ਓਨਟਾਰੀਓ: ਕੈਨੇਡਾ ਦੇ ਸੂਬੇ ਓਨਟਾਰੀਓ ‘ਚ ਹੈਲਥ ਅਧਿਕਾਰੀਆਂ ਵੱਲੋਂ ਕੋਵਿਡ-19 ਦੇ ਰਿਕਾਰਡ ਤੋੜ 10,436 ਨਵੇਂ ਮਾਮਲੇ ਦਰਜ ਕੀਤੇ ਗਏ। ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਇੱਕ ਦਿਨ ਵਿੱਚ ਰਿਕਾਰਡ ਕੀਤੇ ਗਏ ਇਹ ਸਭ ਤੋਂ ਜ਼ਿਆਦਾ ਮਾਮਲੇ ਹਨ।
ਪ੍ਰੋਵਿੰਸ ਵਿੱਚ ਰਿਪੋਰਟ ਕੀਤੇ ਗਏ ਕੇਸਾਂ ਦੀ 7 ਦਿਨਾਂ ਦੀ ਔਸਤ 9,183 ਹੈ। ਇਸ ਵਾਰ ਪਿਛਲੇ ਹਫ਼ਤੇ ਇਹ ਗਿਣਤੀ 3,520 ਸੀ ਅਤੇ ਦੋ ਹਫ਼ਤੇ ਪਹਿਲਾਂ ਇਹ 1,514 ਸੀ। ਬੁੱਧਵਾਰ ਦੀ ਰਿਪੋਰਟ ਸੂਬੇ ਵਿੱਚ ਮੰਗਲਵਾਰ ਨੂੰ 8,825, ਸੋਮਵਾਰ ਨੂੰ 9,418, ਐਤਵਾਰ ਨੂੰ 9,826 ਕੇਸ ਅਤੇ ਸ਼ਨੀਵਾਰ ਨੂੰ 10,412 ਕੇਸ ਦਰਜ ਕੀਤੇ ਜਾਣ ਤੋਂ ਬਾਅਦ ਆਈ ਹੈ।
ਸਿਹਤ ਮਾਹਰਾਂ ਨੇ ਕਿਹਾ ਹੈ ਕਿ ਹਾਲ ਹੀ ਦੇ ਦਿਨਾਂ ‘ਚ ਓਨਟਾਰੀਓ ਵਿਖੇ ਕੇਸਾਂ ਦੀ ਗਿਣਤੀ ਪੀ.ਸੀ.ਆਰ ਟੈਸਟਾਂ ਦੀ ਘਾਟ ਦੇ ਮੱਦੇਨਜ਼ਰ ਘੱਟ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਸਬੰਧਤ ਤਿੰਨ ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਓਨਟਾਰੀਓ ਵਿੱਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 10,171 ਹੋ ਗਈ ਹੈ।