ਖ਼ੂਬਸੂਰਤੀ ਦਾ ਵੱਖ ਨਜ਼ਰੀਆ ਤੇ ਕਮਾਲ ਦੇ ਸ਼ਬਦਾਂ ‘ਚ ਪਿਰੋਇਆ ਸਰਤਾਜ ਦਾ ਨਵਾਂ ਗੀਤ

TeamGlobalPunjab
3 Min Read

ਬਿੰਦੁੂ ਸਿੰਘ

ਇਕ ਪ੍ਰਸਿੱਧ ਅਖਾਣ ਹੈ ਕਿ ‘Beauty lies in the eyes of a beholder’. ਇਨ੍ਹਾਂ ਲਾਈਨਾਂ ਨੂੰ ਆਪਣੇ ਗੀਤ ਵਿੱਚ ਦਰਸਾਉਂਦਾ ਨਜ਼ਰ ਆਉਂਦਾ ਹੈ  ਸੂਫੀ ਗਾਇਕ ਸਤਿੰਦਰ ਸਰਤਾਜ। ਉਸ ਦਾ ਨਵਾਂ ਗੀਤ ਜਿਸ ਦੇ ਬੋਲ ਹਨ  ‘ਕੇ ਸਾਨੂੰ ਨਹੀਂ ਪਤਾ , ਇਹ ਰਾਹ ਜਾਂਦੇ ਕਿਹੜੇ ਪਾਸੇ

ਤੇਰੇ ਤੇ ਡੋਰੀਆਂ ,ਨੀ ਮੇਰੀਏ ਨਾਦਾਨ ਜਈਏ ਆਸੇ’ ਟਾਈਟਲ  ‘ਨਾਦਾਨ ਜਿਹੀ ਆਸ’ ਹੇਠ ਦਰਸ਼ਕਾਂ ਤੇ ਸਰੋਤਿਆਂ ਦੀ ਨਜ਼ਰ ਕੀਤਾ ਗਿਆ ਹੈ।

ਗੀਤ ਦੇ ਬੋਲਾਂ ਦੇ ਨਾਲ ਨਾਲ  ਵੀਡੀਓ  ਬਹੁਤ ਹੀ ਸਰਲ ਤਰੀਕੇ ਨਾਲ ਸ਼ਬਦਾਂ ‘ਚ ਪਿਰੋਏ ਹੋਏ  ਅਰਥਾਂ ਨੂੰ ਦਰਸਾਉਂਦੀ ਵੇਖੀ ਜਾ ਸਕਦੀ ਹੈ। ਵੈਸੇ ਤਾਂ ਸਰਤਾਜ ਦੇ  ਲਗਭਗ ਸਾਰੇ ਹੀ ਗੀਤ ਇੱਕ ਵੱਖ ਕਿਸਮ ਦੀ ਪੇਸ਼ਕਾਰੀ ਹੁੰਦੀ ਹੈ। ਅੱਜ ਦੇ ਹਾਲਾਤਾਂ ਵਿੱਚ ਜਦੋਂ ਬਹੁਤੇ ਕਲਾਕਾਰਾਂ ਤੇ ਗੀਤਕਾਰਾਂ ਦੇ ਗੀਤਾਂ  ਵਿੱਚ ਬੋਲਾਂ ਨੂੰ ਲੈ ਕੇ  ਸਵਾਲ  ਉੱਠਦੇ ਰਹੇ ਹਨ ਉੱਥੇ ਸਰਤਾਜ ਦੀ ਗੀਤਕਾਰੀ ਠਰ੍ਹੰਮੇ ਵਾਲੀ ਕਹੀ ਜਾ ਸਕਦੀ ਹੈ।

- Advertisement -

ਕੁਝ ਘੰਟੇ ਪਹਿਲੇ ਹੀ ਯੂ ਟਿਊਬ ਤੇ ਅਪਲੋਡ ਹੋਈ ਸਰਤਾਜ ਦੇ ਨਵੇਂ ਗੀਤ ਦੀ ਵੀਡੀਓ ਵਿੱਚ ਚਮੜੀ ਸੰਬੰਧੀ ਇੱਕ ਵਿਗਾੜ ‘ਫੁਲਵਹਿਰੀ’ ਵਾਲੀ ਅਦਾਕਾਰ ਵਿਖਾਈ ਗਈ ਹੈ। ਅੰਦਰੂਨੀ ਤੇ ਬਾਹਰੀ  ਖ਼ੂਬਸੂਰਤੀ ਦੇ ਵੱਖਰੇ ਨਜ਼ਰੀਏ ਨੂੰ ਪੇਸ਼ ਕਰਦਿਆਂ ਵੀਡੀਓ ਦੇ ਨਾਲ ਨਾਲ ਬੋਲਾਂ ਦੀ ਇੱਕਮਿਕਤਾ ਸਹੀ ਮਾਇਨੇ ‘ਚ ਹੀ ਸ਼ਲਾਘਾਯੋਗ ਹੈ।

