ਓਨਟਾਰੀਓ ‘ਚ ਥੰਮੀ ਕੋਰੋਨਾ ਦੀ ਰਫਤਾਰ, ਤਿੰਨ ਮਹੀਨਿਆਂ ਬਾਅਦ ਸੂਬੇ ‘ਚ ਪਹਿਲੀ ਵਾਰ ਸਭ ਤੋਂ ਘੱਟ ਮਾਮਲੇ ਦਰਜ

TeamGlobalPunjab
2 Min Read

ਟੋਰਾਂਟੋ : ਕੋਰੋਨਾ ਵਾਇਰਸ ਦੇ ਇਸ ਕਹਿਰ ‘ਚ ਓਨਟਾਰੀਓ ਦੇ ਲੋਕਾਂ ਲਈ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਓਨਟਾਰੀਓ ‘ਚ ਕੋਰੋਨਾ ਦੀ ਰਫਤਾਰ ਥੋੜ੍ਹੀ ਧੀਮੀ ਹੋਈ ਹੈ। ਬੀਤੇ ਦਿਨ ਪ੍ਰੋਵਿੰਸ ‘ਚ ਪਿਛਲੇ ਤਿੰਨ ਮਹੀਨਿਆਂ ਤੋਂ ਬਾਅਦ ਪਹਿਲੀ ਵਾਰ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਕਿ ਓਨਟਾਰੀਓ ਕੋਰੋਨਾ ਨਾਲ ਕੈਨੇਡਾ ਦਾ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ। ਇਸ ਵਿਚਕਾਰ ਸੂਬੇ ਦੇ ਮੁੱਖ ਮੰਤਰੀ ਡੱਗ ਫੋਰਡ ਅਤੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਈ ਹੈ।

ਸੂਬੇ ਦੇ ਮੈਡੀਕਲ ਅਫਸਰ ਨੇ ਦੱਸਿਆ ਕਿ ਵੀਰਵਾਰ ਨੂੰ ਓਨਟਾਰੀਓ ‘ਚ ਕੋਰੋਨਾ ਦੇ 203 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਸੂਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 31,544 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮਾਰਚ ਮਹੀਨੇ ਤੋਂ ਬਾਅਦ ਪਹਿਲੀ ਵਾਰ ਸੂਬੇ ‘ਚ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਦਰਜ ਕੀਤੇ ਗਏ ਹਨ। ਸੂਬੇ ‘ਚ ਪਿੱਛਲੇ 24 ਘੰਟਿਆਂ ਦੌਰਾਨ 12 ਮੌਤਾਂ ਹੋਈਆਂ ਹਨ ਜਿਸ ਨਾਲ ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 2487 ਤੱਕ ਪਹੁੰਚ ਗਿਆ ਹੈ। ਸੂਬੇ ‘ਚ 25 ਅਪ੍ਰੈਲ ਨੂੰ 24 ਘੰਟਿਆਂ ‘ਚ ਕੋਰੋਨਾ ਦੇ ਸਭ ਤੋਂ ਵੱਧ 640 ਨਵੇਂ ਮਾਮਲੇ ਦਰਜ ਕੀਤੇ ਗਏ ਸਨ।

ਓਨਟਾਰੀਓ ਦੇ ਵੀਰਵਾਰ ਦੇ ਮੀਡੀਆ ਬੁਲੇਟਿਨ ਅਨੁਸਾਰ ਸੂਬੇ ‘ਚ ਸਭ ਤੋਂ ਵੱਧ ਮੌਤਾਂ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਹੋਈਆਂ ਹਨ। ਸੂਬੇ ‘ਚ 19 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕਾਂ ‘ਚ ਮੌਤ ਦਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਸੂਬੇ ‘ਚ 538 ਕੇਸ ਐਕਟਿਵ ਹਨ ਜਿਨ੍ਹਾਂ ‘ਚੋਂ 120 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੂਬੇ ‘ਚ ਹੁਣ ਤੱਕ 9 ਲੱਖ 24 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਜਾਂਚ ਕੀਤੀ ਜਾ ਚੁੱਕੀ ਹੈ।

ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 97 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 7500 ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਦੇਸ਼ ‘ਚ 57 ਹਜ਼ਾਰ ਤੋਂ ਵੱਧ ਲੋਕ ਸਿਹਤਯਾਬ ਹੋ ਚੁੱਕੇ ਹਨ।

- Advertisement -

Share this Article
Leave a comment