ਓਨਟਾਰੀਓ ਦੇ ਪ੍ਰਾਈਵੇਟ ਹਸਪਤਾਲਾਂ ‘ਚ ਹੋਣਗੇ ਆਪਰੇਸ਼ਨ

Prabhjot Kaur
2 Min Read

ਟੋਰਾਂਟੋ: ਸਰਜਰੀ ਦੇ ਵੱਡੇ ਬੈਕਲਾਗ ਨੂੰ ਵੇਖਦਿਆਂ ਓਨਟਾਰੀਓ ਦੀ ਡੱਗ ਫੋਰਡ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਕਈ ਕਿਸਮ ਦੇ ਆਪਰੇਸ਼ਨ ਅਤੇ ਵੱਖ-ਵੱਖ ਟੈਸਟ ਕਰਨ ਦਾ ਰਾਹ ਖੋਲ ਦਿਤਾ ਹੈ। ਤਿੰਨ ਪੜਾਵੀ ਯੋਜਨਾ ਦੇ ਪਹਿਲੇ ਪੜਾਅ ਤਹਿਤ ਪ੍ਰਾਈਵੇਟ ਕਲੀਨਿਕਸ ਵਿੱਚ ਹਰ ਸਾਲ ਮੋਤੀਏ ਦੇ 14 ਹਜ਼ਾਰ ਆਪਰੇਸ਼ਨ ਕੀਤੇ ਜਾਣਗੇ ਜਦਕਿ ਦੂਜੇ ਪੜਾਅ ਤਹਿਤ ਐਮ.ਆਰ.ਆਈ, ਸੀ.ਟੀ. ਸਕੈਨ ਅਤੇ ਐਂਡੋਸਕੋਪੀ ਵੀ ਪ੍ਰਾਈਵੇਟ ਹਸਪਤਾਲਾਂ ਦੇ ਅਧਿਕਾਰ ਖੇਤਰ ਵਿੱਚ ਆ ਜਾਵੇਗੀ।

2024 ਤੱਕ ਤੀਜੇ ਪੜਾਅ ਦੌਰਾਨ ਚੂਲੇ ਅਤੇ ਗੋਡੇ ਬਦਲਣ ਦੇ ਆਪਰੇਸ਼ਨ ਵੀ ਪ੍ਰਾਈਵੇਟ ਕਲੀਨਿਕਸ ਵਿੱਚ ਕੀਤੇ ਜਾ ਸਕਣਗੇ। ਪ੍ਰੀਮੀਅਰ ਡਗ ਫੋਰਡ ਮੁਤਾਬਕ ਇਸ ਵੇਲੇ ਓਨਟਾਰੀਓ ਵਿੱਚ ਦੋ ਲੱਖ ਤੋਂ ਵੱਧ ਮਰੀਜ਼ ਸਰਜਰੀ ਦੀ ਉਡੀਕ ਕਰ ਰਹੇ ਹਨ ਜਿਸ ਨੂੰ ਵੇਖਦਿਆਂ ਪ੍ਰਾਈਵੇਟ ਕਲੀਨਿਕਸ ਦੀ ਭਾਈਵਾਲੀ ਲਾਜ਼ਮੀ ਹੋ ਗਈ ਸੀ। ਪ੍ਰੀਮੀਅਰ ਡਗ ਫੋਰਡ ਅਤੇ ਸਿਹਤ ਮੰਤਰੀ ਸਿਲਵੀਆ ਜਨਜ ਵਿਚਲਾ ਸਾਰਾ ਇਲਾਜ ਓਨਟਾਰੀਓ ਹੈਲਥ ਇਨਸ਼ੋਰੈਂਸ ਪਲੇਨ ਅਧੀਨ ਹੋਵੇਗਾ ਅਤੇ ਲੋਕਾਂ ਨੂੰ ਆਪਣੇ ਕਰੈਡਿਟ ਕਾਰਡ ਵਰਤਣ ਦੀ ਜ਼ਰੂਰਤ ਨਹੀਂ ਪਵੇਗੀ। ਡਗ ਫੋਰਡ ਨੇ ਕਿਹਾ ਕਿ ਬੈਕਲਾਗ ਖ਼ਤਮ ਹੋਣ ਤੋਂ ਬਾਅਦ ਵੀ ਪ੍ਰਾਈਵੇਟ ਹਸਪਤਾਲਾਂ ਦੀ ਮਦਦ ਲੈਣ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ। ਸਿਹਤ ਮੰਤਰੀ ਸਿਲਵੀਆ ਜੋਹਨਜ਼ ਨੇ ਕਿਹਾ ਕਿ ਓਨਟਾਰੀਓ ਵਿੱਚ ਲਗਭਗ 900 ਪ੍ਰਾਈਵੇਟ ਕਲੀਨਿਕ ਚੱਲ ਰਹੇ ਹਨ ਜਿੱਥੇ ਸਰਜਰੀ ਅਤੇ ਟੈਸਟ ਦਾ ਕੰਮ ਹੁੰਦਾ ਹੈ।

ਸੂਬਾ ਸਰਕਾਰ ਵੱਲੋਂ ਭਵਿੱਖ ਵਿੱਚ ਹੋਰ ਪ੍ਰਾਈਵੇਟ ਕਲੀਨਿਕ ਸਥਾਪਤ ਕਰਨ ਵਾਸਤੇ ਲਾਇਸੈਂਸ ਜਾਰੀ ਕੀਤੇ ਜਾਣਗੇ। ਸਿਹਤ ਮੰਤਰੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਤਬਦੀਲੀਆਂ ਨਾਲ ਸਰਕਾਰੀ ਹਸਪਤਾਲਾਂ ਵਿੱਚ ਸਟਾਫ਼ ‘ਤੇ ਕਈ ਅਸਰ ਨਹੀਂ ਪਵੇਗਾ। ਇਥੇ ਦੱਸਣਯੋਗ ਹੈ ਕਿ ਸਰਕਾਰੀ ਖਰਚੇ ‘ਤੇ ਪ੍ਰਾਈਵੇਟ ਹਸਪਤਾਲਾਂ ਨੂੰ ਇਲਾਜ ਦਾ ਹੱਕ ਦੇਣ ਲਈ ਕਾਨੂੰਨ ਵਿੱਚ ਸੋਧ ਲਾਜ਼ਮੀ ਹੈ ਅਤੇ ਫਰਵਰੀ ਵਿੱਚ ਇਸ ਬਾਰੇ ਬਿਲ ਵਿਧਾਨ ਸਭਾ ਵਿਚ ਪੇਸ਼ ਕੀਤਾ ਜਾਵੇਗਾ। ਉਧਰ ਦੂਜੇ ਪਾਸੇ ਹੈਲਥ ਕੇਅਰ ਵਰਕਰਾਂ ਦੀਆਂ ਪੰਜ ਯੂਨੀਅਨਾਂ ਵੱਲੋਂ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਇਸ ਤਰੀਕੇ ਨਾਲ ਪਬਲਿਕ ਹੈਲਥ ਕੇਅਰ ਸਿਸਟਮ ਹੋਰ ਬਦਤਰ ਹੋ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment