ਕੱਵਾਲੀ ਤੇ ਸੂਫ਼ੀ ਸੰਗੀਤ ਦਾ ਸ਼ਹਿਨਸ਼ਾਹ : ਨੁਸਰਤ ਫ਼ਤਿਹ ਅਲੀ ਖ਼ਾਂ…ਅੱਖੀਆਂ ਉਡੀਕਦੀਆਂ ਦਿਲ ਵਾਜਾਂ ਮਾਰਦਾ

TeamGlobalPunjab
7 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਿਸੇ ਹੁਨਰ ਦਾ ਰੱਬ ਬਣਨ ਲਈ ਇੱਕ ਜ਼ਿੰਦਗੀ ਵੀ ਥੋੜ੍ਹੀ ਹੁੰਦੀ ਹੈ ਪਰ ਫਿਰ ਵੀ ਇਸ ਜਹਾਨ ਵਿੱਚ ਕੁਝ ਐਸੇ ਲੋਕ ਵੀ ਜਨਮ ਲੈਂਦੇ ਹਨ ਜੋ ਆਪਣੇ ਹੁਨਰ ਤੇ ਆਪਣੀ ਕਲਾ ਨੂੰ ਇਬਾਦਤ ਦਾ ਦਰਜਾ ਦੇ ਕੇ ਇਸ ਕਦਰ ਸ਼ਿੱਦਤ ਨਾਲ ਸਾਂਭਦੇ, ਸੁਆਰਦੇ ਤੇ ਪਿਆਰਦੇ ਹਨ ਕਿ ਪ੍ਰਪੱਕਤਾ ਦੀ ਟੀਸੀ ‘ਤੇ ਜਾ ਪੁੱਜਦੇ ਹਨ ਤੇ ਉਸਤਾਦ ਨੁਸਰਤ ਫ਼ਤਿਹ ਅਲੀ ਖ਼ਾਂ ਅਜਿਹੀ ਹੀ ਇੱਕ ਮਾਇਆਨਾਜ਼ ਹਸਤੀ ਸੀ। ਉਹ ਜੰਮਿਆ ਬੇਸ਼ੱਕ ਪਾਕਿਸਤਾਨ ‘ਚ ਸੀ ਪਰ ਹੱਦਾਂ-ਸਰਹੱਦਾਂ ਦੀਆਂ ਵਲਗਣਾਂ ਤੋਂ ਪਾਰ ਨਿਕਲ ਜਾਣ ਵਾਲੇ ਸੰਗੀਤ ਦਾ ਲੜ ਫੜ੍ਹ ਕੇ ਉਹ ਕੁੱਲ ਦੁਨੀਆ ਦਾ ਮਹਿਬੂਬ ਗਵੱਈਆ ਹੋ ਨਿੱਬੜਿਆ ਸੀ। ਉਹ ਕੇਵਲ 49 ਕੁ ਵਰ੍ਹੇ ਜੀਵਿਆ ਸੀ ਪਰ ਆਪਣੇ ਮਨਮੋਹਕ ਤੇ ਯਾਦਗਾਰੀ ਗੀਤਾਂ, ਕੱਵਾਲੀਆਂ ਤੇ ਸਰਗਮਾਂ ਸਦਕਾ ਸਦਾ ਹੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਜ਼ਿੰਦਾ ਹੈ ਤੇ ਜ਼ਿੰਦਾ ਰਹੇਗਾ।

ਸੰਗੀਤ ਦੀ ਪਟਿਆਲਾ ਘਰਾਣਾ ਸ਼ੈਲੀ ਨਾਲ ਸਬੰਧ ਰੱਖਣ ਵਾਲੇ ਨੁਸਰਤ ਦੇ ਵੱਡ-ਵਡੇਰੇ ਛੇ ਸਦੀਆਂ ਤੋਂ ਸੰਗੀਤ ਦੀ ਘਾਲਣਾ ਘਾਲਦੇ ਆਏ ਸਨ ਤੇ ਸੰਗੀਤ ਉਸਦੀ ਰਗ੍ਰ ਰਗ਼ ਤੇ ਉਸਦੇ ਸਾਹ ਸਾਹ ਵਿੱਚ ਵੱਸਿਆ ਹੋਇਆ ਸੀ। ਉਹ ਕਈ ਘੰਟਿਆਂ ਤੱਕ ਬਿਨਾ ਰੁਕੇ ਗਾ ਸਕਦਾ ਸੀ ਤੇ ਉਹ ਵੀ ਉੱਚੇ ਤੋਂ ਉਚੇ ਸੁਰ ਲਗਾ ਕੇ। ਉਸਦੀਆਂ ਸਰਗਮਾਂ ਨੂੰ ਪਕੜ ਪਾਉਣਾ ਅੱਜ ਵੀ ਵੱਡੇ ਵੱਡੇ ਗਵੱਈਆਂ ਦੇ ਵੱਸ ਦੀ ਗੱਲ ਨਹੀਂ ਹੈ। ਉਸ ਦੀ ਲਾਮਿਸਾਲ ਸੰਗੀਤ ਕਲਾ ਸਦਕਾ ਹੀ ਉਸਨੂੰ ‘ ਸ਼ਹਿਨਸ਼ਾਹ-ਏ-ਕੱਵਾਲੀ ‘ ਦਾ ਲਕਬ ਦਿੱਤਾ ਗਿਆ ਸੀ ਤੇ ਉਹ ਇਸ ਲਕਬ ਦਾ ਪੂਰਾ ਪੂਰਾ ਹੱਕਦਾਰ ਸੀ।

