ਦੇਸ਼ ‘ਚ ਪੂੰੰਜੀਪਤੀਆਂ ਦੀ ਸਰਕਾਰ ਦਾ ਰਾਜ ਹੈ : ਬਲਵੀਰ ਸਿੰਘ ਰਾਜੇਵਾਲ

TeamGlobalPunjab
6 Min Read

ਤਿੰਨੇ ਕਾਲੇ ਕਾਨੂੰਨ ਮਰ ਚੁੱਕੇ ਹਨ ਸਿਰਫ ਮੌਤ ਵਾਲਾ ਸਰਟੀਫਿਕੇਟ ਮਿਲਣਾ ਬਾਕੀ : ਡਾ. ਦਰਸ਼ਨਪਾਲ

ਪਟਿਆਲਾ :  ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਤੇਗ ਬਹਾਦਰ ਹਾਲ ਵਿਖੇ ਸਟੂਡੈਂਟ ਵੈਲਫੇਅਰ ਐਸੋਸੀਏਟ ਗਰੁੱਪ (ਸਵੈਗ) ਦੁਆਰਾ ਰਣਵੀਰ ਸਿੰਘ ਦੇਹਲਾ ਦੀ ਅਗਵਾਈ ‘ਚ ਕਰਵਾਏ ਗਏ ਵਿਸ਼ਾਲ ਸਟੂਡੈਂਟ ਕਿਸਾਨ ਮਜ਼ਦੂਰ ਸੰਯੁਕਤ ਸੰਮੇਲਨ ਰਾਹੀਂ ਪਹਿਲੀ ਵਾਰ ਦੇਸ਼ ਦੇ ਵਿਦਿਅਕ ਅਦਾਰਿਆਂ ‘ਚ ਕਿਸਾਨ ਸੰਘਰਸ਼ ਦੀ ਗੂੰਜ ਪਾਉਣ ਦਾ ਸਫਲ ਉਪਰਾਲਾ ਕੀਤਾ ਗਿਆ।

ਮੁੱਖ ਪ੍ਰਬੰਧਕ ਰਣਵੀਰ ਸਿੰਘ ਦੇਹਲਾ ਨੇ ਆਏ ਆਗੂਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਦੀ ਨਬਜ਼ ਨੂੰ ਪਹਿਚਾਣਦੇ ਹੋਏ ਕਿਸਾਨ ਸੰਘਰਸ਼ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਾਰਤ ‘ਚ ਲੋਕਤੰਤਰਿਕ ਸਰਕਾਰ ਦੇ ਅਰਥ ਬਦਲ ਚੁੱਕੇ ਹਨ ਅਤੇ ਇਸ ਵਿੱਚ ਪੂੰੰਜੀਪਤੀਆਂ ਦੁਆਰਾ, ਆਪਣੇ ਲਈ ਬਣਾਈ ਗਈ ਭਾਵ ਪੂੰਜੀਪਤੀਆਂ ਦੀ ਸਰਕਾਰ ਦਾ ਰਾਜ ਹੈ।

ਉਨ੍ਹਾਂ ਕਿਹਾ ਕਿ ਇਸੇ ਕਾਰਨ ਹੀ ਸਾਡੇ ਦੇਸ਼ ‘ਚ ਅੱਜ ਹਰੇਕ ਕਾਨੂੰਨ ਪੂੰਜੀਪਤੀ ਲੋਕਾਂ ਦੀ ਬਿਹਤਰੀ ਨੂੰ ਧਿਆਨ ‘ਚ ਰੱਖ ਕੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਰਾਜਨੀਤੀ ‘ਚ, ਲੋਕਾਂ ਦੀ ਥਾਂ ਨਿੱਜਤਾ ਭਾਰੂ ਹੋ ਗਈ ਹੈ, ਜਿਸ ਕਾਰਨ ਰਾਜੀਨੀਤਿਕ ਨੇਤਾਵਾਂ ਕੋਲ, ਆਮ ਲੋਕਾਂ ਲਈ ਕੁਝ ਕਰਨ ਦਾ ਸਮਾਂ ਤੇ ਸੋਚ ਨਹੀਂ ਰਹੀ। ਸ. ਰਾਜੇਵਾਲ ਨੇ ਕਿਹਾ ਕਿ ਕਿਸਾਨ ਸੰਘਰਸ਼ ਦੀ ਚਰਚਾ ਅੱਜ ਭਾਰਤ ‘ਚ ਹੀ ਨਹੀਂ ਸਗੋਂ ਦੁਨੀਆ ਭਰ ‘ਚ ਹੋ ਚੁੱਕੀ ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੇ ਲੋਕਾਂ ਦੇ ਜੁਝਾਰੂਪਣ ਤੇ ਸਾਡੇ ਦੇਸ਼ ਦੀ ਸਰਕਾਰ ਦੇ ਗੈਰਮਨੁੱਖੀ ਵਰਤਾਰੇ ਦੀ ਚਰਚਾ ਵਿਸ਼ਵ ਪੱਧਰ ‘ਤੇ ਚੱਲ ਰਹੀ ਹੈ।

 

ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੀ ਬਦਨੀਤੀ ਕਾਰਨ ਅੱੱਜ ਪੰਜਾਬ ਦੇ 65 ਫੀਸਦੀ ਕਿਸਾਨ ਤੇ 75 ਫੀਸਦੀ ਮਜ਼ਦੂਰ ਮੈਟ੍ਰਿਕ ਪਾਸ ਵੀ ਨਹੀਂ ਹਨ, ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੇ ਗਏ ਸਰਵੇਖਣ ‘ਤੇ ਅਧਾਰਤ ਹੈ। ਇਸ ਮੌਕੇ ਉੱਘੇ ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਦੇਸ਼ ਵਿਆਪੀ ਕਿਸਾਨ ਅੰਦੋਲਨ ਸਦਕਾ ਤਿੰਨ ਕਾਲੇ ਕਾਨੂੰਨ ਮਰ ਚੁੱਕੇ ਹਨ ਤੇ ਕੋਈ ਵੀ ਰਾਜਨੀਤਿਕ ਪਾਰਟੀ ਇਨ੍ਹਾਂ ਕਾਨੂੰਨਾਂ ਨੂੰ ਭਵਿੱਖ ‘ਚ ਲਾਗੂ ਕਰਨ ਦੀ ਜੁਅਰਤ ਨਹੀਂ ਦਿਖਾਏਗੀ। ਸਿਰਫ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਕਾਨੂੰਨਾਂ ਦੀ ਮੌਤ ਦੇ ਸਰਟੀਫਿਕੇਟ ‘ਤੇ ਦਸਤਖਤ ਕਰਨੇ ਬਾਕੀ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ ਕਿਸਾਨਾਂ ਨੇ ਆਪਣੇ ਅੰਦੋਲਨ ਰਾਹੀਂ ਦੇਸ਼ ਦੇ ਕਾਰਪੋਰੇਟ ਘਰਾਣਿਆਂ ਨੂੰ ਸਿੱਧੀ ਚੁਣੌਤੀ ਦੇਣ ਦੀ ਹਿੰਮਤ ਦਿਖਾਈ ਹੈ।

ਉਨ੍ਹਾਂ ਕਿਹਾ ਕਿ ਹੁਣ ਪੰਜਾਬ ਤੇ ਹਰਿਆਣਾ ਦੀ ਤਰ੍ਹਾਂ ਕਿਸਾਨ ਅੰਦੋਲਨ ਮਜਬੂਤੀ ਨਾਲ ਉੱਤਰ ਪ੍ਰਦੇਸ਼ ‘ਚ ਵੀ ਪੈਰ ਪਸਾਰ ਰਿਹਾ ਹੈ। ਜਿਸ ਦੇ ਨਤੀਜੇ ਪੱਛਮੀ ਬੰਗਾਲ ਵਾਂਗ ਭਾਜਪਾ, ਉੱਤਰ ਪ੍ਰਦੇਸ਼ ‘ਚ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭੁਗਤਣ ਲਈ ਤਿਆਰ ਰਹੇ। ਨਾਮਵਰ ਗਾਇਕ ਪਰਮਜੀਤ ਸਿੱਧੂ ਪੰਮੀ ਬਾਈ ਨੇ ਕਿਹਾ ਕਿ ਇਸ ਸਮੇਂ ਸਾਡੇ ਦੇਸ਼ ‘ਚ ਜਿਹੋ-ਜਿਹਾ ਮਾੜਾ ਦੌਰ ਚੱਲ ਰਿਹਾ ਹੈ, ਉਸ ‘ਚੋਂ ਨਿੱਕਲਣ ਲਈ ਬੁੱਧੀਜੀਵੀ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਹੱਕਾਂ ਤੇ ਫਰਜਾਂ ਲਈ ਸੁਚੇਤ ਕਰਨਾ ਚਾਹੀਦਾ ਹੈ।

 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਆਏ ਉੱਘੇ ਅਰਥ ਸ਼ਾਸ਼ਤਰੀ ਤੇ ਪ੍ਰੋ. ਸੁਖਪਾਲ ਨੇ ਅੰਕੜਿਆਂ ਸਹਿਤ ਦੇਸ਼ ਦੀ ਮਾਲੀ ਹਾਲਤ, ਕੁਦਰਤੀ ਸਾਧਨਾਂ ਤੇ ਕਿਰਤ ਦੀ ਵੰਡ ਬਾਰੇ ਵਿਸਥਾਰ ‘ਚ ਰੋਸ਼ਨੀ ਪਾਈ। ਸਾਬਕਾ ਆਈ.ਏ.ਐਸ. ਅਧਿਕਾਰੀ ਹਰਕੇਸ਼ ਸਿੰਘ ਸਿੱਧੂ ਨੇ ਕਿਹਾ ਕਿ ਅਜੋਕੇ ਸਮੇਂ ‘ਚ ਜਿਸ ਤਰ੍ਹਾਂ ਸਾਡੇ ਦੇਸ਼ ਦੀ ਸਰਕਾਰ ਹਰ ਵਰਗ ਦੇ ਲੋਕਾਂ ਦੇ ਹੱਕਾਂ ਨੂੰ ਕੁਚਲ ਰਹੀ ਹੈ, ਉਸ ਨੂੰ ਠੱਲਣ ਲਈ ਵਿਸ਼ਾਲ ਲੋਕ ਲਹਿਰ ਦੀ ਜਰੂਰਤ ਹੈ। ਇਸੇ ਲਈ ਹਰ ਵਰਗ ਨੂੰ ਚਾਹੀਦਾ ਹੈ ਕਿ ਉਹ ਆਪਣੇ ਚੰਗੇਰੇ ਭਵਿੱਖ ਲਈ ਕਿਸਾਨ ਅੰਦੋਲਨ ਦੀ ਹਮਾਇਤ ‘ਚ ਨਿੱਤਰੇ।

ਗਾਇਕ ਜਸ ਬਾਜਵਾ ਨੇ ਕਿਸਾਨ ਸੰਘਰਸ਼ ਨੂੰ ਵਧੀਆ ਤਰੀਕੇ ਨਾਲ ਸੰਗਠਤ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀ ਵਰਗ ਨੂੰ ਵੱਧ-ਚੜ੍ਹ ਕੇ ਇਸ ‘ਚ ਹਿੱਸਾ ਪਾਉਣ ਦੀ ਅਪੀਲ ਕੀਤੀ। ਐਡਵੋਕੇਟ ਕਰਮਜੀਤ ਸਿੰਘ ਸੇਖੋਂ ਨੇ ਆਪਣੇ ਜੋਸ਼ੀਲੇ ਭਾਸ਼ਨ ਰਾਹੀਂ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਗਰੁੱਪ ਸਵੈਗ ਵੱਲੋਂ ਕੀਤੀ ਗਈ ਨਿਵੇਕਲੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਕਿਸਾਨ ਸੰਘਰਸ਼ ਸਬੰਧੀ ਇਸ ਤਰ੍ਹਾਂ ਦੇ ਸਮਾਗਮ ਪਿੰਡ-ਪਿੰਡ ਕਰਨ ਦੀ ਅਪੀਲ ਕੀਤੀ। ਡਾ. ਜੋਗਾ ਸਿੰਘ ਨੇ ਵਿਦਿਆਰਥੀ ਵਰਗ ਦੀ ਲੋਕ ਸੰਘਰਸ਼ਾਂ ‘ਚ ਸ਼ਮੂਲੀਅਤ ਬਾਰੇ ਮਿਸਾਲਾਂ ਦੇ ਕੇ, ਨੌਜਵਾਨ ਵਰਗ ਨੂੰ ਕਿਸਾਨ ਸੰਘਰਸ਼ ਦਾ ਹਿੱਸਾ ਬਣਨ ਦੀ ਅਪੀਲ ਕੀਤੀ।

