Home / ਓਪੀਨੀਅਨ / ਇਸ ਵਿਗਿਆਨੀ ਨੂੰ ਕਿਉਂ ਮਿਲੀ ਸੀ ਮੌਤ ਦੀ ਸਜਾ; ਪੜ੍ਹੋ ਪੂਰੀ ਕਹਾਣੀ

ਇਸ ਵਿਗਿਆਨੀ ਨੂੰ ਕਿਉਂ ਮਿਲੀ ਸੀ ਮੌਤ ਦੀ ਸਜਾ; ਪੜ੍ਹੋ ਪੂਰੀ ਕਹਾਣੀ

-ਅਵਤਾਰ ਸਿੰਘ

ਜਿਉਦਾਰਨੋ (ਫਿਲੀਪੋ) ਬਰੂਨੋ ਵਿਗਿਆਨੀ ਦਾ ਜਨਮ 17 ਫਰਵਰੀ, 1548 ਨੂੰ ਇਟਲੀ ਦੇ ਰਾਜ ਨੈਪਲਜ ਦੀ ਰਾਜਧਾਨੀ ਨੋਲਾ ਦੇ ਫੌਜੀ ਜਿਉਵਾਨੀ ਬਰੂਨੋ ਦੇ ਘਰ ਹੋਇਆ। ਉਸ ਨੂੰ ਮੁੱਢਲੀ ਪੜਾਈ ਤੋਂ ਬਾਅਦ ਨੈਪਲਜ ਸ਼ਹਿਰ ਪੜਨ ਲਈ ਭੇਜਿਆ, ਉਹ ਵਿਹਲੇ ਸਮੇਂ ਲੋਕਾਂ ਦੇ ਲੈਕਚਰ ਸੁਣਨ ਵਾਸਤੇ ਸਟੇਡੀਅਮ ਚਲਾ ਜਾਂਦਾ ਸੀ। ਫਿਰ ਉਸਨੇ ਸੇਂਟ ਡੋਮੀਨੀਕੋ ਦੇ ਮਤ ਧਾਰਨ ਕੀਤਾ ਤੇ 1572 ਵਿੱਚ ਉਹ ਚਰਚ ਦਾ ਪਾਦਰੀ ਬਣਿਆ। ਇਸ ਮਤ ਦਾ ਉਦੇਸ਼ ਪ੍ਰਚਾਰ ਤੇ ਸਿੱਖਿਆ ਸੀ। ਇਸਦੇ ਪ੍ਰਚਾਰਕ ਸੂਹੀਏ ਪ੍ਰਣਾਲੀ ਵਿਚ ਰੂੜੀਵਾਦੀ ਦੇ ਮੁਦਈ ਸਨ ਤੇ ਉਹ ਨਵੇਂ ਸੰਸਾਰ ਲਈ ਉਪਦੇਸ਼ਕਾਂ ਦੀ ਅਗਵਾਈ ਕਰਦੇ।

ਸੰਨ 1576 ਵਿੱਚ ਨਾਸਤਿਕਤਾ ਦਾ ਦੋਸ਼ੀ ਠਹਿਰਾਉਣ ‘ਤੇ ਉਹ ਰੋਮ ਚਲਾ ਗਿਆ ਤੇ ਆਪਣਾ ਮੱਤ ਛੱਡ ਦਿੱਤਾ। ਉਹ ਯੂਰਪ ਦੇ ਅਨੇਕਾਂ ਦੇਸ਼ਾਂ ‘ਚ ਘੁੰਮਿਆ।

ਫਰਾਂਸ ਦੇ ਰਾਜੇ ਹੈਨਰੀ-3 ਨੇ ਕਾਲਜ ਆਫ ਫਰਾਂਸ ਵਿੱਚ ਉਸਦੀ ਨਿਯੁਕਤੀ ਕੀਤੀ। 1583 ਨੂੰ ਇੰਗਲੈਂਡ ਜਾ ਕੇ ਪਹਿਲੀ ਵਾਰ ਤਿੰਨ ਕਿਤਾਬਾਂ ਲਿਖੀਆਂ।ਫਿਰ ਉਹ ਵਿਗਿਆਨੀ ਕਾਪਰਨੀਕਸ ਦੇ ਵਿਚਾਰਾਂ ਦਾ ਖੁੱਲ੍ਹ ਕੇ ਪ੍ਰਚਾਰ ਕਰਨ ਲੱਗਾ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਅਣਗਣਿਤ ਬ੍ਰਹਿਮੰਡ ਹਨ।

ਧਾਰਮਿਕ ਲੋਕਾਂ ਨੇ ਇਨ੍ਹਾਂ ਵਿਚਾਰਾਂ ਦਾ ਵਿਰੋਧ ਕੀਤਾ ਕਿਉਂਕਿ ਇਹ ਬਾਈਬਲ ਦੇ ਸ਼ਿਰਸਟੀ ਦੇ ਹੋਂਦ ਵਿੱਚ ਆਉਣ ਦੇ ਸਿਧਾਂਤ ਦੇ ਉਲਟ ਸੀ। ਉਸਨੇ 30 ਤੋਂ ਵੱਧ ਕਿਤਾਬਾਂ ਤੇ ਕਈ ਪੈਂਫਲਿਟ ਛਾਪੇ।

ਬ੍ਰਹਿਮੰਡ ਬਾਰੇ ਤਿੰਨ ਕਿਤਾਬਾਂ ਲਿਖੀਆਂ, ਪਹਿਲੀ ਕਿਤਾਬ ਬੁੱਧਵਾਰ ਰਾਤਰੀ ਭੋਜਨ ਵਿੱਚ ਬਰੂਨੋ ਨੇ ਕਾਪਰੀਨਿਕਸ ਦੇ ਸੂਰਜੀ ਕੇਂਦਰਕ ਬਰਹਿਮੰਡ ਦੇ ਵਿਚਾਰਾਂ ਦੀ ਪ੍ਰੋੜਤਾ ਕੀਤੀ। ਦੂਜੀ ਕਿਤਾਬ ਕਾਰਨ, ਸਿਧਾਂਤ ਤੇ ਏਕਤਾ ਬਾਰੇ ਲਿਖਿਆ ਹੈ,ਇਸ ਸਮੁੱਚੇ ਭੂ-ਮੰਡਲ ਦੀ, ਇਸ ਤਾਰੇ ਦੀ, ਕਿਉਂਕਿ ਨਾ ਮੌਤ ‘ਤੇ ਨਾ ਹੀ ਤਬਾਹੀ ਹੋ ਸਕਦੀ ਹੈ ਅਤੇ ਵਿਨਾਸ਼ ਕੁਦਰਤ ‘ਚ ਕਿਤੇ ਵੀ ਸੰਭਵ ਨਹੀਂ। ਤੀਜੀ ਲਿਖਤ ਵਿੱਚ ਬਰੂਨੋ ਨੇ ਦਲੀਲ ਦਿੱਤੀ ਹੈ ਕਿ ਬ੍ਰਹਿਮੰਡ ਅਸੀਮ ਹੈ, ਇਸ ਅੰਦਰ ਅਨੰਤ ਸੰਸਾਰ ਹਨ। 1591 ਨੂੰ ਉਸਨੇ ਇਕ ਪੁਸਤਕ ਵਿੱਚ ਲਿਖਿਆ ਹੈ, ‘ਜਿਹੜਾ ਵੀ ਦਾਰਸ਼ਨਿਕ ਬਣਨਾ ਚਾਹੁੰਦਾ ਹੈ, ਉਸਨੂੰ ਸਭ ਤੋਂ ਪਹਿਲਾਂ ਸਾਰੀਆਂ ਗੱਲਾਂ ‘ਤੇ ਕਿੰਤੂ ਕਰਨਾ ਚਾਹੀਦਾ ਹੈ। ਉਸਨੂੰ ਕਿਸੇ ਵੀ ਵਾਦ-ਵਿਵਾਦ ਅੰਦਰ ਵੱਖ ਵੱਖ ਰਾਵਾਂ ਸੁਨਣ ਅਤੇ ਹੱਕ ‘ਤੇ ਵਿਰੋਧ ਵਿੱਚ ਦਿਤੀਆਂ ਦਲੀਲਾਂ ਉਪਰ ਵਿਚਾਰ ਕਰਨ ਤੋਂ ਬਿਨਾਂ ਆਪਣੀ ਰਾਏ ਨਹੀਂ ਬਣਾਉਣੀ ਚਾਹੀਦੀ। ਉਸਨੂੰ ਸਿਰਫ ਸੁਣੀ ਸੁਣਾਈ ਗਲ ਤੇ ਭਰੋਸਾ ਕਰਕੇ ਜਾਂ ਬਹੁ-ਗਿਣਤੀ ਦੀ ਰਾਏ ਦੇ ਅਧਾਰ ‘ਤੇ ਜਾਂ ਬੋਲਣ ਵਾਲੇ ਦੀ ਉਮਰ, ਯੋਗਤਾ ਜਾਂ ਸ਼ੋਹਰਤ ਦੇ ਆਧਾਰ ‘ਤੇ ਕਦੇ ਵੀ ਆਪਣਾ ਮਨ ਨਹੀਂ ਬਣਾਉਣਾ ਚਾਹੀਦਾ ਸਗੋਂ ਉਸਨੂੰ ਇਕ ਜੀਵਤ ਸਿਧਾਂਤ ਦੀ ਸੇਧ ਅਨੁਸਾਰ ਚਲਣਾ ਚਾਹੀਦਾ ਹੈ ਜਿਹੜਾ ਹਕੀਕਤ ਤੇ ਸਚਾਈ ਨਾਲ ਮੇਲ ਖਾਂਦਾ ਹੋਵੇ ਤੇ ਤਰਕ ਦੀ ਕਸੌਟੀ ‘ਤੇ ਖਰਾ ਉਤਰਦਾ ਹੋਵੇ। 1591 ਵਿੱਚ ਇਕ ਪਾਦਰੀ ਦੇ ਸੱਦੇ ‘ਤੇ ਇਟਲੀ ਵਾਪਸ ਆ ਗਿਆ। 23 ਮਈ 1592 ਨੂੰ ਪਾਦਰੀਆਂ ਨੇ ਗ੍ਰਿਫਤਾਰ ਕਰਕੇ ਵੀਨਸ ਦੀ ਜੇਲ੍ਹ ਵਿੱਚ ਸੁੱਟ ਦਿੱਤਾ ਤੇ ਅੱਠ ਸਾਲ ਰੋਮ ਦੇ ਹਨੇਰੇ ਤਹਿਖਾਨੇ ਵਿੱਚ ਕੈਦ ਰੱਖਿਆ। ਉਸਨੂੰ ਵਾਰ ਵਾਰ ਆਪਣੇ ਬਿਆਨਾਂ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਜਾਂਦਾ ਰਿਹਾ ਪਰ ਉਹ ਵਿਚਾਰਾਂ ਤੋਂ ਨਾ ਥਿੜਕਿਆ। ਜਦੋਂ ਰੋਮ ਦੇ ਗਵਰਨਰ ਅੱਗੇ ਪੇਸ਼ ਕੀਤਾ ਤਾਂ ਉਸਨੇ ਡਰਨ ਦੀ ਥਾਂ ਧਮਕੀ ਵਾਲੇ ਲਹਿਜੇ ਵਿਚ ਕਿਹਾ, “ਮੇਰਾ ਇਨਸਾਫ ਕਰਨ ਵਾਲਿਉ, ਮੇਰੇ ਸਜ਼ਾ ਲੈਣ ਵਾਲੇ ਨਾਲੋਂ, ਮੈਨੂੰ ਸਜ਼ਾ ਦੇਣ ਵਾਲੇ ਤੁਸੀਂ, ਵਧ ਡਰੇ ਹੋਏ ਹੋ।” ਅੰਤ ਵਿੱਚ 20 ਜਨਵਰੀ 1600 ਨੂੰ ਸੁਣਾਏ ਫੈਸਲੇ ਅਨੁਸਾਰ ਉਸਨੂੰ 17 ਫਰਵਰੀ 1600 ਨੂੰ ਰੋਮਨ ਮਾਰਕਿਟ ਚੌਕ ਵਿੱਚ ਥੜੇ ‘ਤੇ ਖੜ੍ਹਾ ਕਰਕੇ ਖੰਭੇ ਨਾਲ ਬੰਨ੍ਹ ਕੇ ਜਿਊਂਦਿਆਂ ਸਾੜ ਦਿੱਤਾ, ਮਰਦੇ ਦਮ ਤਕ ਉਹ ਵਿਦਰੋਹੀ ਰਿਹਾ।

20-1-2000 ਵਿੱਚ ਚਰਚ ਦੇ ਪੋਪ ਸੱਤਵੇਂ ਨੇ ਮਹਾਨ ਵਿਗਿਆਨੀ ਨੂੰ ਸਜ਼ਾ ਦੇਣ ਦੇ ਫੈਸਲੇ ਲਈ ਮੁਆਫੀ ਮੰਗੀ ਤੇ ਦੁੱਖ ਪ੍ਰਗਟ ਕੀਤਾ ਸੀ।

Check Also

ਕਿਸਾਨਾਂ ਲਈ ਮੁੱਲਵਾਨ ਜਾਣਕਾਰੀ: ਅੰਗੂਰਾਂ ਵਿੱਚ ਚੈਫਰ ਬੀਟਲ ਦਾ ਸਰਵ-ਪੱਖੀ ਪ੍ਰਬੰਧ

  -ਸੰਦੀਪ ਸਿੰਘ   ਚੈਫਰ ਬੀਟਲ/ਕੋਕਚੈਫਰ ਬੀਟਲ ਜਾਂ ਚਿੱਟਾ ਸੁੰਡ ਮਿੱਟੀ ਵਿੱਚ ਰਹਿਣ ਵਾਲਾ ਬਹੁ–ਪੱਖੀ …

Leave a Reply

Your email address will not be published. Required fields are marked *