ਪਾਕਿਸਤਾਨ ਦੇ ਨਾਮਵਰ ਕੱਵਾਲ ਜਨਾਬ ਫ਼ਤਿਹ ਅਲੀ ਖ਼ਾਂ ਸਾਹਿਬ ਦੇ ਘਰ ਨੁਸਰਤ ਦਾ ਜਨਮ 13 ਅਕਤੂਬਰ,1948 ਨੂੰ ਹੋਇਆ ਸੀ। ਚਾਰ ਭੈਣਾਂ ਅਤੇ ਫ਼ਾਰੂਖ਼ ਫ਼ਤਿਹ ਅਲੀ ਦੇ ਵੀਰ ਨੁਸਰਤ ਦਾ ਨਾਂ ਉਸਦੇ ਮਾਪਿਆਂ ਨੇ ‘ ਪਰਵੇਜ਼ ‘ ਰੱਖਿਆ ਸੀ ਤੇ ਨਿੱਕੀ ਉਮਰੇ ਜਦੋਂ ਉਹ ਆਪਣੇ ਪਰਿਵਾਰ ਨਾਲ ਸੂਫ਼ੀ ਸੰਤ ਗ਼ੁਲਾਮ ਗੌਸ ਸੰਦਾਨੀ ਦੇ ਰੂਬਰੂ ਹੋਇਆ ਤਾਂ ਉਨ੍ਹਾ ਫ਼ੁਰਮਾਇਆ-”ਇਹ ਬੜਾ ਹੋਣਹਾਰ ਬੱਚਾ ਏ .. ..ਇਸਦਾ ਨਾਂ ਨੁਸਰਤ ਰੱਖ ਦਿਉ.. ..ਇਹ ਬਹੁਤ ਵੱਡਾ ਗਵੱਈਆ ਬਣੇਗਾ।” ਉਸ ਸੰਤ ਦੇ ਕਹੇ ਬੋਲ ਅੱਖਰ ਅੱਖਰ ਪੁੱਗੇ ਸਨ ਤੇ ਉਹ ਸਚਮੁੱਚ ਹੀ ਵੱਡਾ ਗਵੱਈਆ ਬਣ ਕੇ ਹੀ ਇਸ ਜਹਾਨ ਤੋਂ ਰੁਖ਼ਸਤ ਹੋਇਆ ਸੀ।

