ਹਾਂਗਕਾਂਗ: ਹਾਂਗਕਾਂਗ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਪਹਿਲੀ ਵਾਰ ਇਕ ਵਿਅਕਤੀ ਨੂੰ ਵੱਖਵਾਦ ਅਤੇ ਅਤਿਵਾਦ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰੈਸਤਰਾਂ ’ਚ ਕੰਮ ਕਰਨ ਵਾਲੇ 24 ਸਾਲਾ ਟੋਂਗ ਯਿੰਗ ਕਿਟ ’ਤੇ ਪਿਛਲੇ ਸਾਲ ਆਪਣੇ ਮੋਟਰਸਾਈਕਲ ਪੁਲਿਸ ਅਫ਼ਸਰਾਂ ਦੇ ਇਕ ਸਮੂਹ ਦੇ ਨਾਲ ਚਲਾਉਣ ਲਈ ਵੱਖਵਾਦ ਤੇ ਅੱਤਵਾਦ ਦਾ ਦੋਸ਼ ਲਗਾਇਆ ਗਿਆ ਹੈ। ਕਿਟ ਦੀ ਬਾਈਕ ’ਤੇ ‘ਹਾਂਗਕਾਂਗ ਨੂੰ ਆਜ਼ਾਦ ਕਰੋ’ ਦੇ ਪਾਬੰਦੀਸ਼ੁਦਾ ਨਾਅਰੇ ਵਾਲਾ ਝੰਡਾ ਲੱਗਾ ਹੋਣ ਕਾਰਨ ਪੁਲਿਸ ਨੇ ਉਸ ’ਤੇ ਜਲਦਬਾਜ਼ੀ ’ਚ ਕਾਰਵਾਈ ਕੀਤੀ।
ਇਹ ਘਟਨਾ ਹਾਂਗਕਾਂਗ ਵਿੱਚ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤੇ ਜਾਣ ਦੇ ਇਕ ਦਿਨ ਬਾਅਦ ਵਾਪਰੀ ਸੀ। ਚੀਨ ਨੇ ਸਾਲ 2019 ਵਿੱਚ ਕਈ ਮਹੀਨਿਆਂ ਤਕ ਚੱਲੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਬਾਅਦ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਸੀ। ਇਸ ਕਾਨੂੰਨ ਤਹਿਤ ਹੁਣ ਤਕ 100 ਤੋਂ ਵਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਟੋਂਗ ਨੇ ਵੱਖਵਾਦ ਅਤੇ ਅਤਿਵਾਦ ਦੇ ਦੋਸ਼ ਆਇਦ ਕਰਨ ਦੀ ਥਾਂ ਖਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਵਰਗੇ ਦੋਸ਼ ਲਾਉਣ ਦੀ ਗੁਹਾਰ ਲਾਈ ਸੀ। ਟੋਂਗ ਨੂੰ ਵਧ ਤੋਂ ਵਧ ਉਮਰਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ।