ਨਵੀਂ ਦਿੱਲੀ: ਪੀਐਮ ਨਰਿੰਦਰ ਮੋਦੀ ਨੇ 12 ਮਈ 2025 ਨੂੰ ‘ਓਪਰੇਸ਼ਨ ਸਿੰਦੂਰ’ ਸਬੰਧੀ ਕੌਮ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਪਾਕਿਸਤਾਨ ਨੂੰ ਸਪੱਸ਼ਟ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਭਾਰਤ ਨੇ ਜਵਾਬੀ ਕਾਰਵਾਈ ਨੂੰ ਸਿਰਫ਼ ਮੁਲਤਵੀ ਕੀਤਾ ਹੈ, ਅਤੇ ਅਗਲੇ ਕਦਮ ਪਾਕਿਸਤਾਨ ਦੇ ਰਵੱਈਏ ’ਤੇ ਨਿਰਭਰ ਕਰਨਗੇ। ਪੀਐਮ ਨੇ ਕਿਹਾ, “ਅਸੀਂ ਫੌਜੀ ਕਾਰਵਾਈ ਨੂੰ ਫਿਲਹਾਲ ਰੋਕਿਆ ਹੈ, ਪਰ ਪਾਕਿਸਤਾਨ ਦੇ ਹਰ ਕਦਮ ਨੂੰ ਅਸੀਂ ਸ਼ਾਂਤੀ ਅਤੇ ਅੱਤਵਾਦ ਵਿਰੁੱਧ ਮਾਪਦੰਡ ’ਤੇ ਪਰਖਾਂਗੇ।”
ਉਨ੍ਹਾਂ ਸਪੱਸ਼ਟ ਕੀਤਾ ਕਿ ਪਾਕਿਸਤਾਨ ਨਾਲ ਕੋਈ ਗੱਲਬਾਤ ਅੱਤਵਾਦ ਅਤੇ ਪੀਓਕੇ ਦੇ ਮੁੱਦੇ ’ਤੇ ਹੋਵੇਗੀ। “ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਹੋ ਸਕਦੇ। ਅੱਤਵਾਦ ਅਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ। ਖੂਨ ਅਤੇ ਪਾਣੀ ਵੀ ਇਕੱਠੇ ਨਹੀਂ ਵਹਿ ਸਕਦੇ,” ਪੀਐਮ ਨੇ ਸਾਫ ਕਿਹਾ।
ਪਾਕਿਸਤਾਨ ਅੱਤਵਾਦ ਨੂੰ ਪ੍ਰਫੁੱਲਤ ਕਰ ਰਿਹਾ
ਪੀਐਮ ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਅਤੇ ਫੌਜ ਅੱਤਵਾਦ ਨੂੰ ਹੁਲਾਰਾ ਦੇ ਰਹੀਆਂ ਹਨ, ਜੋ ਅਖੀਰ ਵਿੱਚ ਪਾਕਿਸਤਾਨ ਨੂੰ ਹੀ ਤਬਾਹ ਕਰ ਦੇਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਨੂੰ ਬਚਾਉਣ ਦਾ ਇੱਕੋ-ਇੱਕ ਰਾਹ ਅੱਤਵਾਦੀ ਢਾਂਚੇ ਦਾ ਖਾਤਮਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇ ਹੋਏ ਵੱਡੇ ਅੱਤਵਾਦੀ ਹਮਲਿਆਂ ਦੀਆਂ ਜੜ੍ਹਾਂ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਨਾਲ ਜੁੜੀਆਂ ਹਨ।
ਪਹਿਲਗਾਮ ਹਮਲੇ ਦਾ ਜ਼ਿਕਰ ਅਤੇ ‘ਓਪਰੇਸ਼ਨ ਸਿੰਦੂਰ’
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਜ਼ਿਕਰ ਕਰਦਿਆਂ ਪੀਐਮ ਨੇ ਕਿਹਾ ਕਿ ਇਸ ਹਮਲੇ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ‘ਓਪਰੇਸ਼ਨ ਸਿੰਦੂਰ’ ਰਾਹੀਂ ਭਾਰਤ ਨੇ ਇਸ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ, “ਓਪਰੇਸ਼ਨ ਸਿੰਦੂਰ ਨਿਆਂ ਦੀ ਅਟੱਲ ਪ੍ਰਤੀਗਿਆ ਹੈ। ਅੱਤਵਾਦੀ ਅਤੇ ਉਨ੍ਹਾਂ ਦੇ ਸਰਪ੍ਰਸਤ ਹੁਣ ਜਾਣ ਚੁੱਕੇ ਹਨ ਕਿ ਸਿੰਦੂਰ ਮਿਟਾਉਣ ਦੀ ਕੀਮਤ ਕੀ ਹੁੰਦੀ ਹੈ।”
ਫੌਜਾਂ ਅਤੇ ਬੀਐਸਐਫ ਸੁਚੇਤ
ਪੀਐਮ ਨੇ ਦੱਸਿਆ ਕਿ ਭਾਰਤ ਦੀਆਂ ਤਿੰਨੇ ਫੌਜਾਂ ਅਤੇ ਬੀਐਸਐਫ ਪੂਰੀ ਤਰ੍ਹਾਂ ਸੁਚੇਤ ਹਨ। ਸਰਜੀਕਲ ਸਟ੍ਰਾਈਕ ਅਤੇ ਹਵਾਈ ਹਮਲਿਆਂ ਤੋਂ ਬਾਅਦ, ਅੱਤਵਾਦ ਵਿਰੁੱਧ ਭਾਰਤ ਦੀ ਨੀਤੀ ਸਪੱਸ਼ਟ ਹੈ। “ਅੱਤਵਾਦੀ ਹਮਲੇ ਦਾ ਜਵਾਬ ਅਸੀਂ ਆਪਣੀਆਂ ਸ਼ਰਤਾਂ ’ਤੇ ਦੇਵਾਂਗੇ। ਅਸੀਂ ਅੱਤਵਾਦ ਦੀਆਂ ਜੜ੍ਹਾਂ ਤੱਕ ਪਹੁੰਚ ਕੇ ਕਾਰਵਾਈ ਕਰਾਂਗੇ। ਨਿਊਕਲੀਅਰ ਬਲੈਕਮੇਲ ਭਾਰਤ ਬਰਦਾਸ਼ਤ ਨਹੀਂ ਕਰੇਗਾ। ਅਸੀਂ ਸਟੀਕ ਅਤੇ ਨਿਰਣਾਇਕ ਹਮਲੇ ਕਰਾਂਗੇ। ਅੱਤਵਾਦ ਨੂੰ ਸਮਰਥਨ ਦੇਣ ਵਾਲੀਆਂ ਸਰਕਾਰਾਂ ਅਤੇ ਅੱਤਵਾਦ ਦੇ ਸਰਪ੍ਰਸਤਾਂ ਨੂੰ ਅਸੀਂ ਵੱਖਰਾ ਨਹੀਂ ਮੰਨਾਂਗੇ,” ਉਨ੍ਹਾਂ ਕਿਹਾ।