- Advertisement -

ਨਿੱਕੀ ਉਮਰੇ ਹੀ ਨੁਸਰਤ ਨੇ ਆਪਣੇ ਅੱਬਾ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਆਪਣੇ ਅੱਬਾ ਦੇ ਨਾਲ ਨਾਲ ਵੱਡੇ ਵੱਡੇ ਗਵੱਈਆਂ ਦੀਆਂ ਬੰਦਿਸ਼ਾਂ ਬੜੀ ਰੂਹ ਨਾਲ ਸੁਣਦਾ ਅਤੇ ਉਨ੍ਹਾ ਨੂੰ ਆਪਣੇ ਧੁਰ ਅੰਦਰ ਤੱਕ ਉਤਾਰ ਲੈਂਦਾ। ਉਹ ਕੇਵਲ ਸੋਲ੍ਹਾਂ ਸਾਲ ਦਾ ਸੀ ਜਦੋਂ ਉਸਦੇ ਅੱਬਾ ਦਾ ਦੇਹਾਂਤ ਹੋ ਗਿਆ। ਉਸਦੇ ਕੁਝ ਜਾਣਕਾਰ ਉਸਦੀ ਬਰੀਕ ਆਵਾਜ਼ ਕਰਕੇ ਉਸਨੂੰ ਚਿੜਾਉਂਦੇ ਸਨ ਜਿਸ ਨਾਲ ਉਸਦਾ ਦਿਲ ਬੜਾ ਦੁਖ਼ਦਾ ਪਰ ਉਸਨੇ ਹੌਸਲਾ ਨਾ ਹਾਰਿਆ ਤੇ ਆਪਣੇ ਰਿਸ਼ਤੇਦਾਰਾਂ ਜਨਾਬ ਮੁਬਾਰਕ ਅਲੀ ਤੇ ਸਲਾਮਤ ਅਲੀ ਤੋਂ ਸੰਗੀਤ ਦੀ ਦਾਤ ਹਾਸਿਲ ਕਰਨੀ ਤੇ ਰਿਆਜ਼ ਕਰਨਾ ਜਾਰੀ ਰੱਖਿਆ। ਉਸਨੇ ਪਹਿਲੀ ਵਾਰ ਜਦੋਂ ਲੋਕਾਂ ਸਾਹਮਣੇ ਗਾਇਆ ਸੀ ਉਸ ਦਿਨ ਉਸਦੇ ਅੱਬਾ ਦੇ ਚਾਲੀਵੇਂ ਦੀ ਰਸਮ ਅਦਾ ਹੋ ਰਹੀ ਸੀ। ਇਸ ਉਪਰੰਤ ਨਿੱਕੀਆਂ ਮਹਿਲਾਂ ਤੋਂ ਵੱਡੇ ਜਲਸਿਆਂ ਤੱਕ ਪੇਸ਼ਕਾਰੀ ਕਰਦਾ ਕਰਦਾ ਉਹ ਦੁਨੀਆਂ ਦੇ ਵੱਡੇ ਮੁਲਕਾਂ ਵਿੱਚ ਪ੍ਰੋਗਰਾਮ ਕਰਨ ਲੱਗ ਪਿਆ ਤੇ ਘਰ ਘਰ ਵਿੱਚ ਉਸਦਾ ਸੰਗੀਤ ਗੂੰਜਣ ਲੱਗ ਪਿਆ। ” ਹੱਕ ਅਲੀ ਅਲੀ ” ਨਾਮਕ ਉਸਦੀ ਸੰਗੀਤਕ ਰਚਨਾ ਨਾਲ ਉਹ ਦੁਨੀਆਂ ਭਰ ਵਿੱਚ ਮਕਬੂਲ ਹੋ ਗਿਆ ਸੀ ਤੇ ਆਪਣੇ ਤੀਹ ਸਾਲ ਦੇ ਗਾਇਕੀ ਦੇ ਕੈਰੀਅਰ ਵਿੱਚ ਸੰਗੀਤ ਪ੍ਰੇਮੀਆਂ ਦੀ ਝੋਲ੍ਹੀ ‘ਚ 125 ਬੇਸ਼ਕੀਮਤੀ ਤੇ ਪੁਰਸਰੂਰ ਸੰਗੀਤਕ ਐਲਬਮਾਂ ਪਾ ਕੇ ਉਸਨੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਆਪਣਾ ਨਾਂ ਦਰਜ ਕਰਾ ਲਿਆ ਸੀ।

ਦੁਨੀਆਂ ਦੇ ਚਾਲੀ ਤੋਂ ਵੱਧ ਮੁਲਕਾਂ ਵਿੱਚ ਉਸਨੇ ਸੰਗੀਤਕ ਮਹਿਫ਼ਲਾਂ ਸਜਾਈਆਂ ਸਨ ਤੇ ਗੋਰਿਆਂ ਨੂੰ ਵੀ ਵਜਦ ਵਿੱਚ ਆ ਕੇ ਝੂਮਣ ਲਾ ਦਿੱਤਾ ਸੀ। ਉਸਦੇ ਸੰਗੀਤ ਵਿੱਚ ਰਵਾਇਤੀ ਤੇ ਪੱਛਮੀ ਸੰਗੀਤ ਦਾ ਖ਼ੂਬਸੂਰਤ ਸੁਮੇਲ ਵੇਖਣ ਨੂੰ ਮਿਲਦਾ ਹੈ। ਬਾਲੀਵੁੱਡ ਵਿੱਚ ਉਸਨੇ ਕੋਈ ਬਹੁਤਾ ਸਮਾਂ ਕੰਮ ਨਹੀਂ ਕੀਤਾ ਸੀ ਪਰ ਜਿੰਨਾ ਕੁ ਵੀ ਕੀਤਾ ਸੀ ਉਹ ਬਾਕਮਾਲ ਤੇ ਲਾਮਿਸਾਲ ਸੀ। ਉਸਦੇ ਸੰਗੀਤ ਨਾਲ ਸਜੀਆਂ ਹਿੰਦੀ ਫ਼ਿਲਮਾਂ ‘ ਬੈਂਡਿਟ ਕੁਈਨ, ਕੱਚੇ ਧਾਗੇ, ਕਾਰਤੂਸ,ਦਿਲਲਗੀ,ਔਰ ਪਿਆਰ ਹੋ ਗਿਆ ਅਤੇ ਧੜਕਨ ‘ ਸਨ ਤੇ ਇਨ੍ਹਾ ਫ਼ਿਲਮਾਂ ਵਿੱਚ ਉਸਦੇ ਸੰਗੀਤਬੱਧ ਕੀਤੇ- ” ਖ਼ਾਲੀ ਦਿਲ ਨਹੀਉਂ ਜਾਨ ਵੀ ਹੈ ਮੰਗਦਾ, ਉਸ ਸ਼ਾਨੇ ਕਰਮ ਕਾ ਹੈ ਸਦਕਾ ਜਹਾਂ ਮਨ ਕੀ ਮੁਰਾਦੇਂ ਪਾਤੇ ਹੈਂ ਅਤੇ ਦੁਲਹੇ ਕਾ ਸਿਹਰਾ ਸੁਹਾਨਾ ਲਗਤਾ ਹੈ ” ਆਦਿ ਗੀਤਾਂ ਤੋਂ ਇਲਾਵਾ ਗ਼ੈਰ-ਫ਼ਿਲਮੀ ਰਚਨਾਵਾਂ-” ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ, ਅੱਖੀਆਂ ਉਡੀਕਦੀਆਂ ਦਿਲ ਵਾਜਾਂ ਮਾਰਦਾ,ਯਾਦਾਂ ਵਿੱਛੜੇ ਸੱਜਣ ਦੀਆਂ ਆਈਆਂ ,ਕਿਸੇ ਦਾ ਯਾਰ ਨਾ ਵਿੱਛੜੇ ਅਤੇ ਉੱਥੇ ਅਮਲਾਂ ‘ਤੇ ਹੋਣੇ ਨੇ ਨਬੇੜੇ ” ਅੱਜ ਵੀ ਹਰੇਕ ਸਰੋਤੇ ਤੇ ਸੰਗੀਤ ਪ੍ਰੇਮੀ ਦੇ ਚੇਤਿਆਂ ਵਿੱਚ ਬੜੀ ਨਫ਼ਾਸਤ ਨਾਲ ਸਾਂਭੇ ਪਏ ਹਨ।

ਜਲੰਧਰ ਦੇ ਬਸਤੀ ਸ਼ੇਖਾਂ ਇਲਾਕੇ ‘ਚ ਸਥਿਤ ਆਪਣੇ ਜੱਦੀ ਘਰ ਦੀ ਗੱਲ ਕਰਦਿਆਂ ਉਹ ਅਕਸਰ ਜਜ਼ਬਾਤੀ ਹੋ ਜਾਂਦਾ ਤੇ ਆਖ਼ਦਾ- ” ਮੇਰੀ ਅੰਮੀ ਆਪਣੇ ਘਰ ਦੀ ਇੱਕ ਇੱਕ ਇੱਟ ਨੂੰ ਯਾਦ ਕਰਕੇ ਹਉਕੇ ਭਰਦੀ ਹੁੰਦੀ ਸੀ .. ਸਾਡੇ ਸਿਆਸੀ ਤੇ ਮਜ਼ਹਬੀ ਆਗੂਆਂ ਨੇ ਆਪਣੇ ਨਿਜੀ ਮੁਫ਼ਾਦਾਂ ਖ਼ਾਤਿਰ ਮੁਲਕ ਵੰਡ ਦਿੱਤਾ ਸੀ.. ਮੁਲਕ ਵੰਡ ਨੇ ਸਾਡੇ ਵੱਡ-ਵਡੇਰਿਆਂ ਦੇ ਜਿਸਮਾਂ ਨੂੰ ਚਾਹੇ ਉਨ੍ਹਾ ਦੀ ਇਸ ਜੰਮਣ ਭੌਇੰ ਤੋਂ ਦੂਰ ਕਰ ਦਿੱਤਾ ਸੀ ਪਰ ਉਨ੍ਹਾ ਦੀਆਂ ਰੂਹਾਂ ਵਿੱਚ ਵੱਸੇ ਸ਼ਹਿਰ ਨੂੰ ਭਲਾ ਕੋਈ ਕਿਵੇਂ ਦੂਰ ਕਰ ਸਕਦਾ ਸੀ।”

