ਪਾਕਿਸਤਾਨ ‘ਚ 100 ਸਾਲ ਪੁਰਾਣਾ ਹਿੰਦੂ ਮੰਦਰ ਢਾਹਿਆ, ਘੱਟ ਗਿਣਤੀ ਸੰਗਠਨਾਂ ਨੇ ਮੰਗਿਆ ਇਨਸਾਫ਼

Global Team
4 Min Read

ਨਿਊਜ਼ ਡੈਸਕ: ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਰੋਵਾਲ ਜ਼ਿਲ੍ਹੇ ਵਿੱਚ ਇੱਕ 100 ਤੋਂ 125 ਸਾਲ ਪੁਰਾਣੇ ਹਿੰਦੂ ਮੰਦਰ ਨੂੰ ਢਾਹੇ ਜਾਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਇਤਿਹਾਸਕ ਮੰਦਰ ਨਰੋਵਾਲ ਦੇ ਸਿਰਾਜ ਪਿੰਡ ਵਿੱਚ ਕਰੀਬ 1,000 ਵਰਗ ਮੀਟਰ ਇਲਾਕੇ ਵਿੱਚ ਬਣਿਆ ਹੋਇਆ ਸੀ। ਜਾਣਕਾਰੀ ਮੁਤਾਬਕ ਇਸ ਨੂੰ 21 ਅਗਸਤ ਨੂੰ ਢਾਹੇ ਜਾਣ ਦੀ ਗੱਲ ਸਾਹਮਣੇ ਆਈ ਹੈ।

ਮੰਦਰ ਦੀ ਜ਼ਮੀਨ ਮਦਰਸੇ ਨਾਲ ਜੋੜਨ ਦੇ ਦੋਸ਼

ਘੱਟ ਗਿਣਤੀ ਸੰਗਠਨਾਂ ਅਤੇ ਇੱਕ ਸਿਆਸੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਧਾਰਮਿਕ ਕੱਟੜਪੰਥੀਆਂ ਦੇ ਇੱਕ ਸਮੂਹ ਨੇ ਮੰਦਰ ਨੂੰ ਢਾਹ ਦਿੱਤਾ, ਤਾਂ ਜੋ ਇਸ ਦੀ ਜ਼ਮੀਨ ਨੂੰ ਨੇੜਲੇ ਮਦਰਸੇ ਵਿੱਚ ਸ਼ਾਮਲ ਕੀਤਾ ਜਾ ਸਕੇ। ਪਾਕਿਸਤਾਨ ਮਸੀਹਾ ਮਿਲਲਤ ਪਾਰਟੀ (PMMP) ਨੇ ਪੰਜਾਬ ਸਰਕਾਰ ਤੋਂ ਮਾਮਲੇ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਅਤੇ ਮੰਦਰ ਦੇ ਮੁੜ ਨਿਰਮਾਣ ਦੀ ਮੰਗ ਕੀਤੀ ਹੈ।

TLP ਨਾਲ ਜੁੜੇ ਲੋਕਾਂ ‘ਤੇ ਇਲਜ਼ਾਮ

PMMP ਦੇ ਪ੍ਰਧਾਨ ਅਸਲਮ ਪਰਵੇਜ਼ ਸਹੋਤਰਾ ਨੇ ਦਾਅਵਾ ਕੀਤਾ ਕਿ ਮੰਦਰ ਨੂੰ ਢਾਹੁਣ ਵਾਲੇ ਲੋਕ ਤਹਿਰੀਕ-ਏ-ਲਬੈਕ ਪਾਕਿਸਤਾਨ (TLP) ਨਾਲ ਸਬੰਧਤ ਸਨ। ਉਨ੍ਹਾਂ ਮੁਤਾਬਕ 28 ਅਗਸਤ ਨੂੰ ਪੰਜਾਬ ਦੇ ਵਧੀਕ ਗ੍ਰਹਿ ਸਕੱਤਰ ਨਾਲ ਮੁਲਾਕਾਤ ਕਰਕੇ ਕਥਿਤ ਦੋਸ਼ੀਆਂ ਅਤੇ ਮੰਦਰ ਦੀ ਸੁਰੱਖਿਆ ਵਿੱਚ ਨਾਕਾਮ ਰਹੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਲਈ ਲਿਖਤੀ ਅਰਜ਼ੀ ਦਿੱਤੀ ਗਈ।

ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਮੰਦਰ ਦੇ ਸ਼ਿਖਰ ਦੀ ਧਾਤ, ਹੋਰ ਸਮਾਨ ਅਤੇ ਮਲਬੇ ਦੀਆਂ ਇੱਟਾਂ ਵੀ ਬਾਅਦ ਵਿੱਚ ਉਥੋਂ ਹਟਾ ਦਿੱਤੀਆਂ ਗਈਆਂ।

ਜ਼ਮੀਨ ਨੂੰ ਲੈ ਕੇ ਪਹਿਲਾਂ ਤੋਂ ਵਿਵਾਦ

PMMP ਮੁਤਾਬਕ ਮੰਦਰ ਨਾਲ ਲੱਗਦੀ ਜ਼ਮੀਨ ਪਹਿਲਾਂ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ETPB) ਵੱਲੋਂ ਇੱਕ ਮਦਰਸੇ ਲਈ ਪੱਟੇ ‘ਤੇ ਦਿੱਤੀ ਗਈ ਸੀ। ਬਾਅਦ ਵਿੱਚ ਕਥਿਤ ਤੌਰ ‘ਤੇ ਕਈ ਸਾਲ ਕਿਰਾਇਆ ਨਾ ਦੇਣ ਅਤੇ ਜ਼ਮੀਨ ਦੀ ਨਿਰਧਾਰਤ ਮਕਸਦ ਲਈ ਵਰਤੋਂ ਨਾ ਹੋਣ ਕਾਰਨ ਇਹ ਪੱਟਾ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੁਝ ਲੋਕਾਂ ਵੱਲੋਂ ਜਾਇਦਾਦ ਦੇ ਹਿੱਸਿਆਂ ‘ਤੇ ਗੈਰ-ਕਾਨੂੰਨੀ ਕਬਜ਼ਾ ਕਰਨ ਦੇ ਦੋਸ਼ ਵੀ ਲੱਗੇ।

