ਕੌਮੀ ਰਾਜਧਾਨੀ ਵਿੱਚ ਹਵਾ ‘ਚ ਫੈਲੇ ਪ੍ਰਦੂਸ਼ਣ ਅਤੇ ਅਕਾਸ਼ੀ ਧੁੰਦ ਦੇ ਮੱਦੇਨਜ਼ਰ ਦਿੱਲੀ ਵਿੱਚ ਵਾਹਨਾਂ ਦਾ ਜਿਸਤ ਤੇ ਟੌਂਕ ਨਿਯਮ ਲਾਗੂ ਕਰ ਦਿੱਤੇ ਹਨ। ਐਤਵਾਰ ਨੂੰ ਦਿੱਲੀ-ਐੱਨਸੀਆਰ ਦੇ ਕੁਝ ਖੇਤਰਾਂ ਵਿੱਚ ਹਵਾ ਗੁਣਵੱਤਾ ਇੰਡੈਕਸ 1000 ਤੋਂ ਟੱਪ ਗਿਆ ਸੀ ਜੋ ਅਤਿ ਖ਼ਤਰਨਾਕ ਹਾਲਾਤ ਵੱਲ ਸੰਕੇਤ ਦਿੰਦਾ ਹੈ।
ਇਸ ਮਹਾਂਨਗਰ ਵਿੱਚ 4 ਤੋਂ 15 ਨਵੰਬਰ ਤੱਕ ਜਿਸਤ – ਟਾਂਕ (ਔਡ-ਈਵਨ) ਨਿਯਮ ਲਾਗੂ ਰਹੇਗਾ। ਇਸ ਦਾ ਮਤਲਬ ਇਹ ਹੈ ਕਿ ਔਡ਼ ਵਾਲੇ ਦਿਨ ਸਿਰਫ਼ ਔਡ਼ ਨੰਬਰ ਵਾਲੇ ਵਾਹਨ ਤੇ ਈਵਨ ਮਿਤੀ ਨੂੰ ਈਵਨ ਨੰਬਰ ਵਾਲੇ ਵਾਹਨ ਹੀ ਸੜਕਾਂ ‘ਤੇ ਆ ਸਕਣਗੇ।
ਹੁਣ ਵਾਹਨ ਚਾਲਕਾਂ ਦੀ ਸਹੂਲਤ ਲਈ ਵਿਸਥਾਰ ਵਿਚ ਦੱਸ ਦਈਏ ਕਿ ਅਗਰ ਤੁਹਾਡੀ ਗੱਡੀ ਦੀ ਨੰਬਰ ਪਲੇਟ ਦਾ ਅਖੀਰਲਾ ਨੰਬਰ ਔਡ (1,3,5,7,9) ਹੈ ਤਾਂ ਤੁਸੀਂ 1, 3, 5, 7, 9, 11, 13 ਅਤੇ 15 ਨਵੰਬਰ ਨੂੰ ਹੀ ਆਪਣੀ ਵਾਹਨ ਸੜਕ ‘ਤੇ ਲਿਆ ਸਕੋਗੇ। ਇਸ ਤਰ੍ਹਾਂ ਜੇ ਗੱਡੀ ਦਾ ਅਖੀਰਲਾ ਨੰਬਰ ਈਵਨ (2,4,6,8,0) ਹੈ ਤਾਂ ਵਾਹਨ ਚਾਲਕ 2, 4, 6, 8, 10, 12 ਅਤੇ 14 ਨਵੰਬਰ ਨੂੰ ਹੀ ਆਪਣਾ ਵਾਹਨ ਚਲਾ ਸਕਣਗੇ।
ਰਾਜਧਾਨੀ ਦਿੱਲੀ ਵਿੱਚ ਇਹ ਨਿਯਮ ਸਵੇਰੇ 8 ਤੋਂ ਰਾਤ 8 ਵਜੇ ਤੱਕ ਲਾਗੂ ਰਹਿਣਗੇ। ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ 4,000 ਰੁਪਏ ਦਾ ਜੁਰਮਾਨਾ ਅਦਾ ਕਰਨਾ ਪਵੇਗਾ।
ਸਰਦੀਆਂ ਦੌਰਾਨ ਉੱਤਰੀ ਭਾਰਤ ‘ਚ ਧੁੰਦ (ਸਮੋਗ) ਦੀ ਮੋਟੀ ਚਾਦਰ ਹਰ ਸਾਲ ਤਣ ਜਾਂਦੀ ਹੈ। ਗੁਆਂਢੀ ਰਾਜਾਂ ਦੇ ਹਾਕਮ ਇਸ ਦਾ ਦੋਸ਼ ਇਕ ਦੂਜੇ ਉਪਰ ਸੁੱਟਣ ਲੱਗ ਜਾਂਦੇ ਹਨ ਪਰ ਇਸ ਦਾ ਅਸਲੀ ਹੱਲ ਕੋਈ ਨਹੀਂ ਲੱਭਦਾ। ਮੌਸਮ ਵਿੱਚ ਥੋੜ੍ਹੀ ਜਿਹੀ ਤਬਦੀਲੀ ਆਉਣ ਤੋਂ ਬਾਅਦ ਇਸ ਨੂੰ ਸਾਰੇ ਮੁੜ ਭੁੱਲ ਜਾਂਦੇ ਹਨ। ਇਸ ਦੀ ਅਸਲ ਜੜ੍ਹ ਨਾਲ ਸਿੱਝਣ ਲਈ ਕੋਈ ਵੀ ਤਿਆਰ ਨਹੀਂ ਹੈ। ਫਿਰ ਸ਼ੁਰੂ ਹੋ ਜਾਂਦੀ ਹੈ ਆਮ ਲੋਕਾਂ ਦੀ ਪ੍ਰਦੂਸ਼ਣ ਖ਼ਿਲਾਫ਼ ਲੜਾਈ।
