ਬਰੈਂਪਟਨ ਤੇ ਮਿਸੀਸਾਗਾ ਸਣੇ ਓਨਟਾਰੀਓ ਦੇ 26 ਸ਼ਹਿਰਾਂ ਦੇ ਮੇਅਰਾਂ ਨੂੰ ਮਿਲੀਆਂ ਨਵੀਆਂ ਤਾਕਤਾਂ

Global Team
2 Min Read

ਟੋਰਾਂਟੋ : ਬਰੈਂਪਟਨ ਅਤੇ ਮਿਸੀਸਾਗਾ ਸਣੇ ਓਨਟਾਰੀਓ ਦੇ 26 ਸ਼ਹਿਰਾਂ ਦੇ ਮੇਅਰ ਨਵੀਆਂ ਤਾਕਤਾਂ ਨਾਲ ਲੈਸ ਹੋ ਚੁੱਕੇ ਹਨ। ਮਿਊਂਸਿਪਲ ਮਾਮਲਿਆਂ ਬਾਰੇ ਮੰਤਰੀ ਸਟੀਵ ਕਲਾਰਕ ਨੇ ਕਿਹਾ ਕਿ 26 ਸ਼ਹਿਰਾਂ ਦੇ ਮੇਅਰ ਆਪਣੀ ਮਰਜ਼ੀ ਮੁਤਾਬਕ ਮਤੇ ਪਾਸ ਕਰਵਾ ਸਕਣਗੇ ਅਤੇ ਸ਼ਹਿਰ ਦੇ ਬਜਟ ‘ਤੇ ਪੂਰਾ ਕੰਟਰੋਲ ਹੋਵੇਗਾ। ਸਿਰਫ ਇਥੇ ਹੀ ਬੱਸ ਨਹੀਂ, ਸ਼ਹਿਰ ਦੇ ਪ੍ਰਮੁੱਖ ਵਿਭਾਗਾਂ ਦੇ ਮੁਖੀਆਂ ਨੂੰ ਬਰਖਾਸਤ ਕਰਨ ਦਾ ਹੱਕ ਵੀ ਉਨ੍ਹਾਂ ਨੂੰ ਦਿੱਤਾ ਗਿਆ ਹੈ। ਸੂਬਾ ਸਰਕਾਰ ਦੀ ਦਲੀਲ ਹੈ ਕਿ ਮਕਾਨਾਂ ਦੀ ਉਸਾਰੀ ‘ਚ ਤੇਜ਼ੀ ਲਿਆਉਣ ਲਈ ਮੇਅਰਜ਼ ਕੋਲ ਤਾਕਤਾਂ ਹੋਣੀਆਂ ਲਾਜ਼ਮੀ ਹਨ ਅਤੇ ਇਸੇ ਕਰ ਕੇ ਇਹ ਕਦਮ ਚੁੱਕਿਆ ਗਿਆ ਹੈ। ਦੂਜੇ ਪਾਸੇ ਆਲੋਚਕਾਂ ਦਾ ਕਹਿਣਾ ਹੈ ਕਿ ਮੇਅਰ ਦੇ ਹੱਥ ‘ਚ ਤਾਕਤਾਂ ਕਿਸੇ ਵੀ ਸ਼ਹਿਰ ਦੇ ਕੌਂਸਲਰਾਂ ਦੀ ਅਹਿਮੀਅਤ ਖਤਮ ਕਰ ਦੇਣਗੀਆਂ ਅਤੇ ਸਥਾਨਕ ਸਰਕਾਰਾਂ ‘ਚ ਤਾਨਾਸ਼ਾਹੀ ਦਾ ਦਬਦਬਾ ਕਾਇਮ ਹੋ ਸਕਦਾ ਹੈ।

ਸਟੀਵ ਕਲਾਰਕ ਨੇ ਕਿਹਾ ਕਿ ਸਾਡੀ ਤਰਜੀਹ ਬਿਲਕੁਲ ਸਪਸ਼ਟ ਅਤੇ ਇਸ ਤਹਿਤ ਟੋਰਾਂਟ ਅਤੇ ਔਟਵਾ ਮਗਰੋਂ 26 ਸ਼ਹਿਰਾਂ ਦੇ ਮੇਅਰ ਤਾਕਤਵਾਰ ਬਣਾਏ ਜਾ ਰਹੇ ਹਨ। 28 ਸ਼ਹਿਰਾਂ ਦੀ ਮਦਦ ਨਾਲ 15 ਲੱਖ ਘਰਾਂ ਦੇ ਟੀਚੇ ਵਿਚੋਂ 12 ਲੱਖ ਦਾ ਟੀਚਾ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ। ਆਉਂਦੀ ਪਹਿਲੀ ਜੁਲਾਈ ਤੋਂ ਅਜੈਕਸ, ਬੇਰੀ, ਬਰੈਂਪਟਨ, ਬ੍ਰੈਂਟਫ਼ੋਰਡ, ਬਰਲਿੰਗਟਨ, ਕੈਲੇਡਨ, ਕੈਂਬਰਿਜ, ਕਲਿੰਗਟਨ, ਗੁਐਲਫ, ਹੈਮਿਲਟਨ, ਕਿੰਗਸਟਨ, ਕਿਚਨਰ, ਲੰਡਨ, ਮਾਰਖਮ, ਮਿਲਟਨ, ਮਿਸੀਸਾਗਾ, ਨਿਆਗਰਾ ਫਾਲਜ, ਓਕਵਿਲ, ਓਸ਼ਾਵਾ, ਪਿਕਰਿੰਗ, ਰਿਚਮੰਡ ਹਿਲ, ਸੇਂਟ ਕੈਥਰੀਨਜ਼, ਵੋਆਨ, ਵਾਟਰਲੂ, ਵਿਟਬੀ ਅਤੇ ਵਿੰਡਸਰ ਦੇ ਮੇਅਰ ਨਵੀਆਂ ਤਾਕਤਾਂ ਦੇ ਹਿਸਾਬ ਨਾਲ ਕੰਮ ਕਰ ਸਕਣਗੇ।

Share This Article
Leave a Comment