ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ ਦੇ ਘਰ ਦਿੱਲੀ ਪੁਲੀਸ ਦੀ ਰੇਡ

TeamGlobalPunjab
2 Min Read

ਨਵੀਂ ਦਿੱਲੀ : 26 ਜਨਵਰੀ ਮੌਕੇ ਲਾਲ ਕਿਲੇ ‘ਤੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ ਵਿੱਚ ਦਿੱਲੀ ਪੁਲੀਸ ਵੱਲੋਂ ਅੱਜ ਪੰਜਾਬ ਦੇ ਵਿੱਚ ਛਾਪੇਮਾਰੀ ਕੀਤੀ ਗਈ। ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ ਦੀ ਭਾਲ ਵਿੱਚ ਦਿੱਲੀ ਪੁਲੀਸ ਅੱਜ ਤਰਨਤਾਰਨ ਪਹੁੰਚੀ ਅਤੇ ਉਸ ਦੇ ਘਰ ਦੇ ਵਿਚ ਪੁਲੀਸ ਨੇ ਰੇਡ ਕੀਤੀ। ਪੁਲੀਸ ਨੇ ਇਸ ਮਾਮਲੇ ਵਿੱਚ ਆਪਣੀ ਤਫਤੀਸ਼ ਤੇਜ਼ ਕਰ ਦਿੱਤੀ ਹੈ। ਜਿਸ ਦੇ ਤਹਿਤ ਜੁਗਰਾਜ ਸਿੰਘ ਦੇ ਪਰਿਵਾਰ ਤੋਂ ਕਾਫੀ ਦੇਰ ਪੁੱਛਗਿੱਛ ਵੀ ਕੀਤੀ। ਇਸ ਦੌਰਾਨ ਪੁਲੀਸ ਨੂੰ ਹਾਲੇ ਤੱਕ ਵੀ ਜੁਗਰਾਜ ਸਿੰਘ ਦਾ ਪਤਾ ਨਹੀਂ ਲੱਗ ਸਕਿਆ। ਪਰਿਵਾਰ ਮੁਤਾਬਕ ਜੁਗਰਾਜ ਸਿੰਘ ਨਾਲ ਉਨ੍ਹਾਂ ਦੇ ਪੁੱਤਰ ਦਾ ਵੀ ਹਾਲੇ ਤੱਕ ਕੋਈ ਸੰਪਰਕ ਨਹੀਂ ਹੋਇਆ। ਜਿਸ ਕਰਕੇ ਦਿੱਲੀ ਪੁਲੀਸ ਨੂੰ ਖਾਲੀ ਹੱਥ ਹੀ ਵਾਪਸ ਜਾਣਾ ਪਿਆ।

ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੱਢੀ ਗਈ ਸੀ। ਜਿਸ ਦੌਰਾਨ ਕੁਝ ਲੋਕ ਪੁਲੀਸ ਦੇ ਬੈਰੀਕੇਡ ਤੋਡ਼ਦੇ ਹੋਏ ਲਾਲ ਕਿਲ੍ਹੇ ਵੱਲ ਵਧੇ ਸਨ। ਲਾਲ ਕਿਲ੍ਹੇ ‘ਤੇ ਪਹੁੰਚਣ ਤੋਂ ਬਾਅਦ ਭੀਡ਼ ਵੱਲੋਂ ਕੇਸਰੀ ਝੰਡਾ ਲਗਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਪੁਲੀਸ ਨੇ ਦੇਸ਼ਧ੍ਰੋਹ ਅਤੇ ਯੂਏਪੀਏ ਐਕਟ ਤਹਿਤ ਮਾਮਲਾ ਦਰਜ ਕੀਤਾ ਹੋਇਆ। ਜਿਸ ਵਿੱਚ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਪੁਲਿਸ ਨੇ ਹਰਿਆਣਾ ਦੇ ਕਰਨਾਲ ਤੋਂ ਗ੍ਰਿਫਤਾਰ ਕੀਤਾ ਸੀ। ਹੁਣ ਝੰਡਾ ਲਗਾਉਣ ਵਾਲੇ ਜੁਗਰਾਜ ਸਿੰਘ ਦੀ ਤਫਤੀਸ਼ ਵਿਚ ਪੁਲੀਸ ਲਗਾਤਾਰ ਪੰਜਾਬ ਵਿਚ ਛਾਪੇਮਾਰੀ ਕਰ ਰਹੀ ਹੈ।

Share this Article
Leave a comment