ਜੇਕਰ ਵੀਡੀਓ ਨੂੰ ਵੀ ਧਿਆਨ ਨਾਲ ਵੇਖਿਆ ਜਾਵੇ  ਤਾਂ ਕਲਾਕਾਰਾਂ ਜਾਂ ਅਦਾਕਾਰਾਂ ਦੀ ਕੋਈ ਭੀੜ ਵੇਖਣ ਨੂੰ ਨਹੀਂ ਮਿਲਦੀ। ‘ਫੁਲਵਹਿਰੀ’ ਦੇ ਅਸਰ ਵਾਲੀ ਮਾਡਲ ਅਦਾਕਾਰਾ  ਨੂੰ ਖ਼ੂਬਸੂਰਤੀ  ਦਾ ਇੱਕ ਵੱਖਰੇ ਕਿਸਮ ਦਾ ਬਿੰਬ ਬਣਾ ਕੇ ਬੜੇ ਹੀ ਸਾਦੇ ਬੋਲਾਂ ‘ਚ ਸਰਤਾਜ ਨੇ ਆਪਣੀ ਗੱਲ ਲੈਅਬੱਧ ਕੀਤੀ ਹੈ।

ਹਰ ਖਿੱਤੇ ਦਾ ਆਪਣਾ ਸੱਭਿਆਚਾਰ ਤੇ ਸਾਹਿਤ ਹੁੰਦਾ ਹੈ। ਸਰਤਾਜ ਦੇ ਇਲਾਵਾ ਕੁਝ ਕੁ ਹੋਰ ਕਲਾਕਾਰ ਵੀ ਹਨ ਜਿਨ੍ਹਾਂ ਨੇ ਕੁਝ ਵੱਖ ਕਿਸਮ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਸੰਗੀਤ ਵਿਸ਼ੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਪੀਐਚਡੀ ਕਰਨ ਦੇ ਬਾਵਜੂਦ ਇੱਕ ਸੂਫ਼ੀ ਗਾਇਕ ਵਜੋਂ ਸਥਾਪਤ ਹੋਏ ਸਰਤਾਜ ਨੇ ਆਪਣੇ ਹਰ ਗੀਤ ਨਾਲ  ਨਵੀਂਆਂ ਪੈੜਾਂ ਪਾਉਣ ਦੀ  ਕੋਸ਼ਿਸ਼ ਕੀਤੀ ਹੈ।

ਖ਼ੂਬਸੂਰਤ ਤੇ ਯਾਦਗਾਰੀ ਅਵਾਜ਼ਾਂ ਵਿੱਚ ਸਾਦਗੀ ਭਰੇ ਤਰੀਕੇ ਨਾਲ ਮਾਹੌਲ ਨੂੰ ਲੈਅ ਤੇ ਤਾਲ ਵਿੱਚ ਬਦਲਣ ਵਾਲੇ ਵਡਾਲੀ ਭਰਾ ਤੇ ਉਨ੍ਹਾਂ ਦੀ ਅਗਲੀ ਪੀੜ੍ਹੀ ‘ਚ ਲਖਵਿੰਦਰ ਵਡਾਲੀ ਚੰਗੇ ਗਾਇਕ ਦੇ ਤੌਰ ਤੇ ਜਾਣੇ ਜਾਂਦੇ ਹਨ। ਸਰਦੂਲ ਸਿਕੰਦਰ, ਹੰਸ ਰਾਜ ਹੰਸ, ਸਲੀਮ ਇਹ ਸਾਰੇ ਕਲਾਕਾਰ ਵੀ ਸੁਰਾਂ ਨਾਲ ਸਮਾਂ ਬੰਨ੍ਹ ਲੈਣ ਦੇ ਕਾਰਨ ਮਕਬੂਲ ਹਸਤੀਆਂ ‘ਚ ਵੱਡੇ ਨਾਂਅ ਹਨ।

- Advertisement -

ਪਿਛਲੇ ਸਮੇਂ ‘ਚ ਚੰਗੇ ਬੋਲਾਂ ਵਾਲੇ ਗੀਤ ਗਿਣਤੀ ਦੇ ਹੀ ਸੁਣਾਈ ਦਿੱਤੇ ਹਨ। ਚੰਗਾ ਸਾਹਿਤ, ਸੰਗੀਤ ਤੇ ਰੂਹਦਾਰੀ ਵਾਲੀਆਂ ਆਵਾਜ਼ਾਂ  ਬੇਸ਼ਕ ਰੂਹ ਦੀ ਖ਼ੁਰਾਕ ਮੰਨੀਆਂ ਗਈਆਂ ਹਨ ਤੇ ਸਰਤਾਜ ਨੂੰ ਸੁਣਨ ਵਾਲਿਆਂ ਦੀ ਕਤਾਰ  ਵਿੱਚ ਹਰ ਉਮਰ ਤੇ ਸਰੋਤਾ ਮਿਲ ਜਾਣਗੇ।

Share this Article
Leave a comment