ਚੰਡੀਗੜ੍ਹ: ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਫੋਟੋ ਦੇ ਨਾਲ ਅਣਪਛਾਤੇ ਵਿਅਕਤੀਆਂ ਨੇ ਇਤਰਾਜ਼ਯੋਗ ਇਸ਼ਤਿਹਾਰ ਦੀ ਤਸਵੀਰ ਪੋਸਟ ਕੀਤੀ ਹੈ। ਇਸ ਦੀ ਜਾਣਕਾਰੀ ਮਿਲਣ ਦੇ ਬਾਅਦ ਬਾਜਵਾ ਨੇ ਚੰਡੀਗੜ੍ਹ ਸੈਕਟਰ-17 ਵਿਚ ਐੱਫਆਈਆਰ ਦਰਜ ਕਰਾਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ।
ਪੁਲਿਸ ਸ਼ਿਕਾਇਤ ਮਿਲਣ ਦੇ ਬਾਅਦ ਪੋਸਟ ਨੂੰ ਪਾਉਣ ਵਾਲੇ ਆਈਪੀ ਅਡ੍ਰੈਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਇਹ ਮਾਮਲਾ ਆਈਟੀ ਐਕਟ ਦੀ ਧਾਰਾ 419, 469, 500 ਅਤੇ ਧਾਰਾ 66 ਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਵਿੱਚ ਕਿਸੇ ਦੀ ਪਛਾਣ ਦੀ ਵਰਤੋਂ ਕਰਨਾ, ਜਾਅਲਸਾਜ਼ੀ, ਮਾਣਹਾਨੀ ਵਰਗੇ ਅਪਰਾਧ ਸ਼ਾਮਿਲ ਹਨ।
ਮਿਲੀ ਜਾਣਕਾਰੀ ਅਨੁਸਾਰ ਫੇਸਬੁੱਕ ‘ਤੇ ਜਾਰੀ ਕੀਤੀ ਗਈ ਪੋਸਟ ਨੂੰ ਹਟਾ ਦਿੱਤਾ ਗਿਆ ਹੈ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਡਿਲੀਟ ਕੀਤੀ ਪੋਸਟ ਦੀ ਤਕਨੀਕੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਪੁਲਿਸ ਇਸ ਪੋਸਟ ਅਤੇ ਫੇਸਬੁੱਕ ਅਕਾਊਂਟ ਦੇ ਸਰੋਤ ਦੀ ਵੀ ਜਾਂਚ ਕਰ ਰਹੀ ਹੈ।