ਨਵੀਂ ਦਿੱਲੀ : ਖ਼ਬਰ ਹੈ ਕਿ ਤੇਲ ਕੰਪਨੀਆਂ ਨੇ ਏਅਰ ਇੰਡੀਆ ਨੂੰ ਤੇਲ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ ਤੇ ਇਸ ਦੀ ਪੁਸ਼ਟੀ ਏਅਰ ਲਾਈਨ ਦੇ ਬੁਲਾਰੇ ਨੇ ਲੰਘੀ ਵੀਰਵਾਰ ਨੂੰ ਕੀਤੀ ਹੈ। ਜਾਣਕਾਰੀ ਮੁਤਾਬਿਕ ਏਅਰ ਇੰਡੀਆ ਵੱਲੋਂ ਤੇਲ ਕੰਪਨੀਆਂ ਨੂੰ ਭੁਗਤਾਨ ਨਹੀਂ ਕੀਤਾ ਗਿਆ ਜਿਸ ਕਾਰਨ ਭਾਰਤ ਦੇ 6 ਹਵਾਈ ਅੱਡਿਆਂ ਨੂੰ ਤੇਲ ਕੰਪਨੀਆਂ ਨੇ ਤੇਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਅਰ ਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਤੇਲ ਕੰਪਨੀਆਂ ਨੇ ਤੇਲ ਦੇਣ ਤੋਂ ਇਨਕਾਰ ਵਿੱਤੀ ਸੰਕਟ ਕਾਰਨ ਕੀਤਾ ਹੈ ਤੇ ਇਸ ਵਿੱਚ ਛੇ ਹਵਾਈ ਅੱਡੇ ਸ਼ਾਮਲ ਹਨ, ਜਿਨ੍ਹਾਂ ‘ਤੇ ਹੁਣ ਹਵਾਈ ਜਹਾਜਾਂ ਲਈ ਤੇਲ ਨਹੀਂ ਮਿਲੇਗਾ। ਉਹ ਹਨ ਕੋਚੀ, ਪੁਣੇ, ਪਟਨਾ, ਮੋਹਾਲੀ, ਵਿਸ਼ਾਖਾਪਟਨਮ ਅਤੇ ਰਾਂਚੀ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ।
ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਓਐਮਸੀਜ ਦੇ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਤਾਂ ਜੋ ਮੁੱਦੇ ਦਾ ਕੋਈ ਹੱਲ ਕੱਢਿਆ ਜਾ ਸਕੇ ਅਤੇ ਉਨ੍ਹਾਂ ਵੱਲੋਂ 60 ਕਰੋੜ ਰੁਪਏ ਦਾ ਭੁਗਤਾਨ ਵੀ ਕੀਤਾ ਗਿਆ ਹੈ। ਬੁਲਾਰੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਯਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਲੋੜੀਂਦਾ ਤੇਲ ਭਰ ਕੇ ਜਹਾਜਾਂ ਨੂੰ ਭੇਜਿਆ ਜਾ ਰਿਹਾ ਹੈ।