ਸਿੱਖ ਮੋਟਰਸਾਈਕਲ ਗਰੁੱਪ ‘ਲਿਜੈਂਡਰੀ ਸਿੱਖ ਰਾਈਡਰਸ’ ਨੇ ‘ਕਰੌਸ-ਕੈਨੇਡਾ ਚੈਰਿਟੀ ਟੂਰ’ ਦੀ ਕੀਤੀ ਸ਼ੁਰੂਆਤ

TeamGlobalPunjab
3 Min Read

ਵਿਕਟੋਰੀਆ : ਕੈਨੇਡਾ ’ਚ ਸਿੱਖ ਮੋਟਰਸਾਈਕਲ ਗਰੁੱਪ ‘ਲਿਜੈਂਡਰੀ ਸਿੱਖ ਰਾਈਡਰਸ’ ਨੇ ਸ਼ਨਿੱਚਰਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਤੋਂ ‘ਮੇਕ-ਏ-ਵਿਸ਼ ਫਾਊਂਡੇਸ਼ਨ’ ਦੇ ਸਮਰਥਨ ’ਚ ਫੰਡ ਇਕੱਠਾ ਕਰਨ ਲਈ ‘ਕਰੌਸ-ਕੈਨੇਡਾ ਚੈਰਿਟੀ ਟੂਰ’ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ।

 

 

ਇਸ ਮੌਕੇ ਸੰਬੋਧਨ ਕਰਦਿਆਂ ਲਿਜੈਂਡਰੀ ਸਿੱਖ ਰਾਈਡਰਸ ਦੇ ਆਗੂ ਮਲਕੀਤ ਸਿੰਘ ਹੁੰਜਨ ਨੇ ਕਿਹਾ ਕਿ ਮੂਲ ਬਾਸ਼ਿੰਦਿਆਂ ਦੇ ਬਹੁਤ ਸਾਰੇ ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਪਹਿਨਣ ਲਈ ਕੱਪੜੇ ਤੱਕ ਨਸੀਬ ਨਹੀਂ ਹੁੰਦੇ। ਉਨ੍ਹਾਂ ਦੀ ਮਦਦ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸਿੱਖ ਮੋਟਰਸਾਈਕਲ ਟੂਰ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ‘ਮੇਕ-ਏ-ਵਿਸ਼’ ਫਾਊਂਡੇਸ਼ਨ ਲਈ ਵੱਧ ਤੋਂ ਵੱਧ ਦਾਨ ਕਰਨ ਦੀ ਅਪੀਲ ਕੀਤੀ, ਜਿਹੜੀ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਲੋੜਵੰਦ ਬੱਚਿਆਂ ਦੀ ਮਦਦ ਕਰ ਰਹੀ ਹੈ।

ਉਨ੍ਹਾਂ ਲੋਕਾਂ ਨੂੰ ਭੇਦਭਾਵ ਨਾ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਅਸੀਂ ਸਾਰੇ ਇੱਕ ਪ੍ਰਮਾਤਮਾ ਦੀ ਔਲਾਦ ਹਾਂ, ਕੋਈ ਛੋਟਾ-ਵੱਡਾ ਨਹੀਂ ਹੈ। ਕਿਸੇ ਦਾ ਰੰਗ ਗੋਰਾ, ਕਿਸੇ ਦਾ ਸਾਂਵਲਾ ਤੇ ਕਿਸੇ ਦਾ ਕਾਲਾ ਰੰਗ ਹੈ, ਪਰ ਰੰਗ ਕਰਕੇ ਸਾਨੂੰ ਇੱਕ-ਦੂਜੇ ਨਾਲ ਵੈਰ-ਵਿਰੋਧ ਕਰਨ ਦੀ ਬਜਾਏ, ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ ਤੇ ਲੋੜ ਪੈਣ ’ਤੇ ਹਰ ਇੱਕ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਹੈ।

ਵਿਕਟੋਰੀਆ ਪੁਲਿਸ ਅਤੇ ਟਰੈਫਿਕ ਪੁਲਿਸ ਵਲੋਂ ਇਸ ਟੂਰ ਬਾਰੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ।

 

ਦੱਸ ਦੇਈਏ ਕਿ ਕੈਨੇਡਾ ਵਿੱਚ ਕਈ ਸਾਲ ਪਹਿਲਾਂ ਬੰਦ ਹੋ ਚੁੱਕੇ ਰਿਹਾਇਸ਼ੀ ਸਕੂਲਾਂ ਵਿੱਚੋਂ ਬੱਚਿਆਂ ਦੀਆਂ ਕਬਰਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਹੁਣ ਤੱਕ 1 ਹਜ਼ਾਰ ਤੋਂ ਵੱਧ ਬੱਚਿਆਂ ਦੀਆਂ ਕਬਰਾਂ ਮਿਲ ਚੁੱਕੀਆਂ ਹਨ। ਕੈਥੋਲਿਕ ਚਰਚ ਦੀ ਅਗਵਾਈ ਵਿੱਚ ਚਲਾਏ ਗਏ ਇਨ੍ਹਾਂ ਰਿਹਾਇਸ਼ੀ ਸਕੂਲਾਂ ਵਿੱਚ ਮੂਲਵਾਸੀ ਲੋਕਾਂ ਦੇ ਬੱਚੇ ਪੜ੍ਹਦੇ ਸਨ, ਜਿਨ੍ਹਾਂ ਨੂੰ ਜਬਰੀ ਉਨ੍ਹਾਂ ਦੇ ਮਾਪਿਆਂ ਤੋਂ ਦੂਰ ਰੱਖਿਆ ਜਾਂਦਾ ਸੀ ਤੇ ਉਨ੍ਹਾਂ ’ਤੇ ਤਸ਼ੱਦਦ ਢਾਹੁਣ ਦੀਆਂ ਵੀ ਰਿਪੋਰਟ ਮਿਲ ਰਹੀਆਂ ਹਨ। ਇਸ ਦੇ ਚਲਦਿਆਂ ਮੂਲਵਾਸੀ ਲੋਕਾਂ ਦਾ ਸਮਰਥਨ ਕਰਨ ਲਈ ਕਈ ਮੋਟਰਸਾਈਕਲ ਗਰੁੱਪਾਂ ਵੱਲੋਂ ਕੈਨੇਡਾ ’ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

 

ਇਸੇ ਤਰ੍ਹਾਂ ਲੇਜੈਂਡਰੀ ਸਿੱਖ ਰਾਈਡਰਸ ਵੱਲੋਂ ਵੀ ਮੂਲਵਾਸੀ ਬੱਚਿਆਂ ਦੀ ਯਾਦ ਵਿੱਚ ਮੋਟਰਸਾਈਕਲ ਟੂਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਰਾਹੀਂ ਲੋਕਾਂ ਨੂੰ ਮੂਲਵਾਸੀ ਲੋਕਾਂ ਦੀ ਮਦਦ ਲਈ ਅਪੀਲ ਕੀਤੀ ਜਾ ਰਹੀ ਹੈ।

Share this Article
Leave a comment