ਲਖੀਮਪੁਰ ਖੇੜੀ: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਮਹੇਸ਼ਪੁਰ ਜੰਗਲਾਤ ਰੇਂਜ ਦੇ ਹੈਦਰਾਬਾਦ ਥਾਣੇ ਅਧੀਨ ਪੈਂਦੇ ਪਿੰਡ ਬਕਰਗੰਜ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਬਾਘ ਦੇ ਹਮਲੇ ਕਾਰਨ ਮੌਤ ਹੋ ਗਈ। ਜਿਸ ਦੀ ਪੁਸ਼ਟੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ। ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹੈਦਰਾਬਾਦ ਥਾਣਾ ਖੇਤਰ ਦੇ ਬਕਰਗੰਜ ਪਿੰਡ ਵਾਸੀ ਵੀਰਪਾਲ (40) ਦੀ ਸ਼ਨੀਵਾਰ ਨੂੰ ਦੱਖਣੀ ਖੇੜੀ ਵਣ ਮੰਡਲ ਦੇ ਮਹੇਸ਼ਪੁਰ ਜੰਗਲੀ ਖੇਤਰ ‘ਚ ਬਾਘ ਦੇ ਹਮਲੇ ਕਾਰਨ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਵੀਰਪਾਲ ਆਪਣੇ ਘਰੇਲੂ ਪਸ਼ੂਆਂ ਲਈ ਚਾਰਾ ਲੈਣ ਲਈ ਗੰਨੇ ਦੇ ਖੇਤ ‘ਚ ਗਿਆ ਸੀ ਤਾਂ ਖੇਤ ‘ਚ ਲੁਕੇ ਬਾਘ ਨੇ ਉਸ ‘ਤੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਨੇੜਲੇ ਖੇਤਾਂ ਵਿੱਚ ਕੰਮ ਕਰ ਰਹੇ ਹੋਰ ਕਿਸਾਨ ਉਸ ਨੂੰ ਬਚਾਉਣ ਲਈ ਭੱਜੇ, ਜਿਸ ਤੋਂ ਬਾਅਦ ਬਾਘ ਸੰਘਣੇ ਖੇਤਾਂ ਵਿੱਚੋਂ ਭੱਜ ਗਿਆ। ਪਿੰਡ ਵਾਸੀ ਗੰਭੀਰ ਜ਼ਖ਼ਮੀ ਵੀਰਪਾਲ ਨੂੰ ਗੋਲਾ ਸਿਹਤ ਕੇਂਦਰ ਲੈ ਗਏ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਡਵੀਜ਼ਨਲ ਫੋਰੈਸਟ ਅਫਸਰ (ਡੀਐਫਓ), ਦੱਖਣੀ ਖੇੜੀ ਸੰਜੇ ਬਿਸਵਾਲ ਨੇ ਆਪਣੇ ਫੀਲਡ ਸਟਾਫ ਦੇ ਨਾਲ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਪੀੜਤ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਬਿਸਵਾਲ ਨੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।