ਜਾਪਾਨ, ਪੈਰਿਸ, ਲੰਦਨ, ਅਮਰੀਕਾ, ਫ਼ਰਾਂਸ, ਇਟਲੀ, ਬੈਲਜੀਅਮ ਸਣੇ ਕਈ ਮੁਲਕਾਂ ਵਿੱਚ ਆਪਣੇ ਸੁਰੀਲੇ ਸੰਗੀਤ ਦੀ ਮਹਿਕ ਬਿਖੇਰਨ ਵਾਲੇ ਇਸ ਮਹਾਨ ਫ਼ਨਕਾਰ ਨੇ ਦੁਨੀਆਂ ਦੀਆਂ ਨਾਮਵਰ ਸੰਗੀਤਕ ਹਸਤੀਆਂ ਪੀਟਰ ਗੈਬਰੀਅਲ,ਮਾਈਕਲ ਬਰੁੱਕਸ,ਏ.ਆਰ.ਰਹਿਮਾਨ ਆਦਿ ਨਾਲ ਮਿਲ ਕੇ ਲਾਜਵਾਬ ਸੰਗੀਤਕ ਸਿਰਜਣਾਵਾਂ ਕੀਤੀਆਂ ਸਨ। ਉਸਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਦਿੱਤੇ ਗਏ ‘ਪ੍ਰਾਈਡ ਆਫ਼ ਪਰਫ਼ਾਰਮੈਂਸ ਐਵਾਰਡ’ ਤੋਂ ਇਲਾਵਾ ਯੂਨੈਸਕੋ ਮਿਊਜ਼ਿਕ ਪ੍ਰਾਈਜ਼, ਗ੍ਰੈਂਡ ਪ੍ਰਿਕਸ ਪ੍ਰਾਈਜ਼,ਏਸ਼ੀਅਨ ਕਲਚਰਲ ਪ੍ਰਾਈਜ਼ ਜਿਹੇ ਕੌਮਾਂਤਰੀ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਬੜੀ ਦਿਲਚਸਪ ਗੱਲ ਹੈ ਕਿ ਜਪਾਨ ਦੇ ਲੋਕ ਉਸਨੂੰ ‘ ਸਿੰਗਿੰਗ ਬੁੱਧਾ ‘ ਦੇ ਨਾਂ ਨਾਲ ਅੱਜ ਵੀ ਯਾਦ ਕਰਦੇ ਹਨ।

ਨੁਸਰਤ ਫ਼ਤਿਹ ਅਲੀ ਖ਼ਾਂ ਦਾ ਵਜ਼ਨ 135 ਕਿੱਲੋ ਦੇ ਕਰੀਬ ਹੋ ਗਿਆ ਸੀ ਤੇ ਜਿਗਰ ਤੇ ਗੁਰਦਿਆਂ ਦੇ ਰੋਗਾਂ ਨੇ ਉਸਨੂੰ ਘੇਰ ਰੱਖਿਆ ਸੀ। ਸਿਹਤ ਵਿਗੜਦੀ ਗਈ ਪਰ ਉਸਨੇ ਸੰਗੀਤ ਦੀ ਸਾਧਨਾ ਨਾ ਛੱਡੀ। ਅਖ਼ੀਰ 16 ਅਗਸਤ,1997 ਨੂੰ ਲੰਦਨ ਦੇ ਕ੍ਰੌਮਵੈੱਲ ਹਸਪਤਾਲ ਵਿੱਚ ਇਲਾਜ ਦੌਰਾਨ ਉਹ ਆਪਣੇ ਕਰੋੜਾਂ ਪ੍ਰਸ਼ੰਸ਼ਕਾਂ ਨੂੰ ਰੋਂਦਾ-ਕੁਰਲਾਉਂਦਾ ਛੱਡ ਕੇ ਇਸ ਫ਼ਾਨੀ ਜਹਾਨ ਤੋਂ ਰੁਖ਼ਸਤ ਹੋ ਗਿਆ ਸੀ। ਪਰ ਅਸਲੀਅਤ ਇਹ ਹੈ ਕਿ ਆਪਣੇ ਨਾਯਾਬ ਸੰਗੀਤ ਦੀ ਬਦੌਲਤ ਅੱਜ ਵੀ ਉਹ ਹਰ ਸੰਗੀਤ ਪ੍ਰੇਮੀ ਦੇ ਦਿਲਾਂ ਵਿੱਚ ਜ਼ਿੰਦਾ ਹੈ ਤੇ ਸਦਾ ਹੀ ਜ਼ਿੰਦਾ ਰਹੇਗਾ।

- Advertisement -

ਸੰਪਰਕ : 97816-46008

Share this Article
Leave a comment