ਹਿੰਦੂ ਭਾਈਚਾਰੇ ਦੇ ਆਗੂ ਰਤਨ ਲਾਲ ਨੇ ਮੰਦਰ ਢਾਹੇ ਜਾਣ ਦੀ ਨਿੰਦਾ ਕਰਦਿਆਂ ਇਸ ਨੂੰ ਮੁੜ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ETPB ਕਥਿਤ ਕਬਜ਼ੇ ਹਟਾਉਣ ਅਤੇ ਮੰਦਰ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਨਾਕਾਮ ਰਹੇ।

ਉਨ੍ਹਾਂ ਨੇ ਸਰਕਾਰ ਨੂੰ ਮੰਦਰ ਢਾਹੁਣ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ।

ਸਰਕਾਰੀ ਅਧਿਕਾਰੀ ਨੇ ਦੱਸਿਆ ਭਾਰੀ ਮੀਂਹ ਕਾਰਨ ਡਿੱਗਿਆ

ਦੂਜੇ ਪਾਸੇ ETPB ਦੇ ਸੀਨੀਅਰ ਅਧਿਕਾਰੀ ਰਾਣਾ ਇਫ਼ਤਿਖਾਰ ਨੇ ਮੰਦਰ ਦੇ ਭਾਰੀ ਮੀਂਹ ਕਾਰਨ ਡਿੱਗਣ ਦੀ ਗੱਲ ਕਹੀ ਹੈ। ਉਨ੍ਹਾਂ ਮੁਤਾਬਕ ਮੰਦਰ ਲਗਭਗ 100 ਤੋਂ 125 ਸਾਲ ਪੁਰਾਣਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਰਿਕਾਰਡ ਵਿੱਚ ਇਸ ਮੰਦਰ ਦਾ ਕੋਈ ਨਾਮ ਦਰਜ ਨਹੀਂ ਹੈ।

ETPB ਅਧਿਕਾਰੀ ਨੇ ਕਿਹਾ ਕਿ ਮੰਦਰ ਦੇ ਮੁੜ ਨਿਰਮਾਣ ਬਾਰੇ ਫ਼ੈਸਲਾ ਉੱਚ ਅਧਿਕਾਰੀ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਮੰਦਰ ਦੀ ਆਪਣੀ ਜ਼ਮੀਨ ਕਿਸੇ ਨੂੰ ਪੱਟੇ ‘ਤੇ ਨਹੀਂ ਦਿੱਤੀ ਗਈ ਸੀ, ਜਦਕਿ ਮੰਦਰ ਨਾਲ ਲੱਗਦੀ ਜ਼ਮੀਨ ਮਦਰਸੇ ਲਈ ਪੱਟੇ ‘ਤੇ ਦਿੱਤੀ ਗਈ ਸੀ।

ਮੰਦਰਾਂ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਦੀ ਮੰਗ

PMMP ਆਗੂ ਨੇ ਦਾਅਵਾ ਕੀਤਾ ਕਿ 29 ਜਨਵਰੀ 2026 ਨੂੰ ਸਿਆਲਕੋਟ ਵਿੱਚ ETPB ਦੇ ਉਪ ਪ੍ਰਸ਼ਾਸਕ ਵੱਲੋਂ ਜਾਰੀ ਹੁਕਮ ਵਿੱਚ ਮਦਰਸੇ ਦੇ ਪੱਟੇ ਦੇ ਹੱਕ ਰੱਦ ਕਰਕੇ ਕਥਿਤ ਗੈਰ-ਕਾਨੂੰਨੀ ਕਬਜ਼ੇ ਹਟਾਉਣ ਅਤੇ ਜਾਇਦਾਦ ਸੀਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਇਨ੍ਹਾਂ ਹੁਕਮਾਂ ‘ਤੇ ਅਮਲ ਨਹੀਂ ਹੋਇਆ।

ਨਰੋਵਾਲ ਜ਼ਿਲ੍ਹਾ ਸ਼ਾਂਤੀ ਕਮੇਟੀ ਅਤੇ ਪਾਕ ਧਰਮਸਥਾਨ ਹਿੰਦੂ ਕਮੇਟੀ ਦੇ ਮੈਂਬਰ ਰਤਨ ਲਾਲ ਨੇ ਕਿਹਾ ਕਿ ਉਹ ਮੌਕੇ ‘ਤੇ ਜਾਣ ਤੋਂ ਵੀ ਡਰਦੇ ਹਨ, ਕਿਉਂਕਿ ਉੱਥੇ ਅਜੇ ਵੀ ਮਦਰਸਾ ਚੱਲ ਰਿਹਾ ਹੈ। ਉਨ੍ਹਾਂ ਨੇ ਪੰਜਾਬ ਭਰ ਵਿੱਚ ਹਿੰਦੂ ਮੰਦਰਾਂ, ਸਿੱਖ ਗੁਰਦੁਆਰਿਆਂ, ਇਸਾਈ ਚਰਚਾਂ ਅਤੇ ਉਨ੍ਹਾਂ ਨਾਲ ਲੱਗੀਆਂ ਜਾਇਦਾਦਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

Share This Article
Leave a Comment