ਇਸ ਮਹਾਂਨਗਰ ਦੇ ਹਜ਼ਾਰਾਂ ਬਾਸ਼ਿੰਦੇ ਸਾਹ ਘੁਟਣ ਅਤੇ ਫੇਫੜਿਆਂ ਨਾਲ ਜੁੜੀਆਂ ਸ਼ਿਕਾਇਤਾਂ ਲੈ ਕੇ ਡਾਕਟਰਾਂ ਕੋਲ ਪਹੁੰਚਦੇ ਹਨ। ਕਈ ਮੌਤਾਂ ਹੋ ਜਾਂਦੀਆਂ ਹਨ। ਬਹੁਤ ਸਾਰੇ ਲੋਕਾਂ ਨੂੰ ਇਹਨਾਂ ਦਿਨਾਂ ਵਿੱਚ ਆਪਣੇ ਦਫ਼ਤਰਾਂ ਅਤੇ ਸਕੂਲਾਂ ਤੋਂ ਛੁੱਟੀਆਂ ਲੈ ਕੇ ਘਰ ਬੈਠਣਾ ਪੈਂਦਾ ਹੈ।
ਸਰਕਾਰਾਂ ਪ੍ਰਦੂਸ਼ਣ ਰੋਕਣ ਲਈ ਨਾਕਾਮ ਸਾਬਿਤ ਹੁੰਦੀਆਂ ਹਨ। ਲੋਕਾਂ ਨੂੰ ਪ੍ਰਦੂਸ਼ਣ ਖ਼ਿਲਾਫ਼ ਲੜਨ ਲਈ ਆਪਣੇ ਰਸਤੇ ਲੱਭਣੇ ਪੈਂਦੇ ਹਨ। ਬਾਜ਼ਾਰਾਂ ਵਿਚ ਖਰੀਦਦਾਰੀ ਨਾ ਕਰ ਸਕਣ ‘ਤੇ ਲੋਕ ਔਨਲਾਈਨ ਵੈਬਸਾਈਟਾਂ ਰਾਹੀਂ ਸਾਮਾਨ ਮੰਗਵਾਉਂਦੇ ਹਨ। ਲੋਕ ਆਨਲਾਈਨ ਸ਼ੌਪਿੰਗ ਵੈੱਬਸਾਈਟਾਂ ’ਤੇ ਹਵਾ ਸਾਫ਼ ਕਰਨ ਵਾਲੇ ਉਪਕਰਣ ਮੰਗਵਾਉਂਦੇ ਹਨ। ਭਾਰਤ ਵਿੱਚ ਮਹਿੰਗੇ ਉਪਕਰਨਾਂ ਦੀ ਵਿਕਰੀ ਵਧੀ ਹੈ।
ਰਿਪੋਰਟਾਂ ਮੁਤਾਬਿਕ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਸਮੇਤ ਹੋਰ ਸਰਕਾਰੀ ਦਫ਼ਤਰਾਂ ਵਿੱਚ ਲਾਉਣ ਲਈ 140 ਅਜਿਹੇ ਉਪਕਰਣ ਖਰੀਦੇ ਹਨ। ਲੋਕਾਂ ਨੇ ਘਰਾਂ ਅੰਦਰ ਹਵਾ ਸਾਫ ਕਰਨ ਲਈ ਘੀ ਕੁਆਰ, ਸਪਾਈਡਰ ਪਲਾਂਟ ਅਤੇ ਸਨੇਕ ਪਲਾਂਟ ਵੀ ਰੱਖਣੇ ਸ਼ੁਰੂ ਕਰ ਦਿੱਤੇ ਹਨ। ਪ੍ਰਦੂਸ਼ਣ ਤੋਂ ਬਚਣ ਲਈ ਲੋਕਾਂ ਨੇ ਘਰੇਲੂ ਨੁਸਖੇ ਵੀ ਵਰਤਣੇ ਸ਼ੁਰੂ ਕਰ ਦਿੱਤੇ ਹਨ। ਦੱਸਣਯੋਗ ਇਹ ਵੀ ਹੈ ਕਿ ਫੈਲ ਰਹੇ ਇਸ ਧੂੰਏ ਕਾਰਨ ਕਈ ਥਾਂਈ ਵੱਡੀਆਂ ਦੁਰਘਟਨਾਵਾਂ ਵੀ ਵਾਪਰੀਆਂ ਹਨ।
ਅਵਤਾਰ ਸਿੰਘ
ਸੀਨੀਅਰ ਪੱਤਰਕਾਰ