ਓਨਟਾਰੀਓ: ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ ਲਗਾਤਾਰ ਚੌਥੇ ਦਿਨ 9,400 ਤੋਂ ਵੱਧ ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇੱਥੇ ਪੰਜ ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਓਨਟਾਰੀਓ ਵਿੱਚ ਮੌਤਾਂ ਦੀ ਕੁੱਲ ਗਿਣਤੀ 10,161 ਹੋ ਗਈ ਹੈ।
ਓਨਟਾਰੀਓ ਦੇ ਸਿਹਤ ਅਧਿਕਾਰੀਆਂ ਨੇ ਲਗਾਤਾਰ ਚੌਥੇ ਦਿਨ 9,400 ਤੋਂ ਵੱਧ ਨਵੇਂ ਕੋਵਿਡ-19 ਕੇਸ ਦਰਜ ਕੀਤੇ ਹਨ। ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 9,418 ਨਵੇਂ ਮਾਮਲਿਆਂ ਦੀ ਪੁਸ਼ਤੀ ਕੀਤੀ ਗਈ, ਜਦਕਿ ਅਧਿਕਾਰੀਆਂ ਵਲੋਂ ਸ਼ੁੱਕਰਵਾਰ ਨੂੰ 9,571, ਸ਼ਨੀਵਾਰ ਨੂੰ 10,412 ਨਵੇਂ ਕੇਸ ਅਤੇ ਐਤਵਾਰ ਨੂੰ 9,862 ਨਵੇਂ ਕੇਸ ਰਿਪੋਰਟ ਕੀਤੇ ਗਏ ਸਨ।
ਇਸ ਸਮੇਂ ਓਨਟਾਰੀਓ ਦੀ ਰੋਲਿੰਗ ਸੱਤ ਦਿਨਾਂ ਦੀ ਔਸਤ ਵਧ ਕੇ 7,550 ਹੋ ਗਈ ਹੈ, ਜੋ ਪਿਛਲੇ ਹਫ਼ਤੇ ਇਸ ਸਮੇਂ 2,863 ਸੀ।ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕਿਹਾ ਕਿ ਕੋਵਿਡ-19 ਕਾਰਨ ਹਸਪਤਾਲ ਵਿੱਚ 480 ਲੋਕ ਭਰਤੀ ਹਨ, ਜਿਨ੍ਹਾਂ ‘ਚੋਂ 176 ਮਰੀਜ਼ ICU ਵਿੱਚ ਹਨ। ਉਨ੍ਹਾਂ ਕਿਹਾ ਕਿ ਓਨਟਾਰੀਓ ਦੇ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ 90.7 ਫੀਸਦੀ ਲੋਕ ਟੀਕੇ ਦੀ ਇੱਕ ਖੁਰਾਕ ਅਤੇ 88 ਫੀਸਦ ਨੂੰ ਦੋ ਖੁਰਾਕਾਂ ਲੱਗ ਚੁੱਕੀਆਂ ਹਨ।