ਼ੀਆਂ ਨੂੰ ਪਾਣੀ ਨਾਲ ਭਰਕੇ ਤੁਰੰਤ ਬਾਅਦ ਵੱਟਾਂ/ਬੈੱਡਾਂ ਦੀਆਂ ਦੋਨਾਂ ਪਾਸੇ ਦੀਆਂ ਢਲਾਨਾਂ ਦੇ ਅੱਧ ਵਿਚਕਾਰ (ਬੈੱਡਾਂ ਤੇ 9 ਸੈਂਟੀਮੀਟਰ ਅਤੇ ਵੱਟਾਂ ਤੇ 10 ਸੈਂਟੀਮੀਟਰ ਦੇ ਫ਼ਾਸਲੇ) ਤੇ ਝੋਨੇ ਦੇ ਬੂਟੇ ਲਾਏ ਜਾਂਦੇ ਹਨ। ਲੁਆਈ ਤੋਂ ਪੰਦਰਾਂ ਦਿਨਾਂ ਦੌਰਾਨ ਹਰ ਰੋਜ਼ ਪਾਣੀ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਖਾਲ਼ੀਆਂ ਵਿੱਚ ਪਹਿਲੇ ਪਾਣੀ ਦੇ ਜ਼ੀਰਨ ਤੋਂ ਦੋ ਦਿਨ ਬਾਅਦ ਪਾਣੀ ਲਾਉਣਾ ਚਾਹੀਦਾ ਹੈ ਪਰ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਖਾਲ਼ੀਆਂ ਵਿੱਚ ਤਰੇੜਾਂ ਨਾ ਪੈਣ।ਇਸ ਤਰੀਕੇ ਨਾਲ 25 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਝਾੜ ਤੇ ਵੀ ਕੋਈ ਮਾੜਾ ਅਸਰ ਨਹੀਂ ਪੈਂਦਾ।

ਲੇਜ਼ਰ ਕਰਾਹੇ ਦੀ ਵਰਤੋਂ: ਇਹ ਇੱਕ ਆਧੁਨਿਕ ਤਕਨੀਕ ਹੈ ਜਿਸ ਦੀ ਵਰਤੋਂ ਕਰਕੇ ਕਿਸਾਨ ਆਪਣੇ ਖੇਤਾਂ ਨੂੰ ਵਧੀਆ ਤਰੀਕੇ ਨਾਲ ਪੱਧਰਾ ਕਰ ਸਕਦੇ ਹਨ। ਇਸ ਤਕਨੀਕ ਨਾਲ ਪੱਧਰੇ ਕੀਤੇ ਖੇਤ ਵਿੱਚ ਪਾਣੀ ਛੇਤੀ ਲੱਗ ਜਾਂਦਾ ਹੈ ਤੇ ਪਾਣੀ ਦੀ ਖਪਤ ਘੱਟ ਹੁੰਦੀ ਹੈ ਜਿਸ ਨਾਲ 25-30% ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।

ਅਖੀਰਲੇ ਪਾਣੀ ਦਾ ਸਹੀ ਸਮਾਂ: ਝੋਨੇ ਦੀ ਕਟਾਈ ਤੋਂ 2 ਹਫ਼ਤੇ ਪਹਿਲਾਂ ਫ਼ਸਲ ਨੂੰ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਇਸਦੇ ਨਾਲ ਜਿਥੇ ਫ਼ਸਲ ਦੀ ਕਟਾਈ ਕਰਨ ਵਿੱਚ ਅਤੇ ਅਗਲੀ ਹਾੜ੍ਹੀ ਦੀ ਫ਼ਸਲ ਨੂੰ ਸਮੇਂ ਸਿਰ ਬੀਜਣ ਵਿੱਚ ਸਹਾਇਤਾ ਮਿਲਦੀ ਹੈ ਉਥੇ ਹੀ ਇਸ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ। ਇਹਨਾਂ ਢੰਗਾਂ ਤੋਂ ਇਲਾਵਾ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਪਾਣੀ ਵਾਲੇ ਖਾਲਾਂ ਦੀ ਸਾਫ਼ ਸਫ਼ਾਈ ਰੱਖੀ ਜਾਵੇ ਕਿਉਂਕਿ ਨਦੀਨ ਜਾਂ ਹੋਰ ਰੁਕਾਵਟਾਂ ਦੇ ਹੁੰਦਿਆਂ ਪਾਣੀ ਦੇ ਵਹਾਅ ਤੇ ਕਾਫ਼ੀ ਅਸਰ ਪੈਂਦਾ ਹੈ ਜਿਸ ਨਾਲ ਪਾਣੀ ਦੀ ਖੇਤ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਕਾਫ਼ੀ ਬਰਬਾਦੀ ਹੋ ਜਾਂਦੀ ਹੈ। ਇਸੇ ਤਰਾਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਵੇਲੇ ਕਿਆਰੇ ਛੋਟੇ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਛੋਟੇ ਕਿਆਰਿਆਂ ਨੂੰ ਪਾਣੀ ਛੇਤੀ ਲੱਗ ਜਾਂਦਾ ਹੈ ਜਦਕਿ ਵੱਡੇ ਕਿਆਰਿਆਂ ਵਿੱਚ ਪਾਣੀ ਦੀ ਖਪਤ ਵੱਧ ਹੁੰਦੀ ਹੈ। ਇਹਨਾਂ ਢੰਗ ਤਰੀਕਿਆਂ ਨੂੰ ਅਪਣਾ ਕੇ ਕਿਸਾਨ ਵੀਰ ਬਿਨਾਂ ਝੋਨੇ ਦੇ ਝਾੜ ਵਿੱਚ ਕਟੌਤੀ ਕੀਤਿਆਂ ਪਾਣੀ ਦੀ ਸੰਭਾਲ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ।

-ਵਿਵੇਕ ਕੁਮਾਰ ਅਤੇ ਨਵਦੀਪ ਸਿੰਘ ਗਿੱਲ (ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ)

Check Also

ਬੇਰੁਜ਼ਗਾਰੀ, ਨੌਜਵਾਨਾਂ ਲਈ ਵੱਡੀ ਚੁਣੌਤੀ

-ਜਗਦੀਸ਼ ਸਿੰਘ ਚੋਹਕਾ; ਭਾਰਤ ਇੱਕ ਵਿਕਾਸਸ਼ੀਲ ਗਰੀਬ ਦੇਸ਼ ਹੈ, ਜਿਸ ਦੀ ਅੱਜ ਵਾਗਡੋਰ ਇਕ ਅਤਿ …

Leave a Reply

Your email address will not be published. Required fields are marked *