ਚਰਚਿਤ ਪੱਤਰਕਾਰ ਬਲਤੇਜ ਪੰਨੂੰ ਨੇ ਨੌਜਵਾਨ ਪੀੜ੍ਹੀ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਅੱਜ ਦਾ ਸਮਾਂ ਨਿੱਕੇ-ਨਿੱਕੇ ਝਗੜਿਆਂ ‘ਚ ਉਲਝਣ ਦਾ ਸਮਾਂ ਨਹੀਂ ਹੈ ਸਗੋਂ ਆਪਣੇ ਹੱਕਾਂ ਲਈ ਇੱਕਜੁੱਟ ਹੋ ਕੇ ਦੇਸ਼ ਵਿਆਪੀ ਸੰਘਰਸ਼ ਕਰਨ ਦੀ ਲੋੜ ਹੈ। ਮੰਚ ਸੰਚਾਲਨ ਪ੍ਰੋ. ਗੁਰਸੇਵ ਸਿੰਘ ਸ਼ੇਰਗੜ੍ਹ ਨੇ ਕੀਤਾ। ਇਸ ਮੌਕੇ ਡਾ. ਸੁਖਦਰਸ਼ਨ ਸਿੰਘ ਚਹਿਲ ਦੁਆਰਾ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ‘ਦਿੱਲੀ ਚੱਲੋ’ ਮਾਨਵ ਮੰਚ ਦੀ ਟੀਮ ਵੱਲੋਂ ਖੇਡਿਆ ਗਿਆ। ਕਿਸਾਨ ਸੰਘਰਸ਼ ‘ਚ ਆਪਣੇ ਪੁੱਤਰ ਦੀ ਸ਼ਹਾਦਤ ਦੇ ਚੁੱਕੀ ਮਾਤਾ ਨੂੰ ਸਨਮਾਨਿਤ ਵੀ ਕੀਤਾ ਗਿਆ। ਗਾਇਕ ਨਿਰਵੈਰ ਪੰਨੂੰ ਨੇ ਆਪਣੇ ਗੀਤ ਇਤਿਹਾਸ ਰਾਹੀਂ ਸਮਾਗਮ ਨੂੰ ਜੋਸ਼ੀਲਾ ਬਣਾ ਦਿੱਤਾ।

ਇਸ ਸਮਾਗਮ ਦੀ ਸਫਲਤਾ ਲਈ ਸਵੈਗ ਦੇ ਆਗੂ ਰਣਵੀਰ ਸਿੰਘ ਦੇਹਲਾ, ਗੁਰਬਾਜ਼ ਧਾਲੀਵਾਲ, ਸਰਪੰਚ ਗੁਰਦੀਪ ਸਿੰਘ ਭੁੱਲਰ, ਗੈਰੀ ਰੰਧਾਵਾ, ਹੈਰੀ ਪੂੰਨੀਆ, ਸਿਮਰਜੀਤ ਸਰਾਓ, ਬਿੱਟਾ ਰੁੜਕੀ, ਬੌਬੀ, ਬੰਟੀ, ਸੰਦੀਪ ਸਿੰਘ, ਗੁਰਦੀਪ ਸਿੰਘ ਖੁਨਾਲ, ਪ੍ਰਦੀਪ ਸਿੰਘ ਧਾਲੀਵਾਲ, ਉਪਿੰਦਰ ਸਿੰਘ ਵਿੱਕੀ, ਹੈਪੀ ਪਾਪੜਾ, ਅਜ਼ਾਦ ਆਦਿ ਨੇ ਭਰਵਾਂ ਯੋਗਦਾਨ ਪਾਇਆ।

Share This Article
Leave a Comment